Babushahi Special: ਰਾਮ ਰਹੀਮ ਦੀ ਪਾਪਾ ਕੀ ਰਸੋਈ ਖੱਟੇ ਮਿੱਠੇ ਸਮੋਸੇ ਤੇ ਛੋਲੇ ਪੂਰੀਆਂ ਦਾ ਲੁਤਫ ਉਠਾ ਸਕਦਾ ਹਰ ਕੋਈ
ਅਸ਼ੋਕ ਵਰਮਾ
ਸਿਰਸਾ,9 ਅਪ੍ਰੈਲ 2025: ਖਾਧ ਪਦਾਰਥਾਂ ਦੇ ਮਾਮਲੇ ’ਚ ਆਮ ਲੋਕਾਂ ਦਾ ਹੱਥ ਕਾਫੀ ਖੁੱਲ੍ਹਾ ਹੋਣ ਲੱਗਿਆ ਹੈ। ਖਾਸ ਤੌਰ ਤੇ ਖਾਣ ਪੀਣ ਵਾਲੀਆਂ ਹਾਈਜੀਨਕ ਵਸਤਾਂ ਪ੍ਰਤੀ ਤਾਂ ਮੋਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਜਿੱਥੇ ਸਿਹਤਮੰਦ ਖਾਣਿਆਂ ਦੀ ਗੱਲ ਹੋਵੇ ਤਾਂ ਉੱਥੇ ਲੋਕ ਨਦੀਆਂ ਚੀਰ ਕੇ ਵੀ ਪੁੱਜਣ ’ਚ ਦੇਰ ਨਹੀਂ ਲਾਉਂਦੇ ਹਨ। ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਦੀ ਪਹਿਲਕਦਮੀ ਤਹਿਤ ਡੇਰਾ ਪ੍ਰਬੰਧਕਾਂ ਨੇ ਇੱਕ ਨਿਵੇਕਲੇ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ‘ਪਾਪਾ ਕੀ ਰਸੋਈ ਸੇ’ ਨਾਮ ਦਿੱਤਾ ਗਿਆ ਹੈ। ਰਸੋਈ ਪ੍ਰਬੰਧਕਾਂ ਦਾ ਦੱਸਣਾ ਹੈ ਕਿ ਇਸ ਰੈਸਟੋਰੈਂਟ ਵਿੱਚ ਵਿੱਲਖਣ ਢੰਗ ਨਾਲ ਤਿਆਰ ਕੀਤੇ ਜਾਂਦੇ ਪਕਵਾਨ ਇੱਕ ਤਰਾਂ ਨਾਲ ਤੋਹਫਾ ਹੀ ਹਨ ਜੋ ਨਾਂ ਕੇਵਲ ਸੁਆਦ ਦੇ ਪੱਖ ਤੋਂ ਉੱਚ ਕੁਆਲਟੀ ਵਾਲੇ ਹਨ ਬਲਕਿ ਇੰਨ੍ਹਾਂ ਦੀ ਵਿਧੀ ਨੂੰ ਸਿਹਤ ਲਈ ਵੀ ਵਰਦਾਨ ਮੰਨਿਆ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਾਪਾ ਕੀ ਰਸੋਈ ਸੇ ਨਾਮੀ ਰੈਸਟੋਰੈਂਟ ਵਿੱਚ ਪਕਵਾਨ ‘ਏਅਰ ਫਰਾਇਰ’ ਨਾਲ ਬਣਾਏ ਜਾਂਦੇ ਹਨ। ਮਿੱਠੇ ਪਕਵਾਨਾਂ ਵਿੱਚ ਸਿਹਤ ਲਈ ਮਾੜੀ ਸਮਝੀ ਜਾਂਦੀ ਵਾਲੀ ਖੰਡ ਦੀ ਥਾਂ ਗੁੜ ,ਸ਼ਹਿਦ ਜਾਂ ਖਜੂਰ ਆਦਿ ਸੁੱਕੇ ਮੇਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿੰਨ੍ਹਾਂ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ। ਵੱਡੀ ਗੱਲ ਹੈ ਕਿ ਲਾਲ ਮਿਰਚ ਦੀ ਥਾਂ ਤੇ ਕਾਲੀ ਮਿਰਚ ਦੀ ਵਰਤੋਂ ਹੁੰਦੀ ਹੈ ਅਤੇ ਆਮ ਕਿਸਮ ਦੇ ਲੂਣ ਦੀ ਜਗ੍ਹਾ ਸੇਂਧਾ ਨਮਕ ਵਰਤਿਆ ਜਾ ਰਿਹਾ ਹੈ। ਇਸ ਦਾ ਜਿਕਰਯੋਗ ਪਹਿਲੂ ਇਹ ਵੀ ਹੈ ਕਿ ਸਬਜੀਆਂ ਆਦਿ ਪਕਾਉਣ ਲਈ ਲੁੜੀਂਦੇ ਮਸਾਲੇ ਵੀ ਆਪਣੇ ਹੀ ਤਿਆਰ ਕੀਤੇ ਜਾਂਦੇ ਹਨ ਅਤੇ ਪਨੀਰ ਵਗੈਰਾ ਵੀ ਖੁਦ ਹੀ ਬਣਾਇਆ ਜਾਂਦਾ ਹੈ। ਰੈਸਟੋਰੈਂਟ ਮੈਨੇਜਰ ਜੀਐਸਐਮ ਕ੍ਰਿਸ਼ਨ ਇੰਸਾਂ ਦਾ ਕਹਿਣਾ ਸੀ ਕਿ ਫਾਸਟ ਫੂਡ ਅਤੇ ਜੰਕ ਪਦਾਰਥਾਂ ਦੇ ਯੁੱਗ ਵਿੱਚ ਆਮ ਲੋਕ ਅਤੇ ਬੱਚੇ ਊਟ ਪਟਾਂਗ ਖਾਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ।

ਉਨ੍ਹਾਂ ਦੱਸਿਆ ਕਿ ਇੰਨ੍ਹਾਂ ਖਾਣਿਆਂ ਦਾ ਨਤੀਜਾ ਮਨੁੱਖ ਨੂੰ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਹੋਰ ਕਈ ਤਰਾਂ ਦੀਆਂ ਸ਼ਰੀਰਕ ਅਤੇ ਹਾਨੀਕਾਰਕ ਬਿਮਾਰੀਆਂ ਦਾ ਸ਼ਿਕਾਰ ਹੋਣ ਦੇ ਰੂਪ ’ਚ ਨਿਕਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਪਾ ਕੀ ਰਸੋਈ ’ਚ ਤਿਆਰ ਕੀਤੇ ਜਾਂਦੇ ਪਕਵਾਨ ਲਾਜਵਾਬ ਹਨ ਜਿੰਨ੍ਹਾਂ ਨੂੰ ਤਿਆਰ ਕਰਨ ਦਾ ਤਰੀਕਾ ਅਤੇ ਇਸ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਵਿਧੀ ਡੇਰਾ ਸਿਰਸਾ ਮੁਖੀ ਵੱਲੋਂ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਸਤਾਂ ਤਿਆਰ ਕਰਨ ਲਈ ਮੋਟੇ ਅਨਾਜ (ਬਾਜਰੇ) ਦੀ ਵਰਤੋਂ ਕੀਤੀ ਜਾਂਦੀ ਹੈ ਜੋਕਿ ਮਨੁੱਖੀ ਸਿਹਤ ਲਈ ਹਰ ਪੱਖ ਤੋਂ ਫਾਇਦੇਮੰਦ ਹੈ। ਉਨ੍ਹਾਂ ਦੱਸਿਆ ਕਿ ਤੇਜ ਮਸਾਲਿਆਂ ਅਤੇ ਤੜਕੇ ਤੋਂ ਦੂਰ ਇੰਨ੍ਹਾਂ ਖਾਧ ਪਦਾਰਥਾਂ ਨੂੰ ਤਿਆਰ ਕਰਨ ਵੇਲੇ ਸ਼ੁੱਧ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਖਾਣਪੀਣ ਵਾਲੀਆਂ ਇੰਨ੍ਹਾਂ ਵਸਤਾਂ ਨੂੰ ਤੇਲ ਜਾਂ ਘਿਓ ਵਿੱਚ ਤਲਿਆ ਨਹੀਂ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇੱਥੇ ਬਣਦੀ ਸਬਜ਼ੀ ਨੂੰ ਤਾਂ ਕਿਸੇ ਵੀ ਤਰਾਂ ਦਾ ਤੜਕਾ ਨਹੀਂ ਲੱਗਦਾ ਜੋ ਸੁਆਦ ਦੇ ਪੱਖ ਤੋਂ ਹੋਰਨਾਂ ਥਾਵਾਂ ਤੇ ਬਣੀਆਂ ਸਬਜੀਆਂ ਤੇ ਭਾਰੀ ਪੈਂਦੀ ਹੈ। ਜਾਣਕਾਰੀ ਅਨੁਸਾਰ ਖਾਣ ਪੀਣ ਵਾਲੀਆਂ ਇੰਨ੍ਹਾਂ ਵਸਤਾਂ ਵਿੱਚ ਸਨੈਕਸ ,ਚਾਟ, ਸਲਾਦ, ਡੈਜ਼ਰਟ ,ਮਠਿਆਈਆਂ, ਮੇਨ ਕੋਰਸ ਅਤੇ ਉੱਤਰੀ ਭਾਰਤ ਦਾ ਮੁੱਖ ਪਕਵਾਨ ਰੋਟੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਤੁਲਨਾਤਮਕ ਤੌਰ ਤੇ ਹਰ ਚੀਜ਼ ਇੱਕ ਦੂਜੇ ਨਾਲੋਂ ਵਧੀਆ ਹੈ ਅਤੇ ਵਿਸ਼ੇਸ਼ ਪਹਿਲੂ ਹੈ ਕਿ ਇੰਨ੍ਹਾਂ ਵਿੱਚ ਸਰੀਰਕ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੁੱਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਮਾਨ ਤਿਆਰ ਕਰਨ ਵਾਲਿਆਂ ਨੂੰ ਕੁਆਲਿਟੀ ਬਣਾਕੇ ਰੱਖਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰਸੋਈ ਲਈ ਮਾਣ ਵਾਲੀ ਗੱਲ ਹੈ ਕਿ ਇੱਥੇ ਬਣੇ ਪਕਵਾਨਾਂ ਦੀ ਮੰਗ ’ਚ ਦਿਨੋ ਦਿਨ ਚੋਖਾ ਵਾਧਾ ਹੋ ਰਿਹਾ ਹੈ ਅਤੇ ਹੁਣ ਤਾਂ ਵਿਦੇਸ਼ਾਂ ਤੋਂ ਵੀ ਆਰਡਰ ਆਉਣ ਲੱਗੇ ਹਨ।
