ਗ੍ਰੰਥੀ ਸਿੰਘ ਤੇ ਉਸਦੀ ਮਾਂ ਦੀ ਕੁੱਟਮਾਰ, ਚਾਰ ਖਿਲਾਫ ਕੇਸ ਦਰਜ
ਗ੍ਰੰਥੀ ਸਿੰਘ ਦਾ ਵੱਡਾ ਆਰੋਪ, ਨਸ਼ਾ ਤਸਕਰੀ ਦੇ ਨਾਲ ਸੰਬੰਧਿਤ ਹਨ ਹਮਲਾਵਰ
ਗੁਰੂ ਘਰ ਚ ਗੱਡੀ ਖੜੀ ਕਰਨ ਤੋਂ ਰੋਕਿਆ ਤਾਂ ਭਖਿਆ ਵਿਵਾਦ
ਗ੍ਰੰਥੀ ਸਿੰਘ ਦੇ ਬਿਆਨਾਂ ਤੇ ਥਾਣਾ ਸੁਲਤਾਨਪੁਰ ਲੋਧੀ ਚ ਇੱਕ ਮਹਿਲਾ ਸਣੇ ਚਾਰ ਖਿਲਾਫ ਕੇਸ ਦਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਅਪ੍ਰੈਲ 2025 ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸੇਚਾਂ ਵਿਖੇ ਗੁਰੂ ਘਰ ਦੇ ਗ੍ਰੰਥੀ ਸਿੰਘ ਉੱਤੇ ਹਮਲਾ ਕਰ ਉਸ ਨਾਲ ਕੁੱਟਮਾਰ ਦੀ ਖਬਰ ਸਾਹਮਣੇ ਆਈ ਹੈ। ਗ੍ਰੰਥੀ ਸਿੰਘ ਦਾ ਆਰੋਪ ਹੈ ਕਿ ਹਮਲਾਵਰ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਗੱਡੀ ਨੂੰ ਗੁਰੂ ਘਰ ਵਿੱਚ ਖੜੀ ਕਰਨ ਤੋਂ ਮਨਾ ਕਰਨ ਤੇ ਉਸ ਉੱਤੇ ਹਮਲਾ ਕੀਤਾ ਗਿਆ ਹੈ। ਲਿਹਾਜ਼ਾ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਇੱਕ ਮਹਿਲਾ ਸਣੇ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਸਿਵਲ ਹਸਪਤਾਲ ਚ ਜੇਰੇ ਇਲਾਜ ਗ੍ਰੰਥੀ ਸਿੰਘ ਜੀਤ ਸਿੰਘ ਪੁੱਤਰ ਹਰਨੇਕ ਸਿੰਘ ਨਿਵਾਸੀ ਸੇਚਾਂ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਪਿੰਡ ਸੇਚਾਂ ਵਿਖੇ ਗ੍ਰੰਥੀ ਦੇ ਤੌਰ ਤੇ ਸੇਵਾ ਨਿਭਾ ਰਿਹਾ ਹਾਂ। ਬੀਤੇ ਦਿਨੀ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀ ਜੋ ਕਿ ਨਸ਼ੇ ਦਾ ਧੰਦਾ ਕਰਦੇ ਹਨ। ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਗੱਡੀ ਖੜੀ ਕਰਕੇ ਚਲੇ ਜਾਂਦੇ ਸਨ। ਜਿਨਾਂ ਨੂੰ ਮੈਂ ਕਿਹਾ ਕਿ ਉਹ ਗੱਡੀ ਇਥੇ ਨਾ ਖੜੀ ਕਰਿਆ ਕਰਨ ਤਾਂ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੈਨੂੰ ਜਖਮੀ ਵੀ ਕੀਤਾ ਗਿਆ। ਉਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਮੇਰੀ ਮਾਤਾ ਪ੍ਰੀਤਮ ਕੌਰ ਪਤਨੀ ਹਰਨੇਕ ਸਿੰਘ ਉਮਰ 75 ਸਾਲ ਮੈਨੂੰ ਛੁਡਾਉਣ ਲਈ ਵਿੱਚ ਆਈ ਤਾਂ ਉਹਨਾਂ ਨੇ ਮੇਰੀ ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਉਸ ਦੀ ਬਾਂਹ ਟੁੱਟ ਗਈ।
ਗ੍ਰੰਥੀ ਸਿੰਘ ਨੇ ਗੰਭੀਰ ਆਰੋਪ ਲਗਾਉਂਦਿਆਂ ਹੋਇਆ ਕਿਹਾ ਕਿ ਪਿੰਡ ਵਿੱਚ ਇਹ ਲੋਕ ਸ਼ਰੇਆਮ ਨਸ਼ੇ ਦਾ ਧੰਦਾ ਕਰਦੇ ਹਨ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਵੀ ਕਰਦੇ ਹਨ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।
ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਇੱਕ ਮਹਿਲਾ ਸਮੇਤ ਕੁੱਲ ਚਾਰ ਆਰੋਪੀਆਂ ਦੇ ਖਿਲਾਫ ਵੱਖੋ ਵੱਖ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।