ਖੰਨਾ 'ਚ ਸਰਕਾਰੀ ਸਕੂਲ ਦੇ ਬਾਹਰ ਦੇਸ਼ ਵਿਰੋਧੀ ਨਾਅਰੇ ਲਿਖੇ, ਪੰਨੂੰ ਨੇ ਲਈ ਜ਼ਿੰਮੇਦਾਰੀ
ਰਵਿੰਦਰ ਢਿੱਲੋਂ
ਖੰਨਾ, 9 ਅਪ੍ਰੈਲ 2025 - ਖੰਨਾ ਦੇ ਪਿੰਡ ਨਸਰਾਲੀ ਦੇ ਮੇਜਰ ਹਰਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ 'ਤੇ ਭਾਰਤੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਵਿਰੋਧੀ ਨਾਅਰੇ ਲਿਖੇ ਗਏ। ਕੰਧ 'ਤੇ ਲਿਖਿਆ ਸੀ ਕਿ ਸਿੱਖ ਹਿੰਦੂ ਨਹੀਂ ਹਨ ਅਤੇ ਭਗਤ ਰਵਿਦਾਸ ਜੀ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ। ਹੋਰ ਵੀ ਦੇਸ਼ ਵਿਰੋਧੀ ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਗਏ।
ਧਮਾਕੇ ਕਰਾਉਣ ਦੀ ਧਮਕੀ ਦਿੱਤੀ
ਇਸ ਮਗਰੋਂ ਸਿੱਖ ਫਾਰ ਜਸਟਿਸ ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੇ ਵੀਡਓ ਜਾਰੀ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਵਰ੍ਹੇਗੰਢ ਨਾ ਮਨਾਵੇ। ਜੇ ਕੋਈ ਮਨਾਉਂਦਾ ਹੈ, ਤਾਂ ਉਹ ਲੁਧਿਆਣਾ ਵਿੱਚ ਧਮਾਕੇ ਕਰਾਉਣਗੇ ਅਤੇ ਕੰਧਾਂ 'ਤੇ ਛਾਪੇ ਲਾਏ ਜਾਣਗੇ। ਪੰਨੂੰ ਨੇ ਵੀਡੀਓ ਵਿੱਚ ਕਿਹਾ ਕਿ ਹੁਣ ਫੈਸਲਾ ਲੁਧਿਆਣਾ ਦੇ ਲੋਕਾਂ ਨੇ ਲੈਣਾ ਹੈ।
ਇਸ ਘਟਨਾ ਨੂੰ ਲੈਕੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੰਨੂੰ ਮੈਂਟਲ ਹੈ। ਉਸਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਹੈ। ਪ੍ਰੰਤੂ, ਸਵਾਲ ਪੰਜਾਬ ਦੀ ਅਮਨ ਸ਼ਾਂਤੀ ਦਾ ਹੈ। ਸੂਬੇ ਦੀ ਸਰਕਾਰ, ਪੁਲਿਸ ਤੇ ਸੁਰੱਖਿਆ ਏਜੰਸੀਆਂ ਫੇਲ੍ਹ ਸਾਬਤ ਹੋ ਰਹੀਆਂ ਹਨ। ਪੰਨੂੰ ਦਾ ਨੈੱਟਵਰਕ ਫੈਲ ਰਿਹਾ ਹੈ। ਰੋਜ਼ਾਨਾ ਹੀ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਰਹੀ ਹੈ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਪੰਨੂੰ ਨੂੰ ਫੜ ਕੇ ਭਾਰਤ ਲਿਆਉਣਾ ਚਾਹੀਦਾ ਹੈ।
ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ - ਐੱਸਪੀ
ਦੂਜੇ ਪਾਸੇ ਜਦੋਂ ਪ੍ਰਸ਼ਾਸਨ ਨੂੰ ਪੰਨੂ ਦੇ ਇਸ ਘਿਣਾਉਣੇ ਕੰਮ ਦੀ ਖ਼ਬਰ ਮਿਲੀ ਤਾਂ ਪ੍ਰਸ਼ਾਸਨ ਵੱਲੋਂ ਤੁਰੰਤ ਕੰਧਾਂ ਉਪਰ ਰੰਗ ਕਰਵਾ ਦਿੱਤਾ ਗਿਆ। ਪਰ ਸਕੂਲ ਦੇ ਬਾਹਰ ਕੰਧਾਂ 'ਤੇ ਲਿਖੇ ਨਾਅਰੇ ਵਾਇਰਲ ਹੋ ਗਏ। ਉਹ ਜਗ੍ਹਾ ਜਿੱਥੇ ਇਹ ਲਿਖਿਆ ਗਿਆ ਸੀ, ਹੁਣ ਪੇਂਟ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਐਸਪੀ (ਆਈ) ਪਵਨਜੀਤ ਚੌਧਰੀ ਨੇ ਕਿਹਾ ਕਿ ਡੀਐਸਪੀ ਅਤੇ ਐਸਐਚਓ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।