ਫਾਜ਼ਿਲਕਾ ਏਰੀਏ ਅਧੀਨ ਢਿਲੀਆਂ ਤਾਰਾਂ ਸਬੰਧੀ ਕੋਈ ਵੀ ਸ਼ਿਕਾਇਤ ਬਕਾਇਆ ਨਹੀਂ : ਈ.ਟੀ.ਓ.
ਚੰਡੀਗੜ੍ਹ, 27 ਮਾਰਚ 2025 - ਪੀ.ਐਸ.ਪੀ.ਸੀ.ਐਲ. ਕੋਲ ਫਾਜਿਲਕਾ ਏਰੀਏ ਅਧੀਨ ਢਿਲੀਆਂ ਤਾਰਾਂ ਸਬੰਧੀ ਕੋਈ ਵੀ ਸਿਕਾਇਤ ਬਕਾਇਆ ਨਹੀਂ ਹੈ। ਇਹ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਖੇਤਾਂ ਵਿੱਚ ਜੋ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ, ਉਹ ਕਈ ਥਾਵਾਂ ਤੇ ਢਿੱਲੀਆਂ ਹੋਣ ਨਾਲ ਨੀਵੀਆਂ ਹੋ ਜਾਂਦੀਆਂ ਹਨ। ਇਹਨਾਂ ਤਾਰਾਂ ਬਾਬਤ ਜਦੋਂ ਵੀ ਕੋਈ ਸਿ਼ਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦਾ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਵਿਭਾਗ ਵਲੋਂ ਵੀ ਸਮੇਂ ਸਮੇਂ ਤੇ ਆਪਣੇ ਪੱਧਰ ਤੇ ਅਜਿਹੀਆਂ ਨੀਵੀਆਂ/ਢਿੱਲੀਆਂ ਤਾਰਾਂ ਨੂੰ ਉਚਾ ਕਰ ਦਿਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਅਜਿਹੀਆਂ ਢਿੱਲੀਆਂ ਤਾਰਾਂ ਨੂੰ ਪੀ ਐਸ ਪੀ ਸੀ ਐਲ ਵੱਲੋਂ ਆਪਣੇ ਖਰਚੇ ਤੇ ਠੀਕ ਕੀਤਾ ਜਾਂਦਾ ਹੈ। ਇਸ ਸਮੇਂ ਫਾਜਿਲਕਾ ਏਰੀਏ ਅਧੀਨ ਕੋਈ ਵੀ ਢਿਲੀਆਂ ਤਾਰਾਂ ਸਬੰਧੀ ਸਿਕਾਇਤ ਬਕਾਇਆ ਨਹੀਂ ਹੈ ਜੀ।
ਖੇਤਾਂ ਵਿੱਚੋਂ ਲਾਈਨਾਂ ਬਾਹਰ ਕੱਢਣ ਜਾਂ ਸਿਫਟ ਕਰਨ ਦਾ ਕੰਮ ਪੀ ਐਸ ਪੀ ਸੀ ਐਲ ਵੱਲੋਂ ਆਪਣੇ ਖਰਚੇ ਤੇ ਨਹੀਂ ਕੀਤਾ ਜਾਂਦਾ ਬਲਕਿ ਸਬੰਧਤ ਵਿਅਕਤੀ ਵੱਲੋਂ ਕੰਮ ਤੇ ਆਉਣ ਵਾਲਾ ਸਾਰਾ ਖਰਚਾ ਭਰਵਾਉਣ ਉਪਰੰਤ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵਲੋਂ ਫਾਜਿਲਕਾ ਮਲੋਟ-ਮੇਨ ਰੋਡ (ਪੂਰਨ ਪੱਟੀ) ਤੋਂ ਜਲਾਲਾਬਾਦ ਲਿੰਕ ਰੋਡ ਨੂੰ ਓ.ਡੀ.ਆਰ/ਪਲੈਨ ਰੋਡ ਘੋਸ਼ਿਤ ਕਰਨ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਲੋਕ ਨਿਰਮਾਣ (ਭ ਤੇ ਮ) ਮੰਤਰੀ, ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਫਾਜਿਲਕਾ-ਮਲੋਟ ਮੇਨ ਰੋਡ (ਪੂਰਨ ਪੱਟੀ) ਤੋਂ ਜਲਾਲਾਬਾਦ ਲਿੰਕ ਰੋਡ ਦੀ ਕੁੱਲ ਲੰਬਾਈ 30.50 ਕਿਲੋਮੀਟਰ ਨੂੰ ਓ.ਡੀ.ਆਰ./ਪਲੈਨ ਰੋਡ ਘੋਸ਼ਿਤ ਕਰਨ ਬਾਰੇ ਫਿਲਹਾਲ ਸਰਕਾਰ ਦੀ ਕੋਈ ਵੀ ਪ੍ਰਪੋਜ਼ਲ ਨਹੀਂ ਹੈ।