ਪੰਜਾਬ ਦੀ ਇਸ ਸਰਕਾਰੀ ਖੰਡ ਮਿੱਲ ਨੇ ਬਣਾਇਆ ਨਵਾਂ ਰਿਕਾਰਡ...!
ਫਾਜ਼ਿਲਕਾ ਜ਼ਿਲੇ ਦੀ ਸਹਿਕਾਰੀ ਖੰਡ ਮਿੱਲ ਨੇ ਬਣਾਏ ਨਵੇਂ ਰਿਕਾਰਡ, ਪਿਛਲੇ ਸਾਲ ਦੇ ਮੁਕਾਬਲੇ ਪੀੜਿਆ ਜਿਆਦਾ ਗੰਨਾ- ਵਧੇਰੇ ਦਿਨ ਚੱਲੀ, ਜਿਆਦਾ ਹੋਈ ਖੰਡ ਦੀ ਪੈਦਾਵਾਰ
ਫਾਜ਼ਿਲਕਾ, 9 ਅਪ੍ਰੈਲ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਖੇਤਰ ਵਿੱਚ ਪੇਸ਼ੇਵਾਰਾਨਾ ਤਰੀਕੇ ਨਾਲ ਕੰਮ ਕਰਨ ਦੇ ਨਤੀਜੇ ਹਨ ਕਿ ਫਾਜ਼ਿਲਕਾ ਜ਼ਿਲੇ ਦੀ ਪਿੰਡ ਬੋਦੀਵਾਲਾ ਪੀਥਾ ਵਿਖੇ ਬਣੀ ਸਹਿਕਾਰੀ ਖੰਡ ਮਿੱਲ ਨੇ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ।
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਲਗਾਤਾਰ ਇਸ ਮਿੱਲ ਦੀ ਬਿੱਹਤਰੀ ਲਈ ਕਾਰਜਸ਼ੀਲ ਰਹਿੰਦੇ ਹਨ। ਸ਼ੂਗਰ ਫੈਡ ਦੇ ਐਮਡੀ ਡਾ ਸੇਨੂ ਦੁੱਗਲ ਦੀ ਰਹਿਨੁਮਾਈ ਹੇਠ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਦੀ ਬਿਹਤਰੀ ਲਈ ਇਸ ਮਿੱਲ ਦੀ ਦੇਖਰੇਖ ਕਰਦਿਆਂ ਇਸ ਨੂੰ ਬਿਹਤਰ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਬਤੌਰ ਐਮਡੀ ਸ਼ੂਗਰ ਫੈਡ ਡਾ ਸੇਨੂ ਦੁੱਗਲ ਹਮੇਸ਼ਾ ਮਿੱਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਲੈਂਦੇ ਰਹਿੰਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਿੱਲ ਦੇ ਜਨਰਲ ਮੈਨੇਜਰ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸ ਸਹਿਕਾਰੀ ਮਿੱਲ ਵੱਲੋਂ ਇਸ ਸਾਲ 11.99 ਲੱਖ ਕੁਇੰਟਲ ਗੰਨਾ ਪੀੜਿਆ ਗਿਆ ਹੈ ਜਦਕਿ ਪਿਛਲੇ ਸਾਲ ਦੌਰਾਨ 9.30 ਲੱਖ ਕੁਇੰਟਲ ਗੰਨਾ ਹੀ ਪੀੜਿਆ ਗਿਆ ਸੀ। ਉਹਨਾਂ ਦੱਸਿਆ ਕਿ ਪਿਛਲੇ ਸਾਲ ਜਿੱਥੇ ਮਿੱਲ 82 ਦਿਨ ਚੱਲੀ ਸੀ ਉੱਥੇ ਹੀ ਇਸ ਵਾਰ ਮਿੱਲ 103 ਦਿਨ ਚੱਲੀ ਹੈ। ਪਿਛਲੇ ਸਾਲ ਇਸ ਮਿੱਲ ਵੱਲੋਂ 77250 ਕੁਇੰਟਲ ਖੰਡ ਦੀ ਪੈਦਾਵਾਰ ਕੀਤੀ ਗਈ ਸੀ ਜਦਕਿ ਇਸ ਵਾਰ 1 ਲੱਖ ਕੁਇੰਟਲ ਖੰਡ ਦੀ ਪੈਦਾਵਾਰ ਹੋਈ ਹੈ।
