ਡੀ.ਸੀ. ਲੁਧਿਆਣਾ ਵੱਲੋਂ ਮਹਾਂਵੀਰ ਜਯੰਤੀ ਦੇ ਮੌਕੇ 'ਤੇ ਮੀਟ, ਸ਼ਰਾਬ ਵੇਚਣ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ 7 ਅਪਰੈਲ 2025 - ਐਸ.ਐਸ. ਜੈਨ ਸਭਾ (ਰਜਿ) ਵੱਲੋਂ 10.ਅਪਰੈਲ ਨੂੰ ਮਹਾਂਵੀਰ ਜਯੰਤੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਅਹਿੰਸਾ ਦਿਵਸ ਵਜੋਂ ਮਨਾਇਆ ਜਾਣਾ ਹੈ। ਇਸ ਦਿਨ ਕਿਸੇ ਵੀ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਅਸੁੱਤ ਹੈ ਅਤੇ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ਼ ਫ਼ਾਇਦਾ ਉਠਾਇਆ ਜਾ ਸਕਦਾ ਹੈ।
ਧਾਰਮਿਕ ਸਦਭਾਵਨਾ ਬਣਾਏ ਰੱਖਣ ਅਤੇ ਆਮ ਜਨਤਾ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਹਿਮਾਂਸ਼ੂ ਜੈਨ, ਆਈ.ਏ.ਐਸ, ਜਿਲ੍ਹਾ ਮੈਜਿਸਟਰੇਟ, ਲੁਧਿਆਣਾ ਵੱਲੋ Bharatiya Nagarik Suraksha Sanhita, 2023 BNSS ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ ਕਿ ਮਿਤੀ 10 ਅਪਰੈਲ ਨੂੰ ਜਿਲ੍ਹਾ ਲੁਧਿਆਣਾ ਵਿੱਚ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ ਨਾਨ ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਉਕਤ ਮਾਮਲੇ ਦੀ ਤਤਪਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕਤਰਫ਼ਾ ਜਾਰੀ ਕੀਤਾ ਜਾਂਦਾ ਹੈ ਅਤੇ ਆਮ ਪਬਲਿਕ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਇਹ ਹੁਕਮ ਜਿਲ੍ਹਾ ਲੋਕ ਸੰਪਰਕ ਵਿਭਾਗ, ਲੁਧਿਆਣਾ ਵੱਲੋਂ ਪ੍ਰੈਸ ਮੀਡੀਆ ਰਾਹੀਂ ਵੀ ਇਸ ਦਾ ਪ੍ਰਚਾਰ ਕੀਤਾ ਜਾਵੇਗਾ। ਇਸ ਹੁਕਮ ਦੀਆਂ ਕਾਪੀਆਂ ਦਫ਼ਤਰ ਜਿਲ੍ਹਾ ਮੈਜਿਸਟਰੇਟ, ਜ਼ਿਲ੍ਹੇ ਦੇ ਉਪ ਮੰਡਲ ਮੈਜਿਸਟਰੇਟਾਂ, ਤਹਿਸੀਲਦਾਰਾਂ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ, ਮਾਰਕੀਟ ਕਮੇਟੀਆਂ, ਪੁਲਿਸ ਸਟੇਸ਼ਨਾਂ ਅਤੇ ਨਗਰ ਪਾਲਕਾਵਾਂ ਦੀਆਂ ਉੱਘੀਆਂ ਥਾਵਾਂ ਤੇ ਆਮ ਪਬਲਿਕ ਦੀ ਜਾਣਕਾਰੀ ਹਿੱਤ ਲਗਾਈਆਂ ਜਾਣਗੀਆਂ।