13th gift to Ram Rahim: ਰਾਮ ਰਹੀਮ ਨੂੰ 13ਵਾਂ ਤੋਹਫ਼ਾ! ਪੜ੍ਹੋ ਕਿਸ ਮਾਮਲੇ 'ਚ ਹੋ ਚੁੱਕਿਆ ਬਰੀ, ਕਿੰਨਾ ਮਾਮਲਿਆਂ 'ਚ ਕੱਟ ਰਿਹੈ ਸਜ਼ਾ?
ਗੁਰਪ੍ਰੀਤ
ਚੰਡੀਗੜ੍ਹ, 9 ਅਪ੍ਰੈਲ 2025- ਬਲਾਤਕਾਰ ਅਤੇ ਕਤਲ ਕੇਸ ਵਿੱਚ ਜੇਲ੍ਹ ਦੇ ਅੰਦਰ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਹੁਣ 13ਵੀਂ ਵਾਰ ਜੇਲ੍ਹ ਤੋਂ ਬਾਹਰ ਆਏ ਹਨ। ਇਸ ਵਾਰ ਉਨ੍ਹਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਰਾਮ ਰਹੀਮ ਅੱਜ ਯਾਨੀਕਿ 9 ਅਪ੍ਰੈਲ 2025 ਨੂੰ 21 ਦਿਨਾਂ ਦੀ ਫਰਲੋ ਤੇ ਜੇਲ੍ਹ ਤੋਂ ਬਾਹਰ ਆਇਆ।
ਪੁਲਿਸ ਸੁਰੱਖਿਆ ਵਿਚਕਾਰ ਉਸ ਨੂੰ ਸਿਰਸਾ ਸਥਿਤ ਆਪਣੇ ਡੇਰੇ ਲਿਜਾਇਆ ਗਿਆ। ਜਾਣਕਾਰੀ ਮੁਤਾਬਿਕ, ਇਸ ਵਾਰ ਉਹ ਸਿਰਸਾ ਡੇਰੇ 'ਚ ਹੀ ਰਹੇਗਾ। ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਰੋਹਤਕ ਜੇਲ੍ਹ ਤੋਂ ਉਸਨੂੰ ਲੈਣ ਪਹੁੰਚੀ ਸੀ।
ਹਾਲਾਂਕਿ ਰਾਮ ਰਹੀਮ ਨੂੰ ਵਾਰ ਵਾਰ ਫਰਲੋ ਅਤੇ ਪੈਰੋਲ ਮਿਲਣ ਦੇ ਕਾਰਨ ਹਰਿਆਣਾ ਦੀ ਭਾਜਪਾ ਸਰਕਾਰ ਵਿਵਾਦਾਂ ਦੇ ਵਿੱਚ ਵੀ ਘਿਰੀ ਰਹਿੰਦੀ ਹੈ। ਇਸ ਤੋਂ ਪਹਿਲਾਂ, ਜਨਵਰੀ 2025 ਵਿੱਚ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਨਾਲ ਉਹ 8 ਸਾਲ ਬਾਅਦ ਸਿਰਸਾ ਡੇਰੇ ਪਹੁੰਚਿਆ ਸੀ।
ਰਾਮ ਰਹੀਮ ਕਦੋਂ-ਕਦੋਂ ਜੇਲ੍ਹ ਤੋਂ ਬਾਹਰ ਆਇਆ?
ਰਾਮ ਰਹੀਮ ਨੇ ਆਪਣੀ ਸਜ਼ਾ ਦੌਰਾਨ ਕਈ ਵਾਰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਪ੍ਰਾਪਤ ਕੀਤਾ ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ:
24 ਅਕਤੂਬਰ 2020: ਮਾਂ ਦੇ ਹਸਪਤਾਲ ਵਿੱਚ ਦਾਖਲ ਹੋਣ 'ਤੇ ਮਿਲੀ 1 ਦਿਨ ਦੀ ਪੈਰੋਲ।
21 ਮਈ 2021: ਮਾਂ ਨਾਲ ਮੁਲਾਕਾਤ ਲਈ 12 ਘੰਟੇ ਦੀ ਪੈਰੋਲ।
7 ਫਰਵਰੀ 2022: ਪਰਿਵਾਰ ਨਾਲ ਮੁਲਾਕਾਤ ਲਈ 21 ਦਿਨ ਦੀ ਫਰਲੋ।
ਜੂਨ 2022: 30 ਦਿਨ ਦੀ ਪੈਰੋਲ 'ਤੇ ਯੂਪੀ ਦੇ ਬਾਗਪਤ ਆਸ਼ਰਮ ਗਿਆ।
14 ਅਕਤੂਬਰ 2022: 40 ਦਿਨ ਦੀ ਪੈਰੋਲ ਮਿਲੀ, ਜਿਸ ਦੌਰਾਨ ਬਾਬਾ ਨੇ ਮਿਊਜ਼ਿਕ ਵੀਡੀਓਜ਼ ਬਣਾਏ।
21 ਜਨਵਰੀ 2023: ਸ਼ਾਹ ਸਤਨਾਮ ਸਿੰਘ ਦੀ ਜਯੰਤੀ 'ਚ ਸ਼ਾਮਲ ਹੋਣ ਲਈ 40 ਦਿਨ ਦੀ ਪੈਰੋਲ।
20 ਜੁਲਾਈ 2023: ਬਾਬਾ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ।
21 ਨਵੰਬਰ 2023: 21 ਦਿਨ ਦੀ ਫਰਲੋ 'ਤੇ ਬਾਗਪਤ ਆਸ਼ਰਮ ਪਹੁੰਚਿਆ।
19 ਜਨਵਰੀ 2024: 50 ਦਿਨ ਦੀ ਫਰਲੋ 'ਤੇ ਜੇਲ੍ਹ ਤੋਂ ਬਾਹਰ।
13 ਅਗਸਤ 2024: 21 ਦਿਨ ਦੀ ਫਰਲੋ 'ਤੇ ਬਾਗਪਤ ਆਸ਼ਰਮ ਪਹੁੰਚਿਆ।
2 ਅਕਤੂਬਰ 2024: 20 ਦਿਨ ਦੀ ਪੈਰੋਲ 'ਤੇ ਯੂਪੀ ਦੇ ਬਰਨਾਵਾ ਆਸ਼ਰਮ ਪਹੁੰਚਿਆ।
28 ਜਨਵਰੀ 2025: ਰਾਮ ਰਹੀਮ 30 ਦਿਨ ਦੀ ਪੈਰੋਲ 'ਤੇ ਸਿਰਸਾ ਆਸ਼ਰਮ ਪਹੁੰਚਿਆ।
