ਚੂਰਾ ਪੋਸਤ ਸਮੇਤ ਤਸਕਰ ਕਾਬੂ: ਟਰੱਕ 'ਚ ਕੀਤਾ ਸੀ ਲੋਡ, ਟਰੱਕ ਵੀ ਜਬਤ
ਦੀਪਕ ਜੈਨ
ਜਗਰਾਓ, 10 ਅਪ੍ਰੈਲ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਅੱਜ ਸੀਆਈਏ ਸਟਾਫ ਜਗਰਾਉਂ ਦੀ ਪੁਲਿਸ ਪਾਰਟੀ ਵੱਲੋਂ ਇੱਕ ਨਸ਼ਾ ਤਸਕਰ ਨੂੰ 22 ਕੁਇੰਟਲ 60 ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਸਬ ਇੰਸਪੈਕਟਰ ਗੁਰਸੇਵਕ ਸਿੰਘ ਆਪਣੀ ਸਾਥੀ ਪੁਲਿਸ ਪਾਰਟੀ ਦੇ ਨਾਲ ਬਰਾਏ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਸ਼ੇਰਪੁਰ ਚੌਂਕ ਜਗਰਾਓ ਮੌਜੂਦ ਸਨ ਤਾਂ ਸਬ ਇੰਸਪੈਕਟਰ ਗੁਰਸੇਵਕ ਸਿੰਘ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਰਾਜ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਬੋਂਦਲੀ ਜਿਲ੍ਹਾ ਲੁਧਿਆਣਾ ਜੋ ਕਿ ਵੱਡੀ ਪੱਧਰ ਤੇ ਭੁੱਕੀ ਚੂਰਾ ਪੋਸਤ ਦਾ ਗੈਰ ਕਾਨੂੰਨੀ ਧੰਦਾ ਕਰਦਾ ਹੈ ਅਤੇ ਦੂਜੇ ਰਾਜਾਂ ਤੋਂ ਭੁੱਕੀ ਚੂਰਾ ਪੋਸਤ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ ਅਤੇ ਉਕਤ ਬਲਰਾਜ ਸਿੰਘ ਅੱਜ ਵੀ ਆਪਣੇ ਟਰੱਕ ਨੰਬਰ ਪੀਵੀ 10 ਐਚ ਏ 7417 ਮਾਰਕਾ ਅਸ਼ੋਕਾ ਲੇਲੈਂਡ ਉੱਤੇ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਲੈ ਕੇ ਇਲਾਕੇ ਵਿੱਚ ਸਪਲਾਈ ਕਰਨ ਆ ਰਿਹਾ ਹੈ। ਜਿਸ ਨੂੰ ਸ਼ੁਗਰ ਮਿਲ ਕਲੋਨੀ ਜਗਰਾਉਂ ਵਿੱਚ ਸੁਨਸਾਨ ਜਗ੍ਹਾ ਵਿੱਚ ਗੱਡੀ ਖੜੀ ਕਰਕੇ ਗਾਹਕਾਂ ਦੇ ਇੰਤਜ਼ਾਰ ਕਰ ਰਹੇ ਨੂੰ ਕਾਬੂ ਕੀਤਾ ਗਿਆ ਅਤੇ ਜਦੋਂ ਟਰੱਕ ਦੀ ਤਲਾਸ਼ੀ ਲਿੱਤੀ ਗਈ ਤਾਂ ਉਸ ਵਿੱਚੋਂ 22 ਕੁਇੰਟਲ 60 ਕਿਲੋ ਚੂਰਾ ਪੋਸਤ ਜੋ ਕਿ 20-20 ਕਿਲੋ ਦੇ ਬੋਰਿਆਂ ਵਿੱਚ ਭਰੇ ਹੋਏ ਸਨ ਅਤੇ ਕੁੱਲ 113 ਬੋਰੇ ਬਰਾਮਦ ਕੀਤੇ ਗਏ ਹਨ। ਦੋਸ਼ੀ ਬਲਰਾਜ ਸਿੰਘ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।