ਸੀਪੀਆਈ (ਐੱਮ ਐੱਲ) ਨਿਊ ਡੈਮੋਕਰੇਸੀ ਵਲੋਂ ਪੰਜਾਬ ਭਰ 'ਚ ਪ੍ਰਦਰਸ਼ਨ
- ਪਹਿਲਗਾਮ ਕਤਲੇਆਮ ਚ ਜਾਨਾਂ ਗੁਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ
- ਘਟਨਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਕੀਤੀ ਜਾਵੇ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 28 ਅਪ੍ਰੈਲ, 2025: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ ਤਹਿਤ ਕਪੂਰਥਲਾ, ਜਲੰਧਰ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ ਤੋਂ ਇਲਾਵਾ ਮੋਗਾ, ਲੁਧਿਆਣਾ, ਫ਼ਰੀਦਕੋਟ, ਮੁਕਤਸਰ , ਸੰਗਰੂਰ, ਪਟਿਆਲਾ, ਰੋਪੜ ਸਮੇਤ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੀ ਇਕੱਠ ਕਰਕੇ ਕਸ਼ਮੀਰ ਦੇ ਪਹਿਲਗਾਮ ਕਤਲੇਆਮ 'ਚ ਅੱਤਵਾਦੀ ਹਮਲੇ 'ਚ ਜਾਨਾਂ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਪ੍ਰਦਰਸ਼ਨ ਕੀਤੇ ਗਏ ਅਤੇ ਪਹਿਲਗਾਮ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾ ਕੇ ਇਸ ਪਿੱਛੇ ਦੀ ਸਾਜ਼ਿਸ਼ ਅਤੇ ਕਾਰਨਾਂ ਦਾ ਪਤਾ ਲਗਾ ਕੇ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰੀ ਸਰਕਾਰ ਵਲੋਂ ਜਦੋਂ ਦੇਸ਼ ਦੀ ਫੌਜ ਦਾ ਸਭ ਤੋਂ ਵੱਡਾ ਹਿੱਸਾ ਜੰਮੂ ਕਸ਼ਮੀਰ ਲਾਇਆ ਹੋਇਆ, ਚੱਪੇ ਚੱਪੇ 'ਤੇ ਫੌਜ ਤਾਇਨਾਤ ਹੋਵੇ ਫਿਰ ਵੀ ਇੰਨ੍ਹਾਂ ਵੱਡਾ ਅੱਤਵਾਦੀ ਹਮਲਾ ਹੋ ਜਾਵੇ, ਉਹ ਵੀ ਉਸ ਜਗ੍ਹਾ 'ਤੇ ਜਿੱਥੇ ਦੇਸ਼ ਅਤੇ ਦੁਨੀਆਂ ਭਰ ਦੇ ਯਾਤਰੀ ਘੁੰਮਣ ਲਈ ਆਉਂਦੇ ਹੋਣ ਤਾਂ ਇਹ ਹਮਲਾ ਹੋ ਜਾਣਾ ਸੁਰੱਖਿਆ ਦੇ ਮਾਮਲੇ 'ਚ ਬਹੁਤ ਵੱਡੀਆਂ ਊਣਤਾਈਆਂ ਹੋਣ ਦਾ ਸਵਾਲ ਖੜ੍ਹਾ ਕਰਦਾ ਹੈ। ਦੂਜਾ ਗੋਦੀ ਮੀਡੀਆ ਲਗਾਤਾਰ ਹਿੰਦੂ ਮੁਸਲਮਾਨ ਦਾ ਮਾਮਲਾ ਬਣਾਉਣ ਲਈ ਅੱਗ ਉਗਲ ਰਿਹਾ ਹੈ। ਜਿਸ ਦੀ ਜ਼ੋਰਦਾਰ ਨਿਖੇਧੀ ਕਰਨੀ ਬਣਦੀ ਹੈ। ਕਿਉਂਕਿ ਅਜਿਹੀ ਨਫਰਤ ਭਰੀਆਂ ਤਕਰੀਰਾਂ ਕਾਰਨ ਦੇਸ਼ ਅੰਦਰ ਕਸ਼ਮੀਰੀ ਵਿਦਿਆਰਥੀਆਂ ਤੇ ਮੁਸਲਮਾਨ ਲੋਕਾਂ 'ਤੇ ਹਮਲੇ ਵਧ ਗਏ ਹਨ। ਇਹਨਾਂ ਹਮਲਿਆਂ ਨੂੰ ਰੋਕਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ।
ਇਸ ਮੌਕੇ ਪਾਰਟੀ ਨੇ ਮੰਗ ਕੀਤੀ ਕਿ ਭਾਰਤ ਪਾਕਿਸਤਾਨ ਦਰਮਿਆਨ ਬਣਾਇਆ ਜਾ ਰਿਹਾ ਜੰਗੀ ਮਾਹੌਲ ਖਤਮ ਕੀਤਾ ਜਾਵੇ ਅਤੇ ਆਪਸੀ ਗੱਲਬਾਤ ਸ਼ੁਰੂ ਕੀਤੀ ਜਾਵੇ, ਜੰਮੂ ਕਸ਼ਮੀਰ ਦੇ ਮਸਲੇ ਦਾ ਫੌਜੀ ਹੱਲ ਕਰਨ ਦੀ ਥਾਂ ਸਿਆਸੀ ਹੱਲ ਕੀਤਾ ਜਾਵੇ, ਪਹਿਲਗਾਮ ਵਿੱਚ ਵਾਪਰੀ ਘਟਨਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਕੀਤੀ ਜਾਵੇ, ਭਾਰਤ ਅਤੇ ਪਾਕਿਸਤਾਨ ਵਲੋਂ ਇੱਕ ਦੂਸਰੇ 'ਤੇ ਲਗਾਈਆਂ ਗਈਆਂ ਪਾਬੰਦੀਆਂ ਤੁਰੰਤ ਹਟਾਈਆਂ ਜਾਣ ਅਤੇ ਆਪਸੀ ਵਪਾਰ ਖੋਲਿਆ ਜਾਵੇ।
ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਾਰਟੀ ਵਲੋਂ ਕਸ਼ਮੀਰ ਦੇ ਪਹਿਲਗਾਮ ਕਤਲੇਆਮ 'ਚ ਅੱਤਵਾਦੀ ਹਮਲੇ ਚ ਜਾਨਾਂ ਗੁਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਬੀ.ਐੱਮ.ਸੀ. ਚੌਂਕ ਤੱਕ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪਾਰਟੀ ਆਗੂ ਕਾਮਰੇਡ ਅਜਮੇਰ ਸਿੰਘ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਸ਼ਮੀਰ ਸਿੰਘ ਘੁੱਗਸ਼ੋਰ, ਹੰਸ ਰਾਜ ਪੱਬਵਾਂ ਆਦਿ ਨੇ ਵੀ ਸੰਬੋਧਨ ਕੀਤਾ।