ਈਕੋ ਵ੍ਹੀਲਰ ਸਾਈਕਲ ਕਲੱਬ ਦੇ 'ਵਿਸਾਖੀ ਚੈਲੇਂਜ' ਨੂੰ ਡੀਐਸਪੀ ਬੂਟਾ ਸਿੰਘ ਨੇ ਦਿੱਤੀ ਹਰੀ ਝੰਡੀ
ਅਸ਼ੋਕ ਵਰਮਾ
ਮਾਨਸਾ, 1 ਅਪ੍ਰੈਲ 2025 : ਈਕੋ ਵ੍ਹੀਲਰ ਸਾਈਕਲ ਕਲੱਬ ਮਾਨਸਾ ਵੱਲੋਂ ਅੱਜ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਇੱਕ ਮਹੀਨੇ ਦਾ 'ਵਿਸਾਖੀ ਚੈਲੇਂਜ' ਪੰਜਾਬ ਸਰਕਾਰ ਦੇ ਨਸ਼ਾ ਛਡਾਓ ਅਭਿਆਨ ਤਹਿਤ ਸ਼ੁਰੂ ਕੀਤਾ ਗਿਆ। ਪ੍ਰੋਜੈਕਟ ਚੇਅਰਮੈਨ ਸ਼ਵੀ ਚਾਹਲ ਅਤੇ ਸੈਕਟਰੀ ਅਮਨ ਔਲਖ ਨੇ ਦੱਸਿਆ ਕਿ ਇਸ ਚੈਲੇਂਜ ਵਿੱਚ ਜਿਹੜਾ ਮੈਂਬਰ 400 ਕਿਲੋਮੀਟਰ ਸਾਈਕਲ ਚਲਾਏਗਾ ਉਸਨੂੰ ਸਿਲਵਰ ਮੈਡਲ, 800 ਕਿਲੋਮੀਟਰ ਚਲਾਉਣ ਤੇ ਗੋਲਡ ਮੈਡਲ ਅਤੇ 1200 ਕਿਲੋਮੀਟਰ ਚਲਾਉਣ ਵਾਲੇ ਨੂੰ ਡਾਈਮੰਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਅੱਜ ਇਸ ਮਹੀਨਾਵਾਰ ਰਾਈਡ ਨੂੰ ਡੀਐਸਪੀ ਮਾਨਸਾ ਬੂਟਾ ਸਿੰਘ ਵੱਲੋ ਬੱਸ ਸਟੈਂਡ ਮਾਨਸਾ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਉਹਨਾਂ ਨੇ ਸਾਈਕਲ ਕਲੱਬ ਦੀ ਪ੍ਰਸੰਸਾ ਕਰਦਿਆ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਯੁੱਧ ਨਸ਼ਿਆ ਵਿਰੁੱਧ' ਚੱਲ ਰਿਹਾ ਹੈ ਤੇ ਸਾਨੂੰ ਸਾਰਿਆ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਅੱਗੇ ਆ ਕੇ ਇਸ ਮੁਹਿੰਮ ਦਾ ਹਿੱਸਾ ਬਨਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਸਾਨੂੰ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਸਮੁੱਚੇ ਮੈਂਬਰਾਂ ਤੇ ਮਾਣ ਹੈ ਜਿੰਨਾ ਨੇ ਪਿਛਲੇ 10 ਸਾਲਾਂ ਤੋਂ ਪੂਰੇ ਭਾਰਤ ਵਿੱਚ ਸਾਈਕਲ ਦੇ ਸਾਰੇ ਰਿਕਾਰਡ ਆਪਣੇ ਨਾਮ ਕਰਕੇ ਜਿਥੇ ਮਾਨਸਾ ਦਾ ਨਾਮ ਰੋਸ਼ਨ ਕੀਤਾ ਹੈ, ਉਥੇ ਹੀ ਸਾਰੇ ਮੈਂਬਰ ਰੋਜਾਨਾ ਸਾਈਕਲਿੰਗ ਨਾਲ ਤੰਦਰੁਸਤ ਤੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ ਅਤੇ ਹੋਰਾ ਨੂੰ ਵੀ ਨਾਲ ਜੋੜ ਕੇ ਨਸ਼ਾ ਮੁਕਤ ਤੇ ਬਿਮਾਰੀਆਂ ਤੋੰ ਰਹਿਤ ਜੀਵਨ ਜਿਊਣ ਦੀ ਸੇਧ ਦੇ ਰਹੇ ਹਨ।
