ਕਿਹੜੀ ਸਿੱਖਿਆ ਕ੍ਰਾਂਤੀ ਵੱਲ ਵੱਧ ਰਹੀ ਹੈ ਸਰਕਾਰ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਪਰਚਾਰ ਤੇ ਪੈਸਾ ਲੁਟਾਉਣ ਦੀ ਬਜਾਇ ਸਕੂਲਾਂ ਦੀ ਬਿਹਤਰੀ ਲਈ ਖਰਚੇ 25 ਕਰੋੜ ਦੀ ਰਾਸ਼ੀ:- ਜਸਵਿੰਦਰ ਸਿੰਘ ਸਮਾਣਾ
ਦੂਸਰੀਆਂ ਸਰਕਾਰਾਂ ਦੀਆਂ ਮਸ਼ਹੂਰੀਆਂ ਤੇ ਤੰਜ ਕਰਨ ਵਾਲੇ ਹੁਣ ਆਪ ਹੀ ਮਸ਼ਹੂਰੀਆਂ ਵਿੱਚ ਕ੍ਰਾਂਤੀ ਕਰਨ ਨੂੰ ਫਿਰਦੇ ਆ:- ਪਰਮਜੀਤ ਸਿੰਘ ਪਟਿਆਲਾ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 04 ਅਪ੍ਰੈਲ 2025:- ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਵਲੋਂ 25 ਕਰੋੜ ਰੁਪਏ ਖਰਚ ਕਰਕੇ ਸਕੂਲਾਂ ਵਿੱਚ ਪ੍ਰਚਾਰ ਸਮਾਗਮ ਕਰਕੇ ਸਰਕਾਰ ਦੇ ਗੁਣਗਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਤੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ। ਕਿ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਬਣਾਉਣ ਦੀ ਬਜਾਏ,ਓਹਨਾ ਵਿੱਚ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਵਿਚ ਭੇਜੀਆਂ ਗ੍ਰਾਂਟਾਂ ਦੇ ਨੀਂਹ ਪੱਥਰ ਰੱਖਣ ਤੇ ਸਰਕਾਰ ਦੇ ਮੰਤਰੀਆਂ, ਵਿਧਾਇਕਾਂ, ਤੇ ਸਰਕਾਰੀ ਆਗੂਆਂ ਨੂੰ ਸੱਦ ਕੇ ਗੁਣਗਾਨ ਕਰਨ ਲਈ ਸਮਾਗਮ ਕਰਨ ਲਈ ਪੱਤਰ ਜਾਰੀ ਕਰਨੇ ਕਿਹੜੀ ਸਿੱਖਿਆ ਕ੍ਰਾਂਤੀ ਹੈ ?
ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਇਹੀ ਨੇਤਾ ਪਿਛਲੀਆਂ ਸਰਕਾਰਾਂ ਵਲੋਂ ਮਸ਼ਹੂਰੀਆਂ ਤੇ ਕੀਤੇ ਜਾਂਦੇ ਬੇਤਹਾਸ਼ਾਂ ਖਰਚਾਂ ਤੇ ਲੋਕਾਂ ਦੀਆਂ ਸੱਥਾਂ ਵਿੱਚ ਜਾ ਕੇ ਤਨਜ਼ ਕਰਦੇ ਸਨ ਪਰ ਹੁਣ ਆਪ ਹੀ ਮਸ਼ਹੂਰੀਆਂ ਵਿੱਚ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਝੋਕ ਕੇ ਮਸ਼ਹੂਰੀਆਂ ਵਿੱਚ ਹੀ ਕ੍ਰਾਂਤੀ ਕਰਨ ਨੂੰ ਫਿਰਦੇ ਹਨ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਕੂਲਾਂ ਵਿਚ ਸਮਾਗਮਾਂ ਤੇ 25 ਕਰੋੜ ਦੀ ਰਾਸ਼ੀ ਖਰਚ ਕਰਨ ਦੀ ਥਾਂ ਤੇ ਸਕੂਲਾਂ ਦੀ ਬਿਹਤਰੀ ਲਈ ਖਰਚ ਕੀਤੇ ਜਾ ਸਕਦੇ ਹਨ। ਯਾਦ ਰਹੇ ਕਿ ਪੰਜਾਬ ਸਰਕਾਰ ਸਕੂਲਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਸਾਰੀਆਂ ਗ੍ਰਾਂਟਾਂ ਦੇ ਪਰਚਾਰ ਲਈ 10500 ਸਕੂਲਾਂ ਵਿੱਚ ਨੀਂਹ ਪੱਥਰ ਰੱਖਣ ਲਈ 25 ਕਰੋੜ ਰੁਪਏ ਖਰਚਣ ਜਾ ਰਹੀ ਹੈ ਜਿਸ ਵਾਸਤੇ 7 ਅਪ੍ਰੈਲ ਤੋਂ ਸਕੂਲਾਂ ਵਿੱਚ ਸਮਾਗਮ ਸ਼ੁਰੂ ਹੋਣਗੇ ਅਤੇ ਦੋ ਮਹੀਨੇ ਦੇ ਕਰੀਬ ਇਹ ਸਮਾਗਮ ਚਲਣਗੇ ਜਿਸ ਲਈ ਸਮਾਗਮਾਂ ਨੂੰ ਸਫਲ ਬਣਾਉਣ ਲਈ ਸਾਰੇ ਜਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਪੱਤਰ ਤੇ ਪੱਤਰ ਜਾਰੀ ਕੀਤੇ ਗਏ ਹਨ।