ਇੰਗਲੈਂਡ ਰਹਿੰਦੀ ਔਰਤ ਦੇ ਬੰਦ ਮਕਾਨ 'ਚ ਚੋਰਾਂ ਨੇ ਕੀਤੀ ਚੋਰੀ
ਦੀਪਕ ਜੈਨ
ਜਗਰਾਉਂ, 7 ਅਪ੍ਰੈਲ 2025 - ਜਗਰਾਓ ਦੇ ਇਲਾਕੇ ਵਿੱਚ ਚੋਰਾਂ ਦਾ ਇੱਕ ਅਜਿਹਾ ਗੈਂਗ ਸਰਗਰਮ ਹੈ ਜੋ ਕਿ ਬੰਦ ਪਏ ਮਕਾਨ ਅੰਦਰ ਦਾਖਲ ਹੋ ਕੇ ਘਰ ਅੰਦਰ ਪਏ ਸਮਾਨ ਅਤੇ ਬਾਥਰੂਮ ਅੰਦਰ ਲੱਗੀਆਂ ਟੂਟੀਆਂ ਤੱਕ ਨੂੰ ਚੋਰੀ ਕਰਕੇ ਲੈ ਜਾਂਦਾ ਹੈ। ਅਜਿਹੀ ਹੀ ਇੱਕ ਵਾਰਦਾਤ ਪਿਛਲੇ ਤਿੰਨ ਸਾਲ ਤੋਂ ਇੰਗਲੈਂਡ ਰਹਿ ਰਹੀ ਇੱਕ ਔਰਤ ਦੇ ਬੰਦ ਪਏ ਮਕਾਨ ਨਾਲ ਚੋਰਾਂ ਵੱਲੋਂ ਕੀਤੀ ਚੋਰੀ ਦੀ ਸੂਚਨਾ ਥਾਣਾ ਸਿਟੀ ਜਗਰਾਓ ਵੱਲੋਂ ਜਾਰੀ ਕੀਤੀ ਗਈ ਹੈ।
ਥਾਣਾ ਸਿਟੀ ਜਗਰਾਉ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਪਿਲ ਬਾਂਸਲ ਪੁੱਤਰ ਬਲਦੇਵ ਬਾਂਸਲ ਵਾਸੀ ਰੇਲਵੇ ਰੋਡ ਜਗਰਾਓ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਸ ਦੀ ਭੈਣ ਨਿਸ਼ੀ ਸਿੰਘਲਾ ਪਤਨੀ ਲਵਪ੍ਰੀਤ ਸਿੰਘਲਾ ਵਾਸੀ ਨਿਊ ਆਤਮ ਨਗਰ ਨੇੜੇ ਪੁਰਾਣਾ ਸੰਤ ਕ੍ਰਪਾਲ ਪਬਲਿਕ ਸਕੂਲ ਜਗਰਾਓ ਵਿਖੇ ਰਿਹਾਇਸ਼ ਹੈ ਅਤੇ ਉਸ ਦੀ ਭੈਣ ਨਿਸ਼ੀ ਪਿਛਲੇ ਤਿੰਨ ਸਾਲ ਤੋਂ ਇੰਗਲੈਂਡ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੈ ਅਤੇ ਆਪਣੀ ਭੈਣ ਨਿਸ਼ੀ ਦੇ ਮਕਾਨ ਦੀ ਦੇਖਭਾਲ ਕਪਲ ਬਾਂਸਲ ਵੱਲੋਂ ਕੀਤੀ ਜਾਂਦੀ ਹੈ।
ਕਪਲ ਨੇ ਇਸ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਬੀਤੀ ਚਾਰ ਅਪ੍ਰੈਲ ਨੂੰ ਸਵੇਰੇ 7 ਵਜੇ ਉਹ ਆਪਣੀ ਭੈਣ ਦੇ ਘਰ ਸਾਫ ਸਫਾਈ ਵਗੈਰਾ ਕਰਵਾਉਣ ਲਈ ਉਸਦੇ ਘਰ ਗਿਆ ਸੀ ਤਾਂ ਉਸਨੇ ਬਾਹਰਲਾ ਮੇਨ ਗੇਟ ਖੋਲ ਕੇ ਜਦੋਂ ਅੰਦਰ ਵੜਿਆ ਤਾਂ ਘਰ ਦੇ ਦਰਵਾਜਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਪਲ ਬੰਸਲ ਨੇ ਬਾਹਰ ਆ ਕੇ ਆਪਣੇ ਜੀਜੇ ਦੇ ਚਾਚੇ ਦੇ ਲੜਕੇ ਅਜੇ ਕੁਮਾਰ ਪੁੱਤਰ ਯਸ਼ਪਾਲ ਵਾਸੀ ਕੋਠੇ ਸ਼ੇਰ ਜੰਗ ਜਗਰਾਉਂ ਨਾਲ ਫੋਨ ਤੇ ਰਾਬਤਾ ਕਰਕੇ ਉਸ ਨੂੰ ਬੁਲਾਇਆ ਅਤੇ ਜਿਨਾਂ ਨੇ ਮੌਕੇ ਤੇ ਆ ਕੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਸਾਰੇ ਕਮਰਿਆਂ ਵਿੱਚ ਚੋਰਾਂ ਵੱਲੋਂ ਫਰੋਲਾ ਫਰਾਲੀ ਕੀਤੀ ਹੋਈ ਸੀ ਅਤੇ ਬਾਥਰੂਮ ਦੀਆਂ ਟੂਟੀਆਂ ਵੀ ਟੁੱਟੀਆਂ ਪਈਆਂ ਸਨ। ਬਾਥਰੂਮਾਂ ਵਿੱਚ ਲੱਗੇ ਦੋ ਗੀਜਰ ਅਤੇ ਵਾਸ਼ਿੰਗ ਮਸ਼ੀਨ ਗਾਇਬ ਸੀ। ਰਸੋਈ ਵਿੱਚ ਫਰਿਜ ਮਾਈਕਰੋਵੇਵ, ਫਿਲਟਰ, ਦੋ ਗੈਸ ਸਿਲੰਡਰ ਤੇ ਕਮਰਿਆਂ ਵਿੱਚ ਲੱਗੇ ਛੇ ਪੱਖੇ, ਦੋ ਕੂਲਰ ਤੇ ਇਨਵਰਟਰ ਸਮੇਤ ਬੈਟਰਾ ਵੀ ਗਾਇਬ ਸੀ।
ਜਿਸ ਤੇ ਇਹਨਾਂ ਨੇ ਆਂਢ ਗਵਾਂਢ ਤੋਂ ਵੀ ਪਤਾ ਕੀਤਾ ਤਾਂ ਗੁਆਂਢੀ ਵੀ ਇਸ ਬਾਰੇ ਕੁਝ ਨਹੀਂ ਦੱਸ ਸਕੇ। ਕਪਲ ਬਾਂਸਲ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਸਿਟੀ ਜਗਰਾਓ ਵਿਖੇ ਦਰਜ ਕਰਵਾਈ ਅਤੇ ਪੁਲਿਸ ਦੇ ਸਹਿਯੋਗ ਨਾਲ ਇਲਾਕੇ ਵਿੱਚ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਚੋਰੀ ਕਰਨ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਹਨ ਜਿਨਾਂ ਦੇ ਨਾਮ ਨਿਰਦੋਸ਼ ਕੁਮਾਰ ਉਰਫ ਨੀਰੂ ਪੂੱਤਰ ਰਗਣੀ ਪਾਸਵਾਨ ਅਤੇ ਅਨਲ ਕੁਮਾਰ ਉਰਫ ਬੱਕਰੀ ਪੁੱਤਰ ਰਮੇਸ਼ ਪਾਸਵਾਨ ਵਾਸਿਆਨ ਪੰਮੀ ਉਰਫ ਜੱਟੀ ਦੇ ਕੁਆਰਟਰ, ਨੇੜੇ ਸ਼ੇਰਪੁਰ ਫਾਟਕ ਜਗਰਾਉਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਕਪਿਲ ਬੰਸਲ ਦੀ ਸ਼ਿਕਾਇਤ ਉੱਪਰ ਉਕਤ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਗਨਾਉ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।