9 ਅਪ੍ਰੈਲ 2025: ਰਾਮ ਰਹੀਮ 21 ਦਿਨ ਦੀ ਫਰਲੋ 'ਤੇ ਸਿਰਸਾ ਆਸ਼ਰਮ ਪਹੁੰਚਿਆ।
ਜਾਣਕਾਰੀ ਅਨੁਸਾਰ, ਰਾਮ ਰਹੀਮ ਨੂੰ 2017 ਵਿੱਚ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ (ਹਰੇਕ ਕੇਸ ਲਈ 10 ਸਾਲ)। ਉਸਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਹੈ। ਹਾਲਾਂਕਿ 2021 ਵਿੱਚ, ਰਣਜੀਤ ਸਿੰਘ ਕਤਲ ਕੇਸ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਬਾਅਦ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਉਸਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ।
ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪੈਰੋਲ 'ਤੇ ਰਾਮ ਰਹੀਮ
ਜ਼ਿਆਦਾਤਰ ਮੌਕਿਆਂ 'ਤੇ, ਰਾਮ ਰਹੀਮ ਦੀ ਪੈਰੋਲ ਚੋਣਾਂ ਦੇ ਨਾਲ ਮੇਲ ਖਾਂਦੀ ਰਹੀ ਹੈ। ਪਿਛਲੇ ਸਾਲ ਅਕਤੂਬਰ ਵਿੱਚ, ਉਸਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ 20 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਉਸਨੂੰ ਪਿਛਲੇ ਸਾਲ ਜਨਵਰੀ ਵਿੱਚ 50 ਦਿਨਾਂ ਲਈ ਅਤੇ ਫਿਰ 13 ਅਗਸਤ, 2024 ਨੂੰ 21 ਦਿਨਾਂ ਲਈ ਰਿਹਾਅ ਕੀਤਾ ਗਿਆ ਸੀ। ਉਸਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ 2023 ਵਿੱਚ 29 ਦਿਨਾਂ ਦੀ ਪੈਰੋਲ ਮਿਲੀ ਸੀ ਅਤੇ ਹਰਿਆਣਾ ਵਿੱਚ ਪੰਚਾਇਤ ਚੋਣਾਂ ਤੋਂ ਪਹਿਲਾਂ ਜੁਲਾਈ 2023 ਵਿੱਚ 30 ਦਿਨਾਂ ਦੀ ਪੈਰੋਲ 'ਤੇ ਬਾਹਰ ਸੀ। ਅਕਤੂਬਰ 2022 ਵਿੱਚ ਹਰਿਆਣਾ ਵਿੱਚ ਆਦਮਪੁਰ ਵਿਧਾਨ ਸਭਾ ਉਪ ਚੋਣ ਤੋਂ ਪਹਿਲਾਂ ਉਸਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।
ਇਸ ਤੋਂ ਇਲਾਵਾ, ਉਸਨੂੰ ਹਰਿਆਣਾ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਜੂਨ 2022 ਵਿੱਚ 30 ਦਿਨਾਂ ਦੀ ਪੈਰੋਲ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਰਵਰੀ 2022 ਵਿੱਚ 21 ਦਿਨਾਂ ਦੀ ਫਰਲੋ ਮਿਲੀ ਸੀ। 24 ਅਕਤੂਬਰ 2020 ਨੂੰ, ਗੁਰਮੀਤ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਜੇਲ੍ਹ ਤੋਂ ਰਿਹਾਅ ਕੀਤਾ ਗਿਆ।
ਜੇਲ੍ਹ ਤੋਂ ਰਿਹਾਅ ਕਰਨ ਦਾ ਮਾਮਲਾ ਕੋਰਟ ਤੱਕ ਪਹੁੰਚਿਆ
ਤੁਹਾਨੂੰ ਦੱਸ ਦੇਈਏ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਵਾਰ-ਵਾਰ ਰਿਹਾਅ ਕੀਤੇ ਜਾਣ ਵਿਰੁੱਧ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਹਾਲਾਂਕਿ, ਦੇਸ਼ ਦੀ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਗਈ ਸੀ ਜਿਸ ਵਿੱਚ ਹਰਿਆਣਾ ਸਰਕਾਰ ਵੱਲੋਂ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਦੇ ਫੈਸਲੇ ਵਿਰੁੱਧ ਇਤਰਾਜ਼ ਜਤਾਇਆ ਗਿਆ ਸੀ।
