ਸਹਿਕਾਰੀ ਸਭਾਵਾਂ ਯੂਨੀਅਨ ਦੀ ਚੋਣ 'ਚ ਸੰਜੀਵ ਕੁਮਾਰ ਪ੍ਰਧਾਨ ਤੇ ਸੁਖਵਿੰਦਰ ਸਿੰਘ ਬਾਜਵਾ ਸੀਨੀਅਰ ਮੀਤ ਪ੍ਰਧਾਨ ਬਣੇ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਮਾਰਚ 2025: ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ ਦੀ ਅੱਜ ਬਲਾਕ ਪੱਧਰੀ ਚੋਣ ਲਾਲੜੂ ਸੁਸਾਇਟੀ ਦੇ ਸਕੱਤਰ ਗਿਆਨ ਸਿੰਘ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਹੋਈ, ਜਿਸ ਵਿੱਚ ਸੰਜੀਵ ਕੁਮਾਰ ਰਾਮਪੁਰ ਸੈਣੀਆਂ ਨੂੰ ਬਲਾਕ ਪ੍ਰਧਾਨ ਚੁਣ ਲਿਆ ਗਿਆ, ਜਦਕਿ ਸੁਖਵਿੰਦਰ ਸਿੰਘ ਬਾਜਵਾ ਕੁਰਲੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਤਲਵਿੰਦਰ ਸਿੰਘ ਰਾਜੋਮਾਜਰਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ।
ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸੰਜੀਵ ਕੁਮਾਰ ਤੇ ਸੁਖਵਿੰਦਰ ਸਿੰਘ ਬਾਜਵਾ ਕੁਰਲੀ ਨੇ ਹੋਰਨਾਂ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਉੱਪਰ ਸਰਕਾਰ ਤੱਕ ਲੈ ਕੇ ਜਾਣਗੇ ਅਤੇ ਸੁਸਾਇਟੀਆਂ ਵਿੱਚੋਂ ਕਿਸਾਨਾਂ ਨੂੰ ਖਾਦ ਪਦਾਰਥਾਂ ਸਮੇਤ ਵਧੀਆ ਬੀਜਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਸੁਸਾਇਟੀ ਨੂੰ ਉੱਪਰ ਚੁਕਣ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਕਿਸਾਨਾਂ ਦੇ ਹਿੱਤ ਪ੍ਰਤੀ ਪੂਰੀ ਤਰ੍ਹਾਂ ਜੁਆਬਦੇਹ ਹੋਣਗੇ। ਉਨ੍ਹਾਂ ਸੁਸਾਇਟੀ ਦੇ ਹੋਰਨਾਂ ਮੈਂਬਰਾਂ ਨੂੰ ਪੂਰੀ ਜਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਯੂਨੀਅਨ ਦੇ ਵੱਡੀ ਗਿਣਤੀ ਮੈਂਬਰ ਹਾਜ਼ਰ ਸਨ । ਕਾਬਿਲੇਜ਼ਿਕਰ ਹੈ ਕਿ ਸੁਖਵਿੰਦਰ ਸਿੰਘ ਬਾਜਵਾ, ਤਸਿੰਬਲੀ ਦੇ ਸਾਬਕਾ ਸਰਪੰਚ ਨੈਬ ਸਿੰਘ ਬਾਜਵਾ ਦੇ ਭਤੀਜੇ ਹਨ ,ਜੋ ਲੰਮੇ ਸਮੇਂ ਤੋਂ ਖੇਤਰ ਵਿਚ ਵਧੀਆ ਸੇਵਾਵਾਂ ਦੇ ਰਹੇ ਹਨ।