ਡੋਨਾਲਡ Trump ਅਤੇ PM Modi ਦਾ ਪੁਤਲਾ ਫੂਕਿਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 04 ਅਪ੍ਰੈਲ ,2025
ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਥਾਨਕ ਬੱਸ ਅੱਡੇ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ ਦੀ ਅਗਵਾਈ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ l ਵੱਡੀ ਗਿਣਤੀ ਵਿੱਚ ਇਕਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਖੇਤੀ ਖੇਤਰ ਵਿੱਚ ਮੋਦੀ ਸਰਕਾਰ ਵਲੋਂ ਟਰੰਪ ਅੱਗੇ ਗੋਡੇ ਟੇਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ l ਉਨ੍ਹਾਂ ਕਿਹਾ ਕਿ ਖੇਤੀ ਵਸਤਾਂ. ਖਾਣ ਵਾਲਾ ਤੇ ਤੇਲ ਬੀਜਾਂ ਨੂੰ ਟੈਕਸ ਫ੍ਰੀ ਕਰਨ ਨਾਲ਼ ਭਾਰਤੀ ਕਿਸਾਨ ਡੁੱਬ ਜਾਵੇਗਾ ਅਤੇ ਖੇਤੀ ਉੱਜੜ੍ਹ ਜਾਵੇਗੀ l ਟਰੰਪ ਸਰਕਾਰ ਵਲੋਂ ਵਿਸ਼ਵ ਵਪਾਰ ਸੰਸਥਾ ਨੂੰ ਟਿੱਚ ਜਾਣਦਿਆਂ ਵਿਕਾਸ਼ਸ਼ੀਲ ਦੇਸ਼ਾਂ ਦੇ ਬਰਾਬਰ ਟੈਕਸ ਲਾਉਣ ਦੀ ਨੀਤੀ ਸਿਧੇ ਤੌਰ ਤੇ ਗੁੰਡਾਗਰਦੀ ਹੈ l ਉਨ੍ਹਾਂ ਕਿਹਾ ਕਿ ਮੰਡੀਕਰਨ ਨੀਤੀ ਖਰੜਾ ਲਿਆਉਣ, msp ਤੇ ਗ੍ਰੰਟੀ ਦਿੰਦਾ ਕਾਨੂੰਨ ਨਾ ਬਣਾਉਣ, ਖੇਤੀ ਬੱਜਟ ਵਿੱਚ ਖੇਤੀ ਖੇਤਰ ਨੂੰ ਅਣਗੌਲਿਆਂ ਕਰਨ, ਕਿਸਾਨ ਜਥੇਬੰਦੀਆਂ ਨਾਲ਼ ਗੱਲ ਨਾ ਕਰਨ ਤੋਂ ਬਾਅਦ ਟਰੱਪ ਅੱਗੇ ਗੋਡੇ ਟੇਕਣਾ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਸਾਮਰਾਜੀ ਨੀਤੀਆਂ ਲਾਗੂ ਕਰਨ ਲਈ ਕਿਸ ਕਦਰ ਪੱਬਾਂ ਭਾਰ ਹੋਈ ਪਈ ਹੈ l ਉਨ੍ਹਾਂ ਕਿਸਾਨਾਂ ਅਤੇ ਸਮੁੱਚੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ l ਇਸ ਮੌਕੇ ਇਕੱਠ ਵਿੱਚ ਜੀਵਨ ਦਾਸ ਬੇਗੋਵਾਲ, ਹਰਜੀਤ ਸਿੰਘ ਫਾਂਬੜਾ, ਕਰਨੈਲ ਸਿੰਘ ਉੜਾਪੜ੍ਹ, ਅਵਤਾਰ ਸਿੰਘ ਸਕੋਹਪੁਰ, ਜਸਵਿੰਦਰ ਸਿੰਘ ਨੰਬਰਦਾਰ, ਸ਼ਮਸ਼ੇਰ ਸਿੰਘ ਬੁਰਜ ਟਹਿਲਦਾਸ, ਕਸ਼ਮੀਰ ਸਿੰਘ ਬੇਗੋਵਾਲ ਅਤੇ ਗੁਰਦੀਪ ਸਿੰਘ ਮਹਿਰਮਪੁਰ ਆਦਿ ਆਗੂ ਸ਼ਾਮਲ ਸਨ