ਵੱਡੀ ਖ਼ਬਰ: ਦਿੱਲੀ ਦੇ ਲਾਲ ਕਿਲ੍ਹੇ ਅਤੇ ਜਾਮਾ ਮਸਜਿਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੜ੍ਹੋ ਪੁਲਿਸ ਜਾਂਚ ਕੀ ਹੋਇਆ ਖੁਲਾਸਾ?
ਦਿੱਲੀ, 10 ਅਪ੍ਰੈਲ 2025- ਸ਼ਰਾਰਤੀ ਅਨਸਰਾਂ ਦੇ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ ਅਤੇ ਜਾਮਾ ਮਸਜਿਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਜਦੋਂ ਕਾਲ ਦੀ ਜਾਂਚ ਕੀਤੀ ਗਈ ਤਾਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਇਹ ਇੱਕ ਫਰਜ਼ੀ ਕਾਲ ਸੀ। ਇਹ ਕਾਲ ਮਿਲਣ ਤੋਂ ਤੁਰੰਤ ਬਾਅਦ, ਪੁਲਿਸ ਵੀਰਵਾਰ ਸਵੇਰੇ ਮੌਕੇ 'ਤੇ ਪਹੁੰਚ ਗਈ। ਦਿੱਲੀ ਫਾਇਰ ਸਰਵਿਸ ਨੇ ਕਿਹਾ ਕਿ ਸਵੇਰੇ 9.30 ਵਜੇ ਜਾਮਾ ਮਸਜਿਦ ਅਤੇ ਲਾਲ ਕਿਲ੍ਹੇ 'ਤੇ ਬੰਬ ਦੀ ਧਮਕੀ ਬਾਰੇ ਫੋਨ ਆਇਆ। ਇਸ ਤੋਂ ਬਾਅਦ, ਉੱਥੇ ਪੂਰੀ ਜਾਂਚ ਕੀਤੀ ਗਈ। ਦਿੱਲੀ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਲ ਮਿਲਣ ਤੋਂ ਬਾਅਦ, ਬੰਬ ਨਿਰੋਧਕ ਦਸਤੇ ਅਤੇ ਸੀਆਈਐਸਐਫ ਟੀਮ ਨੇ ਪੂਰੇ ਕੰਪਲੈਕਸ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਦੱਸਣਾ ਬਣਦਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਵਿੱਚ ਬੰਬ ਦੀ ਧਮਕੀ ਦਿੱਤੀ ਗਈ ਹੋਵੇ। ਹਾਲ ਹੀ ਵਿੱਚ ਬੰਬ ਧਮਕੀਆਂ ਸੰਬੰਧੀ ਕਾਲਾਂ ਵਿੱਚ ਵਾਧਾ ਹੋਇਆ ਹੈ। ਹੁਣ ਤੱਕ ਸਕੂਲਾਂ ਅਤੇ ਹਵਾਈ ਜਹਾਜ਼ਾਂ 'ਤੇ ਬੰਬ ਸੁੱਟਣ ਦੀਆਂ ਧਮਕੀਆਂ ਵਾਲੇ ਕਈ ਫੋਨ ਆਏ ਹਨ। ਫਰਵਰੀ ਮਹੀਨੇ ਹੀ ਦਿੱਲੀ ਅਤੇ ਨੋਇਡਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। 10 ਜਨਵਰੀ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਜਦੋਂ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ 23 ਸਕੂਲਾਂ ਨੂੰ ਬੰਬ ਦੀ ਧਮਕੀ ਵਾਲੇ ਈਮੇਲ ਭੇਜੇ, ਹਾਲਾਂਕਿ ਬਾਅਦ ਵਿੱਚ ਉਸਨੂੰ ਫੜ ਲਿਆ ਗਿਆ।