ਅਵਾਰਾ ਕੁੱਤਿਆਂ ਨੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਕੱਟਿਆ
ਸੁਖਮਿੰਦਰ ਭੰਗੂ
ਲੁਧਿਆਣਾ 26 ਅਪਰੈਲ 2025 - ਲੁਧਿਆਣਾ ਦੇ ਜਵਾਹਰ ਨਗਰ ਕੈਂਪ 'ਚ ਕੁੱਤਿਆਂ ਨੇ ਅੱਤ ਮਚਾ ਰੱਖੀ ਹੈ। ਸੜਕਾਂ 'ਤੇ ਘੁੰਮਦੇ ਕੁੱਤੇ ਰਾਹਗੀਰਾਂ ਨੂੰ ਵੱਢਦੇ ਰਹਿੰਦੇ ਹਨ। ਇਲਾਕੇ ਦੇ ਵਸਨੀਕਾਂ ਨੇ ਕੁੱਤਿਆਂ ਨੂੰ ਭਜਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਹੈ ਪਰ ਉਹ ਜਗਾ ਛੱਡ ਕੇ ਨਹੀਂ ਜਾ ਰਹੇ। ਲੋਕਾਂ ਦਾ ਕਹਿਣਾ ਹੈ ਕਿ ਕੁੱਤਿਆਂ ਕਾਰਨ ਇੱਥੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਜਵਾਹਰ ਨਗਰ ਕੈਂਪ ਨੇੜੇ ਹਸਪਤਾਲ 'ਚ ਰੋਜ਼ਾਨਾ 4-5 ਲੋਕ ਟੀਕੇ ਲਗਵਾਉਣ ਲਈ ਆ ਰਹੇ ਹਨ ।ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਵੀ ਡਰਦੇ ਹਨ ਅਤੇ ਉਹ ਖੁਦ ਆਪਣੇ ਘਰਾਂ ਤੱਕ ਸੀਮਤ ਹਨ।
ਬੀਤੇ ਦਿਨ ਮਨੀਸ਼ ਨਾਮ ਦੇ ਇੱਕ ਵਿਅਕਤੀ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ। ਉਹ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਘਰ ਲਈ ਰਾਸ਼ਨ ਲੈਣ ਲਈ ਦੁਕਾਨ 'ਤੇ ਜਾ ਰਿਹਾ ਸੀ ਕਿ ਅਚਾਨਕ ਇੱਕ ਕੁੱਤਾ ਉਸ ਵੱਲ ਬਹੁਤ ਤੇਜ਼ੀ ਨਾਲ ਆਇਆ। ਉਸ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਕੁੱਤੇ ਨੇ ਉਸ ਨੂੰ ਬਹੁਤ ਬੁਰੀ ਤਰਾਂ ਨਾਲ ਕੱਟਿਆ। ਇਲਾਕੇ ਦੇ ਵਸਨੀਕਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰ ਕੇ ਸਾਡੀਆਂ ਮੁਸ਼ਕਲਾਂ ਅਤੇ ਸਾਡੇ ਬੱਚਿਆਂ ਦੀ ਆਜ਼ਾਦੀ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਕੁੱਤਿਆਂ ਨੂੰ ਫੜਨ ਦਾ ਪ੍ਰਬੰਧ ਕੀਤਾ ਜਾਵੇ ।