ਐਸਐਸਪੀ ਨੇ ਕਸ਼ਮੀਰੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਵਿਦਿਆਰਥੀ ਕਹਿੰਦੇ ਅਸੀਂ ਪੰਜਾਬੀਆਂ ਵਿੱਚ ਕਿਸੇ ਤਰ੍ਹਾਂ ਦੀ ਅਸੁਰੱਖਿਆ ਨਹੀਂ ਕਰਦੇ ਮਹਿਸੂਸ
ਰੋਹਿਤ ਗੁਪਤਾ
ਗੁਰਦਾਸਪੁਰ , 26 ਅਪ੍ਰੈਲ 2025 :
ਪਹਿਲਗਾਮ ਦੀ ਅੱਤਵਾਦੀ ਘਟਨਾ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਰੋਸ਼ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੰਜਾਬ ਵਿੱਚ ਰਹਿ ਰਹੇ ਕਸ਼ਮੀਰੀਆਂ ਨਾਲ ਮਾਰ ਕੁੱਟਾਈ ਅਤੇ ਦੁਰਵਿਹਾਰ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਐਸ ਐਸ ਪੀ ਗੁਰਦਾਸਪੁਰ ਆਦਿੱਤਿਆ ਗੁਰਦਾਸਪੁਰ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਮਿਲਣ ਲਈ ਸ਼ਹਿਰ ਦੇ ਇੱਕ ਪ੍ਰਮੁੱਖ ਨਿਜੀ ਵਿਦਿਅਕ ਅਦਾਰੇ ਵਿਖੇ ਗਏ ਅਤੇ ਉੱਥੇ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਐਸਐਸਪੀ ਨੇ ਕਿਹਾ ਕਿ ਦੂਸਰੇ ਰਾਜਿਆਂ ਤੋਂ ਆਏ ਵਿਦਿਆਰਥੀਆਂ ਨੂੰ ਕਿਸੇ ਵੀ ਤਰਹਾਂ ਨਾਲ ਡਰਨ ਦੀ ਲੋੜ ਨਹੀਂ ਹੈ। ਉਹਨਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਜਿਲਾ ਪੁਲਿਸ ਅਤੇ ਪ੍ਰਸ਼ਾਸਨ ਦੀ ਹੈ ਕਿਸੇ ਵੀ ਅਫਵਾਹ ਵੱਲ ਵਿਦਿਆਰਥੀ ਧਿਆਨ ਨਾ ਦੇਣ ਅਤੇ ਜੇਕਰ ਕਿਸੇ ਵੀ ਵਿਦਿਆਰਥੀ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸਿੱਧਾ ਅਧਿਕਾਰੀਆਂ ਨਾਲ ਜਾਂ ਪੁਲਿਸ ਕੰਟਰੋਲ ਰੂਮ ਤੇ ਸੰਪਰਕ ਕਰ ਸਕਦਾ ਹੈ । ਉੱਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਕਿਸੇ ਤਰ੍ਹਾਂ ਦੀ ਆਵਾਜ਼ ਬੁਲਾਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ।ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦੀ ਇਲਾਕੇ ਦੀ ਸੁਰੱਖਿਆ ਵਧਾਈ ਗਈ ਹੈ। ਹਰ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਉੱਥੇ ਹੀ ਇਸੇ ਨਿਜੀ ਸੰਸਥਾ ਵਿੱਚ ਪੜਾਉਣ ਵਾਲੇ ਤਾਰਿਕ ਖਾਨ ਅਤੇ ਕਸ਼ਮੀਰੀ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਹੈ ਕਿ ਐਸ ਐਸ ਪੀ ਗੁਰਦਾਸਪੁਰ ਉਹਨਾਂ ਨੂੰ ਆਪ ਮਿਲਣ ਆਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਵਧੀਆ ਸੁਬਹਾ ਦੇ ਹਨ ਅਤੇ ਉਹਨਾਂ ਨੂੰ ਇੱਥੇ ਕਿਸੇ ਤਰ੍ਹਾਂ ਦੀ ਅਸੁਰੱਖਿਆ ਮਹਿਸੂਸ ਨਹੀਂ ਹੋ ਰਹੀ । ਕੁਝ ਲੋਕ ਰਾਜਨੀਤੀ ਕਾਰਨ ਗਲਤੀ ਕਰ ਸਕਦੇ ਹਨ ਪਰ ਗੁਰਦਾਸਪੁਰ ਦੇ ਲੋਕ ਸਾਨੂੰ ਹਰ ਤਰਹਾਂ ਨਾਲ ਸਪੋਰਟ ਕਰਦੇ ਹਨ।