ਈਕੋ ਵ੍ਹੀਲਰ ਦੇ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਨੇ ਇਸ ਮੌਕੇ ਦੱਸਿਆ ਕਿ ਈਕੋ ਵ੍ਹੀਲਰ ਸਾਈਕਲ ਕਲੱਬ ਨਰੋਏ ਸਮਾਜ ਦੀ ਸਿਰਜਣਾ ਲਈ ਹਮੇਸ਼ਾ ਯਤਨਸ਼ੀਲ ਹੈ।ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਸ਼ਾ ਛਡਾਓ ਅਭਿਆਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਕਲੱਬ ਦੇ ਵਾਈਸ ਪ੍ਰਧਾਨ ਬਲਜੀਤ ਸਿੰਘ ਬਾਜਵਾ, ਸਪੋਕਸਮੈਨ ਨਰਿੰਦਰ ਗੁਪਤਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਵੀ ਆਪਣੇ ਸੰਬੋਧਨ ਵਿੱਚ ਸਾਈਕਲ ਚਲਾਓ-ਵਾਤਾਵਰਣ ਬਚਾਓ, ਨਸ਼ੇ ਛੱਡੋ-ਕੋਹੜ ਵੱਢੋ ਅਤੇ ਸਾਈਕਲ ਕਲੱਬ ਨਾਲ ਜੁੜ ਕੇ ਤੰਦਰੁਸਤ ਜੀਵਨ ਬਤੀਤ ਕਰੋ ਆਦਿ ਦੇ ਨਾਹਰੇ ਲਗਾ ਕੇ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਅੰਕੁਸ਼ ਕੁਮਾਰ,ਹੈਪੀ ਜਿੰਦਲ, ਲੋਕ ਰਾਮ, ਬੌਬੀ ਪਰਮਾਰ, ਬਲਜੀਤ ਬੱਲੀ,ਅਵਤਾਰ ਸਿੰਘ, ਜਰਨੈਲ ਸਿੰਘ, ਕੁੰਵਰ ਜਟਾਨਾ, ਲਖਣ ਬਾਂਸਲ, ਨਿਰਮਲ ਸਿੰਘ, ਹਰਜੀਤ ਸੱਗੂ, ਡਾ: ਅਨੁਰਾਗ, ਮੋਹਿਤ ਜਿੰਦਲ, ਕੁਲਵੰਤ ਨਰੂਲਾ, ਰਿਟਾ:ਸੂਬੇਦਾਰ ਦਰਸ਼ਨ ਸਿੰਘ, ਰਿਟਾ:ਇੰਸ: ਕੁਲਦੀਪ ਸਿੰਘ, ਰਿੱਪਨ ਸੋਹਲ,ਸੁਨੀਲ ਕੁਮਾਰ, ਕ੍ਰਿਸ਼ਨ ਧਾਲੀਵਾਲ, ਗੁਰਪ੍ਰੀਤ ਸਦਿਓੜਾ, ਰਾਕੇਸ਼ ਗੋਦੀ, ਸੋਨੀ ਭੁੱਲਰ, ਆਲਮ ਰਾਣਾ, ਰਵਿੰਦਰ ਧਾਲੀਵਾਲ, ਨਿਪੁੰਨ ਸ਼ਰਮਾ, ਸੁਨੀਲ ਆੜ੍ਹਤੀਆ, ਮੰਗਾ ਚਾਹਲ, ਹਰਮਨਜੀਤ ਨਰੂਲਾ, ਜਸਵਿੰਦਰ ਕੌਰ ਜਟਾਨਾ, ਮਹਿਤਾਬ ਚਾਹਲ ਗਗਨਦੀਪ ਸਿੱਧੂ ਆਦਿ ਰਾਈਡਰ ਹਾਜ਼ਰ ਸਨ।