"ਦੇਸ਼ ਅਸਾਡਾ ਕਿਥੋਂ ਕਿਥੇ ਪਹੁੰਚ ਗਿਆ" ਵਿਸ਼ੇ 'ਤੇ ਸੈਮੀਨਾਰ
ਪ੍ਰਸਿੱਧ ਚਿੰਤਕ ਪੁੱਜਣਗੇ, ਸਤਨਾਮ ਮਾਣਕ ਕੁੰਜੀਵਤ ਭਾਸ਼ਣ ਦੇਣਗੇ।
ਗੁਰਮੀਤ ਪਲਾਹੀ
ਫਗਵਾੜਾ, 26 ਅਪ੍ਰੈਲ : ਦੇਸ਼ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਜਾਬ ਚੇਤਨਾ ਮੰਚ ਵੱਲੋਂ "ਦੇਸ਼ ਅਸਾਡਾ ਕਿਥੋਂ ਕਿਥੇ ਪਹੁੰਚ ਗਿਆ" ਵਿਸ਼ੇ 'ਤੇ ਇੱਕ ਮਹੱਤਵਪੂਰਨ ਸੈਮੀਨਾਰ 24 ਮਈ 2025 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕਰਵਾਉਣ ਦਾ ਫ਼ੈਸਲਾ ਮੰਚ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਮੰਚ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਜੱਥੇਬੰਦਕ ਸਕੱਤਰ ਗੁਰਮੀਤ ਸਿੰਘ ਪਲਾਹੀ, ਸਕੱਤਰ ਦੁਆਬਾ ਜ਼ੋਨ ਰਵਿੰਦਰ ਚੋਟ ਸ਼ਾਮਲ ਹੋਏ। ਇਹ ਸੈਮੀਨਾਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਜਾਏਗਾ ਅਤੇ ਪ੍ਰਸਿੱਧ ਚਿੰਤਕ ਆਸ਼ੂਤੋਸ਼ ਦਿੱਲੀ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਚਿੰਤਕ ਕਾਹਨ ਸਿੰਘ ਪੰਨੂ, ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਮੰਗਤ ਰਾਮ ਪਾਸਲਾ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਿਆ ਗਿਆ ਹੈ। ਉਪਰੋਕਤ ਵਿਸ਼ੇ 'ਤੇ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਕੁੰਜੀਵਤ ਭਾਸ਼ਨ ਨਾਲ ਸੈਮੀਨਾਰ ਦਾ ਆਰੰਭ ਕਰਨਗੇ।