ਗੈਰਾਜ ਵਿੱਚ ਖੜੀ ਕਾਰ ਦਾ 290 ਕਿਲੋਮੀਟਰ ਦੂਰ ਟੋਲ ਪਲਾਜੇ 'ਤੇ ਕੱਟਿਆ ਗਿਆ ਟੋਲ
- ਅੱਧੀ ਰਾਤੀ ਕਾਰ ਮਾਲਕ ਖਾਤੇ ਵਿਚੋਂ ਪੈਸੇ ਕੱਟਣ ਦਾ ਮੈਸੇਜ ਆਉਣ ਤੇ ਰਹਿ ਗਿਆ ਹੱਕਾ ਬੱਕਾ
ਰੋਹਿਤ ਗੁਪਤਾ
ਗੁਰਦਾਸਪੁਰ, 10 ਅਪ੍ਰੈਲ 2025 - ਦੀਨਾਨਗਰ ਵਿਖੇ ਇੱਕ ਗੈਰਾਜ ਵਿੱਚ ਖੜੀ ਸਵਿਫਟ ਕਾਰ ਦਾ ਅੱਧੀ ਰਾਤ ਨੂੰ ਅਚਾਨਕ ਟੋਲ ਕੱਟਿਆ ਜਾਂਦਾ ਹੈ ਤਾਂ ਟੋਲ ਕੱਟਣ ਉਪਰੰਤ ਜਦ ਕਾਰ ਮਾਲਕ ਦੇ ਮੋਬਾਈਲ ਤੇ ਪੈਸੇ ਕੱਟਣ ਦਾ ਮੈਸੇਜ ਆਉਂਦਾ ਹੈ ਤਾਂ ਮੈਸੇਜ ਵੇਖ ਕੇ ਇੱਕ ਵਾਰ ਕਾਰ ਮਾਲਕ ਹੱਕਾ ਬੱਕਾ ਰਹਿ ਜਾਂਦਾ ਹੈ ਕਿਉਂਕਿ ਕਰੀਬ 290 ਕਿਲੋਮੀਟਰ ਦੀ ਦੂਰੀ ਤੇ ਖਨੌਰੀ ਨੇੜੇ ਇਕ ਟੋਲ ਪਲਾਜਾ ਪਾਰ ਕਰਨ ਤੇ ਉਸ ਦੇ ਖਾਤੇ ਵਿੱਚੋਂ 95 ਰੁਪਏ ਕੱਟੇ ਜਾਂਦੇ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਕਾਰ ਦੇ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਵੀ ਮੇਰੇ ਨਾਲ ਇਹ ਘਟਨਾ ਵਾਪਰੀ ਸੀ ਪਰ ਹੁਣ ਫਿਰ ਇਹ ਘਟਨਾ ਵਾਪਰਨ ਕਾਰਨ ਮੈਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਾਰ ਤਾਂ ਦੀਨਾਨਗਰ ਵਿਖੇ ਖੜੀ ਸੀ ਅਤੇ ਖਨੌਰੀ ਨੇੜਿਓ ਟੋਲ ਪਲਾਜੇ ਤੋਂ ਮੇਰੇ ਗੱਡੀ ਦਾ ਟੋਲ ਕਿਵੇਂ ਕੱਟਿਆ ਜਾ ਸਕਦਾ ਹੈ। ਮੈਂ ਇਸ ਸਬੰਧੀ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਕਿਉਂਕਿ ਇਹ ਦੂਸਰੀ ਵਾਰ ਹੋ ਚੁੱਕਿਆ ਹੈ।