ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ
ਜੈਤੋ,10 ਅਪ੍ਰੈਲ 2025 - ਸਥਾਨਕ ਪੁਲਿਸ ਨੇ ਚੋਰੀਆਂ ਤੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਣ ਵਾਲੇ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਜਦੋਂ ਇਨ੍ਹਾਂ ਵਿਚੋਂ 4 ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਸਬ-ਡਵੀਜ਼ਨ ਜੈਤੋ ਦੇ ਡੀ.ਐਸ.ਪੀ. ਸੁਖਦੀਪ ਸਿੰਘ ਨੇ ਸਥਾਨਕ ਥਾਣੇ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸਿਕੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਮੁਕਤਸਰ ਰੋਡ ਜੈਤੋ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇਕ ਗਰੋਹ ਵਿਚ ਸ਼ਾਮਿਲ 5 ਮੈਂਬਰ ਜੋ ਕਿ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ ਅਤੇ ਉਹ ਨੇੜੇ ਅੰਡਰਬ੍ਰਿਜ ਜੈਤੋ-ਮੁਕਤਸਰ ਬਾਈਪਾਸ ਰੋਡ ’ਤੇ ਬੈਠੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ’ਤੇ ਥਾਣਾ ਜੈਤੋ ਵਿਚ ਮੁਕੱਦਮਾ ਨੰਬਰ 40 ਮਿਤੀ 09.04.2025 ਅਧੀਨ ਧਾਰਾ 112 (2) ਬੀ.ਐਨ.ਐਸ. ਬਰਖਿਲਾਫ 5 ਵਿਅਕਤੀਆ ਉਤੇ ਦਰਜ ਕੀਤਾ ਗਿਆ।
ਉਪਰੰਤ ਤੁਰੰਤ ਕਾਰਵਾਈ ਕਰਦੇ ਹੋਏ ਇਸ ਗਰੋਹ ਵਿਚ ਸ਼ਾਮਿਲ ਮਨਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ, ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਸਾਲ ਪੱਤੀ ਜੈਤੋ, ਸੰਤੋਸ਼ ਕੁਮਾਰ ਉਰਫ ਗੱਬਰ ਪੁੱਤਰ ਰਾਮ ਪ੍ਰਕਾਸ਼ ਵਾਸੀ ਮੁਕਤਸਰ ਰੋਡ ਜੈਤੋ ਅਤੇ ਸਿਧਾਰਥ ਪੁੱਤਰ ਮੁਨਸ਼ੀ ਰਾਮ ਨੂੰ 1 ਗੰਡਾਸੀ, 1 ਕਿਰਚ, 2 ਕ੍ਰਿਪਾਨਾਂ ਅਤੇ 1 ਲੋਹੇ ਦੇ ਖੰਡੇ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਗਰੋਹ ਵਿਚ ਸ਼ਾਮਿਲ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਦਕਿ ਗ੍ਰਿਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ। ਇਸ ਮੌਕੇ ਥਾਣਾ ਜੈਤੋ ਦੇ ਐਸ.ਐਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ, ਸਹਾਇਕ ਥਾਣੇਦਾਰ ਸਿਕੰਦਰ ਸਿੰਘ ਤੇ ਪੁਲਿਸ ਮੁਲਾਜ਼ਮ ਮੌਜੂਦ ਸਨ ।