ਹਰਿਆਣਾ ਦੇ ਰਾਜਪਾਲ ਵੱਲੋਂ "ਸੁਖਨਾ ਝੀਲ" ਬਾਰੇ ਹਰਪ੍ਰੀਤ ਸੰਧੂ ਦੀ ਚਿੱਤਰਕਲਾ ਦੀ ਘੁੰਢ ਚੁੱਕਾਈ
ਚੰਡੀਗੜ੍ਹ, 9 ਅਪ੍ਰੈਲ 2025 - ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਵੱਲੋਂ ਸੁਖਨਾ ਝੀਲ ਚੰਡੀਗੜ੍ਹ ਵਿਖੇ ਸੂਰਜ ਚੜ੍ਹਨ ਦੀ ਸ਼ਾਂਤੀ ਨੂੰ ਦਰਸਾਉਂਦੀ ਵਿਲੱਖਣ ਚਿੱਤਰਕਾਰੀ “ਸੁਖਨਾ ਝੀਲ” ਦੀ ਘੁੰਢ ਚੁੱਕਾਈ ਅੱਜ ਰਾਜ ਭਵਨ, ਹਰਿਆਣਾ ਵਿਖੇ ਹਰਿਆਣਾ ਦੇ ਮਾਨਯੋਗ ਰਾਜਪਾਲ ਬੰਡਾਰੂ ਦੱਤਾਤ੍ਰੇਆ ਵੱਲੋਂ ਕੀਤੀ ਗਈ।
ਕਲਾਕ੍ਰਿਤੀ ਦੀ ਘੁੰਢ ਚੁੱਕਾਈ ਕਰਦਿਆਂ ਰਾਜਪਾਲ ਬੰਡਾਰੂ ਦੱਤਾਤ੍ਰੇਆ ਨੇ ਸੁਖਨਾ ਝੀਲ ਦੀ ਕੁਦਰਤੀ ਸੁੰਦਰਤਾ ਨੂੰ ਉਜਾਗਰ ਕਰਨ ਵਾਲੇ ਵਿਲੱਖਣ ਮਾਸਟਰਪੀਸ ਨੂੰ ਮਾਨਤਾ ਦਿੰਦਿਆਂ ਚਿੱਤਰਕਾਰੀ ਦੇ ਕੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸੁਖਨਾ ਝੀਲ ਦੀ ਇਹ ਸ਼ਾਨਦਾਰ ਕਲਾਤਮਕ ਤਸਵੀਰ ਸੱਚਮੁੱਚ ਚੰਡੀਗੜ੍ਹ ਦੀ ਕੁਦਰਤੀ ਵਿਰਾਸਤ ਦੀ ਰੂਹ ਨੂੰ ਦਰਸਾਉਂਦੀ ਹੈ ਅਤੇ ਇਹ ਸੁਖਨਾ ਝੀਲ ਵਿਖੇ ਕੁਦਰਤ ਦੀ ਸੁੰਦਰਤਾ ਅਤੇ ਸਹਿਜਤਾ ਨੂੰ ਦਿਲੋਂ ਸ਼ਰਧਾਂਜਲੀ ਹੈ।
ਰਾਜਪਾਲ ਨੇ ਕਿਹਾ ਕਿ ਅਜਿਹੀ ਸਿਰਜਣਾਤਮਕ ਕਲਾ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਅਤੇ ਕੁਦਰਤੀ ਅਜੂਬਿਆਂ ਦੀ ਕਦਰ ਕਰਨ ਦੀ ਸੇਧ ਦਿੰਦੀ ਹੈ ਜੋ ਸਵੇਰ ਦੇ ਸਮੇਂ ਸੁਖਨਾ ਝੀਲ ਦੀ ਸ਼ਾਂਤ ਸੁੰਦਰਤਾ ਅਤੇ ਕੁਦਰਤੀ ਮਾਹੌਲ ‘ਤੇ ਕੇਂਦਰਤ ਹੈ।
ਇਹ ਕਲਾਕ੍ਰਿਤੀ ਝੀਲ ਦੇ ਸਥਿਰ ਪਾਣੀਆਂ 'ਤੇ ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਪੈਣ ਨਾਲ ਪੈਦਾ ਹੋਏ ਵਿਲੱਖਣ ਦ੍ਰਿਸ਼ ਨੂੰ ਪੇਸ਼ ਕਰਦੀ ਹੈ ਜੋ ਸ਼ਾਂਤੀ ਅਤੇ ਅਧਿਆਤਮਿਕਤਾ ਦੀ ਭਾਵਨਾ ਪੈਦਾ ਕਰਦਾ ਹੈ। ਇਸ ਰਚਨਾ ਰਾਹੀਂ ਹਰਪ੍ਰੀਤ ਸੰਧੂ ਦਾ ਉਦੇਸ਼ ਨਾ ਸਿਰਫ਼ ਸੁਖਨਾ ਝੀਲ ਦੀ ਸੁੰਦਰਤਾ ਨੂੰ ਦਰਸਾਉਣਾ ਹੈ, ਸਗੋਂ ਚੰਡੀਗੜ੍ਹ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਲੋਕਾਂ ਲਈ ਸਦਭਾਵਨਾ, ਪ੍ਰਤੀਬਿੰਬ ਅਤੇ ਪ੍ਰੇਰਨਾ ਦੇ ਸਥਾਨ ਵਜੋਂ ਇਸ ਦੀ ਡੂੰਘੀ ਮਹੱਤਤਾ ਨੂੰ ਵੀ ਦਰਸਾਉਣਾ ਹੈ।
ਹਰਪ੍ਰੀਤ ਸੰਧੂ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਸਮਰਪਿਤ ਆਪਣੀ ਕਲਾਕ੍ਰਿਤੀ ਦੀ ਘੁੰਢ ਚੁੱਕਾਈ ਕਰਨ ਲਈ ਮਾਨਯੋਗ ਰਾਜਪਾਲ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਕਲਾਕ੍ਰਿਤੀ ਰਾਜ ਭਵਨ ਹਰਿਆਣਾ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੇ ਕਲਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰੇਗੀ, ਜੋ ਕੁਦਰਤੀ ਸ਼ਾਨ ਦੇ ਸਥਾਈ ਪ੍ਰਤੀਕ ਵਜੋਂ ਕੰਮ ਕਰੇਗੀ।