ਪੰਜਾਬ ਦੇ ਸਕੂਲ ਹੁਣ ਬਲੈਕ ਬੋਰਡ ਤੋਂ ਸਮਾਰਟ ਕਲਾਸ ਰੂਮ ਤੇ ਇਲੈਕਟਰੋਨਿਕ ਪੈਨਲ ਵਾਲੇ ਸਕੂਲਾਂ ਵਿੱਚ ਬਦਲੇ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸੈਦੋ ਕੇ ਹਿਠਾੜ ਅਤੇ ਨਿਓਲਾਂ ਪਿੰਡ ਵਿੱਚ 48 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਕੀਤੇ ਉਦਘਾਟਨ
- ਕਿਹਾ ਪੰਜਾਬ ਦੇ ਸਕੂਲ ਬਲੈਕ ਬੋਰਡ ਤੋਂ ਹੁਣ ਸਮਾਰਟ ਕਲਾਸ ਰੂਮ ਤੇ ਇਲੈਕਟਰੋਨਿਕ ਪੈਨਲ ਵਾਲੇ ਸਕੂਲਾਂ ਵਿੱਚ ਬਦਲੇ
ਫਾਜ਼ਿਲਕਾ 9 ਅਪ੍ਰੈਲ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਵੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ ਸ਼ੁਰੂ ਕੀਤੇ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਸੈਦੋ ਕੇ ਹਿਠਾੜ ਅਤੇ ਨਿਓਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਲਗਭਗ 48 ਲੱਖ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਸ ਦੌਰਾਨ ਬੋਲਦਿਆਂ ਉਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਰਕਾਰੀ ਸਕੂਲ ਬਲੈਕ ਬੋਰਡਾਂ ਵਾਲੇ ਅਤੇ ਤੱਪੜਾਂ ਵਾਲੇ ਸਕੂਲ ਸਨ ਜਦਕਿ ਹੁਣ ਇਲੈਕਟਰੋਨਿਕ ਪੈਨਲ ਵਾਲੇ ਸਮਾਰਟ ਕਲਾਸ ਰੂਮ ਅਤੇ ਵਧੀਆ ਮਿਆਰੀ ਸਹੂਲਤਾਂ ਵਾਲੇ ਸਕੂਲ ਬਣਾਏ ਗਏ ਹਨ। ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਸਕੂਲਾਂ ਦੀਆਂ ਚਾਰ ਦਵਾਰੀਆਂ ਟੁੱਟੀਆਂ ਹੋਈਆਂ ਸਨ ਅਤੇ ਹੁਣ ਪੰਜਾਬ ਸਰਕਾਰ ਨੇ 1000 ਕਿਲੋਮੀਟਰ ਤੋਂ ਵੀ ਜਿਆਦਾ ਲੰਬਾਈ ਦੀਆਂ ਚਾਰਦਵਾਰੀਆਂ ਸਕੂਲਾਂ ਵਿੱਚ ਬਣਾਈਆਂ ਹਨ।
ਵਿਧਾਇਕ ਨੇ ਕਿਹਾ ਕਿ 2022 ਦੀਆਂ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਰਕਾਰਾਂ ਆਖਰੀ ਸਾਲ ਵਿੱਚ ਕੰਮ ਕਰਦੀਆਂ ਸਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਹਿਲੇ ਤਿੰਨ ਸਾਲਾਂ ਵਿੱਚ ਹੀ ਵਿਕਾਸ ਦੇ ਲਗਭਗ ਸਾਰੇ ਕੰਮ ਕਰ ਦਿੱਤੇ ਹਨ।
ਉਨਾਂ ਨੇ ਇਸ ਮੌਕੇ ਪਿੰਡ ਸੈਦੋਕੇ ਹਿਠਾੜ ਵਿੱਚ ਇੱਕ ਕਮਰੇ ਅਤੇ ਚਾਰ ਦਵਾਰੀ ਸਮੇਤ 33.96 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਪਿੰਡ ਨਿਓਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਉਹਨਾਂ ਨੇ 14 ਲੱਖ ਤੋਂ ਵੱਧ ਦੀ ਲਾਗਤ ਨਾਲ ਬਣੀ ਚਾਰਦਵਾਰੀ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਖੁਸ਼ਬੂ ਸਾਵਣ ਸੁੱਖਾ ਸਵਨਾ ਨੇ ਕਿਹਾ ਕਿ ਇਹ ਦਿਨ ਭਾਗਾਂ ਵਾਲਾ ਹੈ ਜਦੋਂ ਸਿੱਖਿਆ ਕ੍ਰਾਂਤੀ ਸਰਹੱਦੀ ਪਿੰਡਾਂ ਵਿੱਚ ਪਹੁੰਚ ਰਹੀ ਹੈ ਅਤੇ ਸਰੱਹਦੀ ਪਿੰਡਾਂ ਦੇ ਲੋਕਾਂ ਨੂੰ ਵੀ ਉੱਚ ਗੁਣਵੱਤਾ ਦੀ ਸਿੱਖਿਆ ਮੁਹਈਆ ਕਰਵਾਉਣ ਲਈ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਿੱਖਿਆ ਕੋਆਰਡੀਨੇਟਰ ਸੁਰਿੰਦਰ ਕੰਬੋਜ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸਤੀਸ਼ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਅਤੇ ਸਿੱਖਿਆ ਵਿਭਾਗ ਦੀਆਂ ਵੱਖ-ਵੱਖ ਪ੍ਰਾਪਤੀਆਂ ਤੋਂ ਪਿੰਡਾਂ ਦੇ ਲੋਕਾਂ ਨੂੰ ਜਾਣੂ ਕਰਵਾਇਆ । ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰ ਸ਼ਾਹ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਮੋਦ ਕੁਮਾਰ ਤੋਂ ਇਲਾਵਾ ਇਲਾਕੇ ਦੇ ਵੱਖ-ਵੱਖ ਪਤਵੰਤੇ ਹਾਜ਼ਰ ਸਨ।ਇਸ ਦੌਰਾਨ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਵੀ ਆਪਣੇ ਹੁਨਰ ਦਾ ਲੋਹਾ ਮੰਨਵਾਇਆ।