ਜਸਟਿਸ ਬੀਆਰ ਗਵਈ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਸੀ ਕਿ ਇਹ ਪਟੀਸ਼ਨ ਵੱਡੇ ਜਨਹਿੱਤ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸਿਰਫ਼ ਇੱਕ ਵਿਅਕਤੀ ਵਿਰੁੱਧ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਹਰਿਆਣਾ ਸਰਕਾਰ ਰਾਮ ਰਹੀਮ ਨੂੰ ਅਸਥਾਈ ਰਿਹਾਈ ਦੇ ਕੇ ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰਜ਼ (ਆਰਜ਼ੀ ਰਿਹਾਈ) ਐਕਟ, 2022 ਦੀ ਧਾਰਾ 11 ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰ ਰਹੀ ਹੈ।
ਰਾਮ ਰਹੀਮ ਸੁਨਾਰੀਆ ਜੇਲ੍ਹ 'ਚ ਕੱਟ ਰਿਹੈ ਸਜ਼ਾ
ਰਾਮ ਰਹੀਮ ਇਸ ਸਮੇਂ ਰੋਹਤਕ ਦੀ ਉੱਚ-ਸੁਰੱਖਿਆ ਵਾਲੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਰਾਮ ਰਹੀਮ ਨੂੰ ਅਗਸਤ 2017 ਵਿੱਚ ਦੋ ਔਰਤਾਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। 2019 ਵਿੱਚ, ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸਨੂੰ ਅਤੇ ਤਿੰਨ ਹੋਰਾਂ ਨੂੰ 16 ਸਾਲ ਪਹਿਲਾਂ ਇੱਕ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 25 ਅਗਸਤ, 2017 ਨੂੰ ਉਸਦੀ ਸਜ਼ਾ ਤੋਂ ਬਾਅਦ, ਪੰਚਕੂਲਾ ਅਤੇ ਸਿਰਸਾ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਕਰੀਬ 41 ਲੋਕ ਮਾਰੇ ਗਏ ਅਤੇ 260 ਤੋਂ ਵੱਧ ਜ਼ਖਮੀ ਹੋ ਗਏ ਸਨ।
ਰਾਮ ਰਹੀਮ 'ਤੇ ਲੱਗੇ ਦੋਸ਼ ਅਤੇ ਇਸ ਨਾਲ ਜੁੜੇ ਵਿਵਾਦ
ਇੱਕ ਰਿਪੋਰਟ ਦੇ ਅਨੁਸਾਰ, ਰਾਮ ਰਹੀਮ ਦਾ ਨਾਮ ਪੰਜਾਬ ਵਿੱਚ ਕਈ ਵਿਵਾਦਾਂ ਨਾਲ ਜੁੜਦਾ ਰਿਹਾ ਹੈ। ਸਾਲ 2007 ਬਠਿੰਡਾ ਦੇ ਸਲਾਬਤਪੁਰਾ ਵਿਚਲੇ ਡੇਰੇ ਵਿੱਚ ਹੋਏ ਇੱਕ ਸਮਾਗਮ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਸਵਾਂਗ (ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਲਗਾਉਣ) ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਬਾਅਦ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ।
ਸਾਲ 2015 ਵਿੱਚ ਫਰੀਦਕੋਟ ਵਿਚਲੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਅਤੇ ਇਸ ਮਗਰੋਂ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਮਾਮਲਿਆਂ ਵਿੱਚ ਵੀ ਡੇਰੇ ਨਾਲ ਸਬੰਧਤ ਲੋਕਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਸਨ। ਇਸ ਮਗਰੋਂ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਠਨਾਂ ਦੌਰਾਨ ਟਕਰਾਅ ਦੀ ਸਥਿਤੀ ਬਣ ਗਈ ਸੀ। ਡੇਰਾ ਸੱਚਾ ਸੌਦਾ ਦੇ ਸਮਰਥਕ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ।