ਨਾਵਲਕਾਰ ਜਸਵੀਰ ਮੰਡ ਨਾਲ ਰੂਬਰੂ: ਮਰਹੂਮ ਜਤਿੰਦਰਪ੍ਰੀਤ ਜੇਪੀ ਅਤੇ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ ਸਾਹਿਤਕ-ਸਮਾਰੋਹ
- ਸੀਬਾ ਸਕੂਲ 'ਚ ਸਾਹਿਤਕ-ਸਮਾਰੋਹ ਦਾ ਆਯੋਜਨ
ਦਲਜੀਤ ਕੌਰ
ਲਹਿਰਾਗਾਗਾ, 26 ਅਪ੍ਰੈਲ, 2025: 'ਪ੍ਰਤਿਭਾ ਨੂੰ ਜ਼ਿੰਦਾ ਰੱਖਣ ਲਈ ਨਿਰੰਤਰ ਸੰਘਰਸ਼, ਅਣਥੱਕ ਮਿਹਨਤ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ, ਨਹੀਂ ਤਾਂ ਇਹ ਧਰੀ ਧਰਾਈ ਰਹਿ ਜਾਂਦੀ ਹੈ। ਸਬਰ ਵਾਲ਼ੀ ਮਿਹਨਤ ਦੇ ਲੜ ਲੱਗਣ ਲਈ ਬੰਦੇ ਨੂੰ ਨਿੱਤ ਦਿਹਾੜੀ ਦੇ ਸਸਤੇ ਲੋਭ ਲਾਲਚਾਂ ਤੋਂ ਉੱਪਰ ਉੱਠਣਾ ਪੈਂਦਾ ਹੈ।' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚਰਚਿਤ ਨਾਵਲਕਾਰ ਜਸਵੀਰ ਮੰਡ ਨੇ ਸੀਬਾ ਇੰਟਰਨੈਸ਼ਨਲ ਪਬਲਿਕ, ਸਕੂਲ ਲਹਿਰਾਗਾਗਾ ਵਿਖੇ ਹੋਏ ਰੂਬਰੂ ਦੌਰਾਨ ਕੀਤਾ।
ਮਰਹੂਮ ਜਤਿੰਦਰਪ੍ਰੀਤ ਜੇਪੀ ਅਤੇ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ ਕੀਤੇ ਇਸ ਸਾਹਿਤਕ-ਸਮਾਰੋਹ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕੇ ਦੇ ਸਾਹਿਤ-ਪ੍ਰੇਮੀਆਂ ਨਾਲ ਰੂਬਰੂ ਹੁੰਦਿਆਂ ਜਸਵੀਰ ਮੰਡ ਨੇ ਬਚਪਨ ਵਿੱਚ ਆਪਣੀ ਪੜ੍ਹਾਈ ਛੁਟ ਜਾਣ, ਖੇਤੀਬਾੜੀ, ਜਪਾਨ ਵਿਖੇ ਕਾਰੋਬਾਰ ਕਰਨ, ਨਾਵਲਾਂ ਦੀ ਸਿਰਜਣ ਪ੍ਰਕਿਰਿਆ ਅਤੇ ਸਾਹਿਤ ਦੇ ਮਨੁੱਖ ਨਾਲ ਰਿਸ਼ਤੇ ਬਾਰੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਦੁਨੀਆ ਦਾ ਹਰ ਵਿਅਕਤੀ ਵਿਲੱਖਣ ਹੈ ਅਤੇ ਕੋਈ ਨਾ ਕੋਈ ਹੁਨਰ ਰੱਖਦਾ ਹੈ। ਇਸ ਲਈ ਸਭ ਨੂੰ ਆਪਣੇ ਸਵੈ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਆਪਣੇ ਹੁਨਰ ਨੂੰ ਵਿਕਸਿਤ ਕਰਨਾ ਚਾਹੀਦਾ ਹੈ। ਉਹਨਾਂ ਆਪਣੇ ਨਾਵਲਾਂ ਬੋਲ ਮਰਦਾਨਿਆ, ਆਖਰੀ ਬਾਬੇ, ਖਾਜ, ਚੁਰਾਸੀ ਲੱਖ ਯਾਦਾਂ, ਆਖਰੀ ਪਿੰਡ ਦੀ ਕਥਾ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਪੜ੍ਹਨ ਅਤੇ ਲਿਖਣ ਲਈ ਪ੍ਰੇਰਿਆ।
ਇਸ ਮੌਕੇ ਮੈਡਮ ਅਮਨ ਢੀਂਡਸਾ ਅਤੇ ਡਾ. ਜਗਦੀਸ਼ ਪਾਪੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਰਣਦੀਪ ਸੰਗਤਪੁਰਾ ਨੇ ਬਾਖੂਬੀ ਕੀਤਾ। ਇਸ ਮੌਕੇ ਚਰਨ ਗਿੱਲ, ਬਲਰਾਮ ਭਾਅ ਜੀ, ਸੁਖਜਿੰਦਰ ਲਾਲੀ, ਧਰਮਾ ਹਰਿਆਊ, ਰਤਨਪਾਲ ਡੂਡੀਆਂ, ਰਣਜੀਤ ਲਹਿਰਾ, ਤਰਸੇਮ ਭੋਲੂ, ਮਨਪ੍ਰੀਤ ਕੌਰ, ਭਿੰਦਰ ਸਿੰਘ ਚੰਗਾਲੀਵਾਲਾ ਅਤੇ ਖੁਸ਼ਪ੍ਰੀਤ ਸਿੰਘ ਹਰੀਗੜ੍ਹ ਹਾਜ਼ਰ ਸਨ।