ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਬਦਲੀ ਜਾ ਰਹੀ ਨੁਹਾਰ : ਹਰਮੰਦਰ ਸਿੰਘ ਬਰਾੜ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ 2025 : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਰਮੰਦਰ ਸਿੰਘ ਬਰਾੜ ਕੋਆਰਡੀਨੇਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਮਾਲਵਾ ਵੈਸਟ ਵੱਲੋਂ ਸਰਕਾਰੀ ਹਾਈ ਸਕੂਲ ਬੰਬੀਹਾ, ਸਰਕਾਰੀ ਪ੍ਰਾਇਮਰੀ ਸਕੂਲ ਰਾਏ ਕੇ ਖੁਰਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੰਡੀਆਂ ’ਚ ਕਰਵਾਏ ਗਏ ਸਿੱਖਿਆ ਕ੍ਰਾਂਤੀ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ ਗਿਆ।
ਇਸ ਮੌਕੇ ਸ. ਹਰਮੰਦਰ ਸਿੰਘ ਬਰਾੜ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਮਦਦਗਾਰ ਸਾਬਿਤ ਹੋ ਰਹੀ ਹੈ ਤੇ ਸਕੂਲਾਂ ਵਿੱਚ ਸਹੂਲਤਾਂ ਮਿਲਣ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਵੇਗਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕਤਾ ਨਾਲ ਭਰਪੂਰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਦੌਰਾਨ ਉਨ੍ਹਾਂ ਵਲੋਂ ਸਰਕਾਰੀ ਹਾਈ ਸਕੂਲ ਬੰਬੀਹਾ, ਸਰਕਾਰੀ ਪ੍ਰਾਇਮਰੀ ਸਕੂਲ ਰਾਏ ਕੇ ਖੁਰਦ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੰਡੀਆਂ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ ਗਏ।
ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਪਿੰਡ ਦੇ ਪਤਵੰਤੇ ਆਦਿ ਹਾਜ਼ਰ ਸਨ।