ਉਹਨਾਂ ਦੱਸਿਆ ਕਿ ਪਿਛਲੇ ਸਾਲ ਮਿੱਲ ਦੀ ਸਮਰੱਥਾ ਦੇ ਮੁਕਾਬਲੇ 92.13 ਪ੍ਰਤੀਸ਼ਤ ਵਰਤੋਂ ਹੋ ਸਕੀ ਸੀ ਜਦਕਿ ਇਸ ਵਾਰ ਸਮਰੱਥਾ ਵਰਤੋਂ ਦਾ ਪ੍ਰਤੀਸ਼ਤ 93.89 ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਡਾਊਨ ਟਾਈਮ ਭਾਵ ਮਿੱਲ ਦੇ ਕੰਮ ਕਰਨ ਵਿੱਚ ਰੁਕਾਵਟ 7.47 ਫੀਸਦੀ ਸੀ ਜਦਕਿ ਇਸ ਵਾਰ ਬਿਹਤਰ ਪ੍ਰਬੰਧਨ ਨਾਲ ਇਹ ਘਟ ਕੇ 5.95 ਫੀਸਦੀ ਰਹਿ ਗਈ ਹੈ। ਉਨਾਂ ਨੇ ਆਖਿਆ ਕਿ ਪਿਛਲੇ ਸਾਲ ਮਿੱਲ ਵੱਲੋਂ ਕਿਸਾਨਾਂ ਨੂੰ 8.31 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ ਪਰ ਇਸ ਸਾਲ ਇਹ ਅਦਾਇਗੀ 16.86 ਕਰੋੜ ਰੁਪਏ ਦੀ ਕੀਤੀ ਗਈ ਹੈ।
ਇਸੇ ਤਰ੍ਹਾਂ ਗੰਨੇ ਵਿੱਚੋਂ ਖੰਡ ਦੀ ਪ੍ਰਾਪਤੀ ਦਾ ਪ੍ਰਤੀਸ਼ਤ ਵੀ ਪਿਛਲੇ ਸਾਲ ਦੇ ਮੁਕਾਬਲੇ ਵਧਿਆ ਹੈ। ਪਿਛਲੇ ਸਾਲ ਖੰਡ ਦੀ ਰਿਕਵਰੀ ਪ੍ਰਤੀ ਕੁਇੰਟਲ ਗੰਨੇ ਪਿੱਛੇ 8.48 ਫੀਸਦੀ ਸੀ ਜੋ ਕਿ ਇਸ ਵਾਰ ਵੱਧ ਕੇ 8.51 ਫੀਸਦੀ ਹੋ ਗਈ ਹੈ ਜਿਸਦਾ ਭਾਵ ਹੈ ਕਿ ਇਸ ਇਲਾਕੇ ਦੇ ਕਿਸਾਨ ਵੀ ਚੰਗੀ ਗੁਣਵਤਾ ਦਾ ਗੰਨਾ ਪੈਦਾ ਕਰ ਰਹੇ ਹਨ।
ਮਿੱਲ ਦੇ ਚੇਅਰਮੈਨ ਅਸ਼ਵਨੀ ਕੁਮਾਰ ਸ਼ਿਆਗ ਅਤੇ ਬੋਰਡ ਆਫ ਡਾਇਰੈਕਟਰ ਵੱਲੋਂ ਮਿਲ ਦੀ ਕਾਰਗੁਜ਼ਾਰੀ ਲਈ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ ਹੈ ਅਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਿੱਲ ਦੀ ਬਿਹਤਰ ਕਾਰਗੁਜ਼ਾਰੀ ਗੰਨਾ ਉਤਪਾਦਕ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਨੇ ਇੱਥੇ ਪਿੜਾਈ ਸੀਜਨ ਦੌਰਾਨ ਕੰਮ ਕਰਦੇ ਰਹੇ ਜੀਐਮ ਸੁਖਦੀਪ ਸਿੰਘ ਦੇ ਵਿਸੇਸ਼ ਯੋਗਦਾਨ ਦੀ ਵੀ ਸਲਾਘਾ ਕੀਤੀ।