ਢਿੱਡ ਭਰਿਆ ਪਰ ਨੀਅਤ ਨਹੀਂ ਭਰੀ
ਪਾਪਾ ਕੀ ਰਸੋਈ ਸੇ ਬਿਨਾਂ ਤਲੇ ਏਅਰ ਫਰਾਈਡ ਦੀ ਵਰਤੋਂ ਨਾਲ ਤਿਆਰ ਪੂਰੀਆਂ ਛੋਲੇ ਛਕਕੇ ਆਏ ਫਤਿਹਾਬਾਦ ਦੇ ਰੌਸ਼ਨ ਲਾਲ ਇੰਸਾਂ ਨੇ ਦੱਸਿਆ ਕਿ ਇਹ ਐਨੀਆਂ ਲਜੀਜ਼ ਸਨ ਕਿ ਢਿੱਡ ਤਾਂ ਭਰ ਗਿਆ ਪਰ ਨੀਅਤ ਨਹੀਂ ਭਰੀ ਹੈ। ਇੱਥੋਂ ਹੀ ਸੁੱਕੇ ਮੇਵਿਆਂ ਦੀਆਂ ਪਿੰਨੀਆਂ ਘਰ ਲਈ ਲਿਜਾ ਰਹੇ ਸੰਗਰੂਰ ਵਾਸੀ ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਸਿਹਤਮੰਦ ਸਮਾਨ ਮਿਲੇ ਤਾਂ ਹੋਰ ਕਿਧਰੇ ਪੁੱਛਣ ਜਾਣ ਦੀ ਜਰੂਰਤ ਹੀ ਨਹੀਂ ਹੈ। ਰਾਜਸਥਾਨ ਦੇ ਗੰਗਾਨਗਰ ਤੋਂ ਆਈਆਂ ਦੋ ਡੇਰਾ ਪ੍ਰੇਮੀ ਔਰਤਾਂ ਨੇ ਜਵਾਰ ਅਤੇ ਬਾਜਰੇ ਦਾ ਲੱਡੂਆਂ ਦੀ ਸਿਫਤ ਕੀਤੀ ਤਾਂ ਕਈਆਂ ਨੇ ਦੱਸਿਆ ਕਿ ਇੱਥੇ ਬਣਦੇ ਕੇਸਰ ਵਾਲੇ ਦੁੱਧ ਅਤੇ ਨਿੰਬੂ ਦੀ ਸ਼ਿਕੰਜਵੀ ਦਾ ਕੋਈ ਸਾਨੀ ਨਹੀਂ ਹੈ। ਇਸ ਮੌਕੇ ਕਈ ਡੇਰਾ ਪ੍ਰੇਮੀਆਂ ਨੇ ਰਸੋਈ ਦੇ ਹਰ ਸਮਾਨ ਨੂੰ ਸਿਹਤ ਪੱਖੀ ਦੱਸਿਆ।
ਰਸੋਈ ਵਸਤਾਂ ਦਾ ਹੱਬ ਡੇਰਾ ਸਿਰਸਾ
ਡੇਰਾ ਸੱਚਾ ਸੌਦਾ ਸਿਰਸਾ ਖਾਣਾ ਬਨਾਉਣ ਲਈ ਵਰਤੇ ਜਾਣ ਵਾਲੇ ਹਲੀਦੀ ਮਿਰਚ ,ਮਸਾਲੇ ਅਤੇ ਹੋਰ ਵਸਤਾਂ ਆਦਿ ਤਿਆਰ ਕਰਨ ਦੇ ਮਾਮਲੇ ’ਚ ਹੱਬ ਵਜੋਂ ਉੱਭਰਿਆ ਹੈ। ਗਰਮੀਆਂ ਦੌਰਾਨ ਰੂਹ ਅਫਜ਼ਾ ਸ਼ਰਬਤ ਅਤੇ ਬ੍ਰਹਮੀ ਦੀ ਬੰਪਰ ਵਿਕੱਰੀ ਹੁੰਦੀ ਹੈ ਤਾਂ ਸਰਦੀਆਂ ਦੌਰਾਨ ਵੀ ਸਮਾਨ ਵੱਡੀ ਪੱਧਰ ਤੇ ਵਿਕਦਾ ਹੈ। ਸ਼ੁਰੂਆਤ ’ਚ ਭਾਵੇਂ ਡੇਰਾ ਪੈਰੋਕਾਰਾਂ ਇਹ ਵਸਤਾਂ ਖਰੀਦਦੇ ਸਨ ਪਰ ਹੁਣ ਸਿਹਤ ਪੱਖੀ ਹੋਣ ਕਰਕੇ ‘ਐਮਐਸਜੀ’ ਨਾਮ ਹੇਠ ਬਣਿਆ ਡੇਰੇ ਦਾ ਹਰ ਉਪਤਾਦ ਆਮ ਘਰਾਂ ਵਿੱਚ ਵੀ ਮਕਬੂਲ ਹੋਇਆ ਹੈ।