Babushahi Special: ਕਾਰੋਬਾਰਾਂ ਦੇ ਨਾ ਰੁਲ ਜਾਣ ਤੱਪੜ ਤਾਂ ਪਿਆ ਬਠਿੰਡਾ ਦਾ ਬੱਸ ਅੱਡਾ ਸ਼ਿਫਟ ਕਰਨ ਦਾ ਰੱਫੜ
ਅਸ਼ੋਕ ਵਰਮਾ
ਬਠਿੰਡਾ,10 ਅਪ੍ਰੈਲ 2025: ਬਠਿੰਡਾ ’ਚ ਬਣਨ ਵਾਲੇ ਨਵੇਂ ਬੱਸ ਅੱਡੇ ਦੀ ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਸ ਅੱਡਾ ਸ਼ਹਿਰੋਂ ਬਾਹਰ ਸ਼ਿਫਟ ਕਰਨ ਖਿਲਾਫ ਰੱਫੜ ਖੜ੍ਹਾ ਹੋ ਗਿਆ ਹੈ। ਪ੍ਰਾਈਵੇਟ ਬੱਸ ਮਾਲਕ ਅਤੇ ਦੁਕਾਨਦਾਰ ਪੰਜਾਬ ਸਰਕਾਰ ਦੇ ਪ੍ਰਜੈਕਟ ਖਿਲਾਫ ਇੱਕ ਮੋਰੀ ਨਿਕਲ ਗਏ ਹਨ। ਹਾਲਾਂਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ ਜਲਦੀ ਹੀ ਉਸਾਰੀ ਸ਼ੁਰੂ ਕਰਨ ਦੀ ਗੱਲ ਆਖੀ ਹੈ ਪਰ ਲੋਕਾਂ ਨੇ ਕਿਹਾ ਕਿ ਬੱਸ ਅੱਡਾ ਤਬਦੀਲ ਨਹੀਂ ਹੋਣ ਦਿੱਤਾ ਜਾਏਗਾ। ਦੁਕਾਨਦਾਰਾਂ ਨੇ ਇਸ ਸਬੰਧ ’ਚ ਮੀਟਿੰਗ ਕੀਤੀ ਹੈ ਅਤੇ ਬੱਸ ਮਾਲਕਾਂ ਨੇ ਬੱਸਾਂ ਤੇ ਪੋਸਟਰ ਲਾਕੇ ਵਿਰੋਧ ਜਤਾਇਆ ਹੈ। ਦੁਕਾਨਦਾਰਾਂ ਦਾ ਪ੍ਰਤੀਕਰਮ ਹੈ ਕਿ ਜੇਕਰ ਬੱਸ ਅੱਡਾ ਮਲੋਟ ਵਾਲੀ ਸੜਕ ਤੇ ਚਲਾ ਜਾਂਦਾ ਹੈ ਤਾਂ ਉਨ੍ਹਾਂ ਦਾ ਧੰਦਾ ਚੌਪਟ ਹੋ ਜਾਏਗਾ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੇ ਝੰਬੇ ਕਾਰੋਬਾਰ ਤਾਂ ਹੁਣ ਤੱਕ ਲੀਹ ਤੇ ਨਹੀਂ ਆ ਸਕੇ ਹਨ ਅਤੇ ਹੁਣ ਸਰਕਾਰ ਉਨ੍ਹਾਂ ਦੇ ਧੰਦੇ ਤੇ ਲੱਤ ਮਾਰਨ ਲੱਗੀ ਹੈ।
ਦੁਕਾਨਦਾਰ ਆਖਦੇ ਹਨ ਕਿ ਜਿਲ੍ਹਾ ਕਚਹਿਰੀਆਂ, ਆਮਦਨ ਕਰ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਡਿਪੂ, ਤਹਿਸੀਲਦਾਰ ਦਫਤਰ, ਡਿਪਟੀ ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਸਮੂਹ ਦਫਤਰਾਂ ਵਾਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬੱਸ ਅੱਡੇ ਦੀ ਉਸਾਰੀ ਕੀਤੀ ਗਈ ਸੀ ਤਾਂ ਇੰਨ੍ਹਾਂ ਦਫਤਰਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬਾਹਰਲੇ ਪਿੰਡਾਂ ਸ਼ਹਿਰਾਂ ਅਤੇ ਸੂਬਿਆਂ ਚੋਂ ਆਉਣ ਵਾਲਿਆਂ ਲਈ ਬੱਸ ਅੱਡਾ ਇੱਕ ਮਹੱਤਵਪੂਰਨ ਸਹੂਲਤ ਹੈ ਜੋਕਿ ਮਲੋਟ ਰੋਡ ਤੇ ਸ਼ਿਫਟ ਹੋਣ ਨਾਲ ਖਤਮ ਹੋ ਜਾਏਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਤੋਂ ਬਾਹਰੋਂ ਤਕਰੀਬਨ 7 ਕਿੱਲੋਮੀਟਰ ਇਸ ਤਰਫ ਆਉਣ ਵਾਲਿਆਂ ਨੂੰ ਘੱਟੋ ਘੱਟ ਸੌ ਰੁਪਏ ਦਾ ਰਗੜਾ ਲੱਗੇਗਾ। ਸਿਆਸੀ ਲੋਕਾਂ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਜਿਸ ਆਵਾਜਾਈ ਦਾ ਹਵਾਲਾ ਦੇਕੇ ਬੱਸ ਅੱਡਾ ਬਾਹਰ ਕੱਢਿਆ ਜਾ ਰਿਹਾ ਹੈ ਉਹ ਤਾਂ ਐਲੀਵੇਟਡ ਪੁਲ ਬਨਾਉਣ ਨਾਲ ਕਾਬੂ ਕੀਤੀ ਜਾ ਸਕਦੀ ਹੈ।
ਪ੍ਰਾਈਵੇਟ ਬੱਸ ਓਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਬੱਸ ਅੱਡਾ ਬਾਹਰ ਕੱਢਣ ਨਾਲ ਬੰਸ ਮਾਲਕਾਂ ਨੂੰ ਤਾਂ ਜਿਹੜਾ ਨੁਕਸਾਨ ਹੋਣਾ ਹੈ ਉਹ ਵੱਖਰਾ ਹੈ ਬਲਕਿ ਸ਼ਹਿਰ ਦੀਆਂ ਸੜਕਾਂ ਤੇ ਆਵਾਜਾਈ ਦਾ ਬੁਰਾ ਹਾਲ ਹੋ ਜਾਏਗਾ। ਉਨ੍ਹਾਂ ਕਿਹਾ ਕਿ ਬੀਬੀ ਵਾਲਾ ਚੌਂਕ ਅਤੇ ਘਨਈਆ ਚੌਂਕ ਸ਼ਹਿਰ ਨੂੰ ਜਾਣ ਵਾਲੀਆਂ ਸਵਾਰੀਆਂ ਉੱਤਰਨ ਕਾਰਨ ਘੜਮੱਸ ਦਾ ਹਾਟ ਸਪਾਟ ਬਣ ਜਾਣਗੇ ਜਿੱਥੇ ਹਰ ਦੋ ਮਿੰਟ ਬਾਅਦ ਆਉਣ ਵਾਲੀ ਬੱਸ ਦੀ ਸਵਾਰੀ ਚੁੱਕਣ ਲਈ ਆਟੋ ਚਾਲਕਾਂ ਦਾ ਜਮਾਵੜਾ ਲੱਗੇਗਾ। ਉਨ੍ਹਾਂ ਕਿਹਾ ਕਿ ਇਹੋ ਆਟੋ ਚਾਲਕ ਜਦੋਂ ਵੱਖ ਵੱਖ ਦਿਸ਼ਾਵਾਂ ਤੋਂ ਸ਼ਹਿਰ ਦੀਆਂ ਸੜਕਾਂ ਤੇ ਚੱਲਣਗੇ ਤਾਂ ਆਵਾਜਾਈ ਦਾ ਮਾੜਾ ਹਾਲ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਇਸੇ ਘੜਮੱਸ ਕਾਰਨ ਜਦੋਂ ਲੋਕ ਆਪੋ ਆਪਣੇ ਵਾਹਨ ਵਰਤਣਗੇ ਤਾਂ ਸਵਾਰੀ ਦੀ ਤੋਟ ਪਵੇਗੀ ਜਿਸ ਨਾਲ ਬੱਸ ਮਾਲਕਾਂ ਨੂੰ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਸਰਕਾਰ ਤੋਂ ਲੋਕ ਹਿੱਤ ਵਿੱਚ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ।
ਸਾਲਾਂ ਤੋਂ ਲਟਕਿਆ ਇਹ ਪ੍ਰਜੈਕਟ
ਦਰਅਸਲ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜ ਦੌਰਾਨ ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਏਅਰ ਕੰਡੀਸ਼ਨਡ ਬਨਾਉਣ ਦਾ ਫੈਸਲਾ ਤਾਂ ਕਰ ਲਿਆ ਪਰ ਲਗਾਤਰ 8 ਸਾਲ ਅਮਲੀ ਰੂਪ ’ਚ ਕੋਈ ਕਾਰਵਾਈ ਨਾਂ ਕੀਤੀ । ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ 13 ਦਸੰਬਰ 2016 ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੌਜ ਦੇ ਇਤਰਾਜ ਦੂਰ ਕਰਨ ਤੋਂ ਬਿਨਾਂ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ ਜਿਸ ਕਰਕੇ ਉਸਾਰੀ ਸ਼ੁਰੂ ਨਾਂ ਹੋ ਸਕੀ। ਸਾਲ 2017 ’ਚ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦੇ ਰਾਜ ਵਿੱਚ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੋਸ਼ਿਸ਼ ਕੀਤੀ ਜੋ ਕਾਮਯਾਬ ਨਾਂ ਹੋਈ ਤਾਂ ਉਨ੍ਹਾਂ ਇੱਕ ਕਰੋੜ ਦੀ ਲਾਗਤ ਨਾਲ ਬੱਸ ਅੱਡੇ ਦਾ ਨਵੀਨੀਕਰਨ ਕਰਵਾ ਦਿੱਤਾ ਜਿਸ ਤੋਂ ਬਾਅਦ ਇੱਥੋਂ ਹੀ ਬੱਸ ਸੇਵਾ ਚੱਲਦੀ ਆ ਰਹੀ ਹੈ।
ਮੌਜੂਦਾ ਪੰਜਾਬ ਸਰਕਾਰ ਵੀ ਅਸਫਲ
ਗੌਰਤਲਬ ਹੈ ਕਿ ਸਾਲ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਵਿਧਾਇਕ ਜਗਰੂਪ ਗਿੱਲ ਨੇ ਫੌਜ ਦੇ ਝੰਜਟ ’ਚ ਪੈਣ ਦੀ ਥਾਂ ਮਲੋਟ ਰੋਡ ਤੇ ਬੱਸ ਅੱਡਾ ਬਨਾਉਣ ਦਾ ਐਲਾਨ ਕੀਤਾ ਸੀ। ਪ੍ਰਜੈਕਟ ਲਈ ਕਰੀਬ 17 ਏਕੜ ਜਗ੍ਹਾ ਦੀ ਸ਼ਿਨਾਖਤ ਵੀ ਕਰ ਲਈ ਜਿਸ ’ਚ ਮੁੜ ਬਦਲਾਅ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜ਼ਰੀਵਾਲ ਵੱਲੋਂ ਨੀਂਹ ਪੱਥਰ ਰੱਖਣ ਦੇ ਬਾਵਜੂਦ ਬੱਸ ਅੱਡੇ ਲਈ ਇੱਕ ਵੀ ਇੱਟ ਨਹੀਂ ਲੱਗ ਸਕੀ ਹੈ।
ਫੈਸਲੇ ’ਚ ਲੋਕਾਂ ਦੀ ਸਲਾਹ ਗਾਇਬ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਅਤੇ ਡਾ. ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਬੱਸ ਸਟੈਂਡ ਸਬੰਧੀ ਲੋਕਾਂ ਦੀ ਰਾਏ ਲਈ ਜਾਵੇਗੀ ਪਰ ਹੁਣ ਲੋਕ ਗਾਇਬ ਅਤੇ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਸਰਕਾਰ ਭੂਮਾਫੀਆ ਦੇ ਹੱਕ ’ਚ ਭੁਗਤ ਰਹੀ ਹੈ ਜੋ ਬੱਸ ਅੱਡੇ ਦਾ ਲਾਹਾ ਕਲੋਨੀਆਂ ਕੱਟਕੇ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਲੋਟ ਰੋਡ ਵਾਲਾ ਬੱਸ ਅੱਡਾ ਵੱਡੀਆਂ ਮੁਸੀਬਤਾਂ ਲਿਆਵੇਗਾ ਇਸ ਲਈ ਲੋਕਾਂ ਦੀ ਸਹੂਲਤ ਖਾਤਰ ਮੌਜੂਦਾ ਬੱਸ ਅੱਡਾ ਚਲਦਾ ਰੱਖਣਾ ਅਤੇ ਨਵਾਂ ਪ੍ਰਜੈਕਟ ਰੱਦ ਕਰਨਾ ਚਾਹੀਦਾ ਹੈ।