ਸੁਲਤਾਨਪੁਰ ਲੋਧੀ ਵਿਖੇ ਕੱਪੜੇ ਦੇ ਸ਼ੋ ਰੂਮ ਨੂੰ ਲੱਗੀ ਭਿਆਨਕ ਅੱਗ
ਦਿਨ ਚੜਦਿਆਂ ਹੀ ਆਈ ਮੰਦਭਾਗੀ ਖਬਰ, ਮਾਲ ਲੈਣ ਲਈ ਦਿੱਲੀ ਗਿਆ ਸੀ ਮਾਲਕ ਪਿੱਛੋਂ ਕੱਪੜੇ ਦੇ ਸ਼ੋਅਰੂਮ 'ਚ ਲੱਗ ਗਈ ਭਿਆਨਕ ਅੱਗ,
ਤਿੰਨ ਮੰਜ਼ਲਾ ਸ਼ੋਅ ਰੂਮ 'ਚ ਲੱਖਾਂ ਦਾ ਨੁਕਸਾਨ, ਸਾਰਾ ਸਮਾਨ ਸੜ ਕੇ ਹੋਇਆ ਸਵਾਹ
ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬਝਾਉਣ ਵਿੱਚ ਜੁੱਟੀਆਂ, 5-6 ਗੱਡੀਆਂ ਲਗਾਏ ਜਾਣ ਦੇ ਬਾਵਜੂਦ ਅੱਗ ਤੇ ਕਾਬੂ ਪਾਉਣਾ ਬਣਿਆ ਵੱਡੀ ਚੁਣੌਤੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 28 ਮਾਰਚ 2025: ਅੱਜ ਤੜਕਸਾਰ ਸੁਲਤਾਨਪੁਰ ਲੋਧੀ ਤੋਂ ਇੱਕ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੈਡੀਮੇਟ ਕੱਪੜੇ ਦੇ ਨਾਮੀ ਸ਼ੋਅਰੂਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਦੇ ਚਲਦਿਆਂ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਇਸ ਤਿੰਨ ਮੰਜ਼ਿਲਾ ਸ਼ੋਰੂਮ ਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹਨ। ਹੁਣ ਤੱਕ ਪੰਜ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਫਿਰ ਵੀ ਅੱਗ ਤੇ ਕਾਬੂ ਨਹੀਂ ਪੈ ਰਿਹਾ। ਹਾਲਾਂਕਿ ਅੱਗ ਲੱਗਣ ਦੇ ਕਾਰਨ ਬਾਰੇ ਕੋਈ ਸਪਸ਼ਟ ਨਹੀਂ ਹੋ ਸਕਿਆ।
ਜਾਣਕਾਰੀ ਦੇ ਮੁਤਾਬਕ ਸਵੇਰੇ ਕਰੀਬ 6:15 ਵਜੇ ਜਦੋਂ ਕੁਝ ਸ਼ਹਿਰ ਵਾਸੀ ਇਸ ਦੁਕਾਨ ਦੇ ਮੂਹਰਿਓਂ ਗੁਜ਼ਰ ਰਹੇ ਸਨ ਤਾਂ ਉਹਨਾਂ ਦੇਖਿਆ ਕਿ ਦੁਕਾਨ ਵਿੱਚੋਂ ਧੂਆ ਨਿਕਲ ਰਿਹਾ ਹੈ। ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਤੁਰੰਤ ਫਾਰ ਬਰਿਗੇਡ ਅਤੇ ਦੁਕਾਨ ਮਾਲਕ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਜੁੱਟ ਗਈਆਂ। ਪਰ ਅੱਗ ਇੰਨੀ ਭਿਆਨਕ ਸੀ ਕਿ ਉਸ ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਇਸ ਤਿੰਨ ਮੰਜ਼ਿਲਾਂ ਸ਼ੋਅਰੂਮ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਹਨ ਅਤੇ ਉਨਾਂ ਵੱਲੋਂ ਪਿਛਲੇ ਕਰੀਬ ਡੇਢ- ਦੋ ਘੰਟਿਆਂ ਤੋਂ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੁਕਾਨ ਮਾਲਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਦਿਲੀ ਤੋਂ ਮਾਲ ਲੈਣ ਲਈ ਬੀਤੀ ਰਾਤ ਹੀ ਗਿਆ ਸੀ। ਪਿੱਛੋਂ ਇਹ ਮੰਦਭਾਗੀ ਘਟਨਾ ਵਾਪਰ ਗਈ ਦੁਕਾਨ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਾ ਹੈ। ਜੋ ਵੀ ਕੱਪੜਾ, ਕਾਗਜ਼ਾਤ, ਨਗਦੀ ਸਮੇਤ ਸਾਰੇ ਉਪਕਰਣ ਸੜ ਚੁੱਕੇ ਹਨ। ਦੁਕਾਨਦਾਰ ਟੋਟਲ ਲੋਸ ਹੋ ਚੁੱਕਾ ਹੈ। ਪੂਰੇ ਨੁਕਸਾਨ ਦਾ ਮੁਲਾਂਕਣ ਉਸ ਦੇ ਭਤੀਜੇ ਦੇ ਵਾਪਸ ਪਰਤਨ ਤੋਂ ਹੀ ਹੋ ਸਕੇਗਾ। ਬੜੀ ਮਿਹਨਤ ਦੇ ਨਾਲ ਪਰਿਵਾਰ ਇਸ ਮੁਕਾਮ ਤੇ ਪਹੁੰਚਾ ਸੀ ਪਰ ਇਸ ਮਾਰ ਤੋਂ ਉੱਠ ਪਾਉਣਾ ਪਰਿਵਾਰ ਲਈ ਬੇਹਦ ਮੁਸ਼ਕਲ ਹੈ।