Canada ਦੀ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ PAU ਦਾ ਕੀਤਾ ਦੌਰਾ
ਲੁਧਿਆਣਾ, 9 ਅਪ੍ਰੈਲ 2025- ਅੱਜ ਪ੍ਰੌ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਸਰੀਂ (ਕੈਨੇਡਾ) ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਵਿਸ਼ੇਸ਼ ਤੌਰ ਤੇ ਪੀਏਯੂ ਦੇ ਦੌਰੇ ਤੇ ਯੂਨੀਵਰਸਿਟੀ ਪਹੁੰਚੇ ਜਿਸ ਵਿੱਚ ਉਹਨਾਂ ਨੇ ਪੇਂਡੂ ਸੱਭਿਅਤਾ ਦੇ ਅਜਾਇਬ ਘਰ ਅਤੇ ਵਿਸ਼ੇਸ਼ ਤੌਰ ਤੇ ਸੰਚਾਰ ਕੇਂਦਰ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਡਾ. ਅਮਰਪ੍ਰੀਤ ਸਿੰਘ ਗਿੱਲ ਪੀਏਯੂ ਦੇ ਸਾਬਕਾ ਵਿਦਿਆਰਥੀ ਵੀ ਪਹੁੰਚੇ। ਜੋ ਕਿ ਪ੍ਰੌ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਕੈਨੇਡਾ ਦੇ ਜਰਨਲ ਸਕੱਤਰ ਵਜੋਂ ਵੀ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਸਾਡੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਦੀਆਂ ਕਨੇਡਾ ਵਿੱਚ ਸੁਭਾਵਨਾਵਾਂ ਅਤੇ ਚੁਣੌਤੀਆਂ ਬਾਬਤ ਗੱਲਬਾਤ ਕੀਤੀ। ਉਹਨਾਂ ਨੇ ਇਸ ਦੌਰਾਨ ਪੀਏਯੂ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਯੂਨੀਵਰਸਿਟੀ ਵਲੋਂ ਖੋਜ ਪਸਾਰ ਅਤੇ ਅਕਾਦਮਿਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਨੂੰ ਨੇੜਿਓਂ ਵਾਚਿਆ।
ਸ. ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਉਹ ਸੰਨ 1983 ਵਿੱਚ ਕੈਨੇਡਾ ਗਏ ਅਤੇ ਕਾਫ਼ੀ ਸਮਾਜਿਕ ਗਤੀਵਿਧੀਆਂ ਕੀਤੀਆਂ ਗਈਆਂ। ਜਿੰਨਾ ਵਿੱਚ ਉਹ ਫਾਊਂਡੇਸ਼ਨ ਦੇ ਨਾਂ ਤੇ ਗ਼ਦਰੀ ਬਾਬਿਆਂ ਦਾ ਸਲਾਨਾਂ ਮੇਲਾ ਪਿਛਲੇ 35 ਸਾਲਾਂ ਤੋਂ ਕਰਵਾਉਂਦੇ ਆ ਰਹੇ ਹਨ। ਜਿਸ ਵਿੱਚ 5 ਤੋਂ 6 ਹਜ਼ਾਰ ਪੰਜਾਬੀ ਭਾਰਤੀ ਇਕੱਠੇ ਹੁੰਦੇ ਹਨ ਅਤੇ ਹਰ ਮੇਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ ਤੇ ਮੇਲੇ ਵਿੱਚ ਸ਼ਿਰਕਤ ਕਰਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੀ ਫਾਊਂਡੇਸ਼ਨ ਦਾ ਮੁੱਖ ਕੰਮ ਪੰਜਾਬੀ ਭਾਰਤੀਆਂ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੁੰਦੇ ਵਿਤਕਰਿਆ ਖਿਲਾਫ਼ ਸੰਘਰਸ਼ ਕਰਨਾ ਹੈ।
ਉਹਨਾਂ ਦੱਸਿਆ ਕਿ ਫਾਊਂਡੇਸ਼ਨ ਦਾ ਕਾਮਾਗਾਟਾ ਮਾਰੂ ਘਟਨਾ ਵਿੱਚ ਮਾਫ਼ੀ ਦਾ ਅਹਿਮ ਰੌਲ ਸੀ। ਅਪਰ ਨਿਰਦੇਸ਼ਕ ਸੰਚਾਰ, ਡਾ. ਤੇਜਿੰਦਰ ਸਿੰਘ ਰਿਆੜ ਨੇ ਸ. ਸਾਹਿਬ ਸਿੰਘ ਥਿੰਦ ਅਤੇ ਡਾ. ਅਮਰਪ੍ਰੀਤ ਸਿੰਘ ਗਿੱਲ ਦਾ ਪੀਏਯੂ ਆਉਣ ਤੇ ਸਵਾਗਤ ਕੀਤਾ ਅਤੇ ਸੰਚਾਰ ਕੇਂਦਰ ਵਿੱਚ ਹੁੰਦੇ ਵੱਖ ਵੱਖ ਕਾਰਜਾਂ ਬਾਰੇ ਚਾਨਣਾ ਪਾਇਆ । ਇਸ ਮੌਕੇ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ. ਕੁਲਦੀਪ ਸਿੰਘ ਅਤੇ ਟੀਵੀ ਰੇਡੀਓ ਦੇ ਸਹਿਯੋਗੀ ਨਿਰਦੇਸ਼ਕ ਡਾ. ਅਨਿਲ ਸ਼ਰਮਾ ਵੀ ਮੌਜੂਦ ਸਨ।
2 | 8 | 5 | 7 | 3 | 1 | 9 | 8 |