ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ 5 ਪਿੰਡਾਂ ਵਿੱਚ ਲਿੰਕ ਸੜਕਾਂ ਤੇ ਫਿਰਨੀਆਂ ਬਣਾਉਣ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ
- ਕਰੀਬ 6 ਕਿਲੋਮੀਟਰ ਸੜਕਾਂ ਦੇ ਨਿਰਮਾਣ ਉਤੇ ਕਰੀਬ 85 ਲੱਖ ਰੁਪਏ ਆਵੇਗੀ ਲਾਗਤ
- ਲਿੰਕ ਸੜਕਾਂ ਦੇ ਨਿਰਮਾਣ ਨਾਲ ਵਾਹਨਾਂ ਦੀ ਆਵਾਜਾਈ ਵੀ ਹੋਵੇਗੀ ਸੌਖਾਲੀ, ਸੜਕਾਂ ਦੇ ਕਈ ਹੋਰ ਪ੍ਰੋਜੈਕਟ ਪ੍ਰਗਤੀ ਅਧੀਨ: ਬਰਿੰਦਰ ਕੁਮਾਰ ਗੋਇਲ
ਦਲਜੀਤ ਕੌਰ
ਲਹਿਰਾ/ਸੰਗਰੂਰ, 30 ਮਾਰਚ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਲਹਿਰਾ ਦੀ ਨੁਹਾਰ ਨੂੰ ਸੰਵਾਰਨ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਅਤੇ ਇਹ ਪ੍ਰੋਜੈਕਟ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸਦੇ ਲੋਕਾਂ ਦੀਆਂ ਜਰੂਰਤਾਂ ਨੂੰ ਪ੍ਰਮੁੱਖਤਾ ਨਾਲ ਪੂਰਾ ਕਰਨਗੇ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ 5 ਪਿੰਡਾਂ ਵਿੱਚ ਲਿੰਕ ਸੜਕਾਂ ਤੇ ਫਿਰਨੀਆਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਪਿੰਡ ਕੋਟੜਾ, ਗੋਬਿੰਦਪੁਰਾ ਜਵਾਹਰਵਾਲਾ, ਬਖੌਰਾ ਖੁਰਦ, ਬਖੌਰਾ ਕਲਾਂ, ਗੁਰਨੇ ਕਲਾਂ ਅਤੇ ਅਲੀਸ਼ੇਰ ਦੀਆਂ ਇਹਨਾਂ ਸੜਕਾਂ ਦੀ ਹਾਲਤ ਕਾਫੀ ਤਰਸਯੋਗ ਹੈ ਜਿਨਾਂ ਦਾ ਮੁੜ ਨਿਰਮਾਣ ਕਰਵਾਉਣਾ ਸਮੇਂ ਦੀ ਅਹਿਮ ਲੋੜ ਹੈ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਅਲੀਸ਼ੇਰ ਤੋਂ ਮੰਦਰ ਮਾਤਾ ਸ਼ੇਰਾਂਵਾਲੀ ਅਤੇ ਸਕੂਲ, ਫਿਰਨੀ ਪਿੰਡ ਕੋਟੜਾ, ਹਾਈ ਸਕੂਲ ਬਖੌਰਾ ਕਲਾਂ, ਗੁਰਨੇ ਕਲਾਂ ਗੁਰਦੁਆਰਾ ਸਾਹਿਬ ਦੀ ਫਿਰਨੀ, ਗੋਬਿੰਦਪੁਰਾ ਜਵਾਹਰ ਵਾਲਾ ਤੋਂ ਕੋਟੜਾ ਲਹਿਲ, ਬਖੌਰਾ ਖੁਰਦ ਦੀ ਫਿਰਨੀ ਦੀਆਂ ਸੜਕਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਸੌਂਪਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਿਰਧਾਰਤ ਸਮਾਂ ਸੀਮਾ ਅੰਦਰ ਨਿਰਮਾਣ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਲਗਭਗ 6 ਕਿਲੋਮੀਟਰ ਸੜਕਾਂ ਦੇ ਨਿਰਮਾਣ ਉਤੇ ਕਰੀਬ 85 ਲੱਖ ਰੁਪਏ ਦੀ ਲਾਗਤ ਆਵੇਗੀ।
ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲਿੰਕ ਸੜਕਾਂ ਅੱਗੇ ਮੁੱਖ ਸੜਕਾਂ ਨਾਲ ਮਿਲਦੀਆਂ ਹਨ ਅਤੇ ਹਾੜੀ ਤੇ ਸਾਉਣੀ ਦੇ ਸੀਜਨ ਦੌਰਾਨ ਇਹਨਾਂ ਸੜਕਾਂ ਉੱਤੇ ਫਸਲ ਦੀ ਢੋਆ ਢੁਆਈ ਕਰਨ ਵਾਲੇ ਵਾਹਨਾਂ ਦੀ ਆਵਾਜਾਈ ਨਿਰੰਤਰ ਜਾਰੀ ਰਹਿੰਦੀ ਹੈ ਅਤੇ ਸੜਕਾਂ ਦੇ ਬਣਨ ਨਾਲ ਵਾਹਨ ਚਾਲਕ ਵੱਡੀ ਰਾਹਤ ਮਹਿਸੂਸ ਕਰਨਗੇ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਕੁਝ ਸੜਕਾਂ ਉੱਤੇ ਧਾਰਮਿਕ ਅਸਥਾਨ ਅਤੇ ਸਕੂਲ ਵੀ ਸਥਿਤ ਹਨ ਅਤੇ ਇਹਨਾਂ ਦੇ ਬਣਨ ਨਾਲ ਸ਼ਰਧਾਲੂਆਂ ਅਤੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਹਲਕਾ ਲਹਿਰਾ ਦੇ ਹਰ ਵਸਨੀਕ ਦੀਆਂ ਲੋੜਾਂ ਤੋਂ ਉਹ ਭਲੀਭਾਂਤ ਵਾਕਫ਼ ਹਨ ਅਤੇ ਪੜਾਅਵਾਰ ਢੰਗ ਨਾਲ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਲਹਿਰਾ ਤੋਂ ਮੂਣਕ ਅਤੇ ਮੂਣਕ ਤੋਂ ਖਨੌਰੀ ਸੜਕਾਂ ਵੀ ਪਾਸ ਹੋ ਚੁੱਕੀਆਂ ਹਨ ਅਤੇ ਅਗਲੇ ਇੱਕ ਦੋ ਮਹੀਨਿਆਂ ਵਿੱਚ ਉਹਨਾਂ ਦੇ ਕੰਮ ਵੀ ਸ਼ੁਰੂ ਹੋ ਜਾਣਗੇ। ਉਹਨਾਂ ਕਿਹਾ ਕਿ ਜਿਹੜੀਆਂ ਸੜਕਾਂ ਨੂੰ 10 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕਰਵਾਇਆ ਜਾਣਾ ਹੈ ਉਹਨਾਂ ਲਈ ਵੀ ਯੋਜਨਾਵਾਂ ਪ੍ਰਗਤੀ ਅਧੀਨ ਹਨ ਅਤੇ ਹਲਕਾ ਲਹਿਰਾ ਵਿੱਚ ਸੜਕੀ ਪ੍ਰੋਜੈਕਟਾਂ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਉਹ ਵਚਨਬੱਧ ਹਨ।
ਇਸ ਮੌਕੇ ਪੀ.ਏ ਰਾਕੇਸ਼ ਕੁਮਾਰ ਗੁਪਤਾ, ਐਸਡੀਓ ਸੁਖਵੀਰ ਸਿੰਘ, ਗੋਰਖਾ ਸਿੰਘ ਸਰਪੰਚ ਪਿੰਡ ਕੋਟੜਾ, ਨਿਰਮਲ ਸਿੰਘ, ਹਰਜੀਤ ਸਿੰਘ, ਰਿੰਕੂ ਸਿੰਘ, ਮਿੱਠੂ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਪਿੰਡ ਗੋਬਿੰਦਪੁਰਾ ਜਵਾਹਰਵਾਲਾ, ਹਰਵਿੰਦਰ ਸਿੰਘ ਸਰਪੰਚ ਗੋਬਿੰਦਪੁਰ ਜਵਾਹਰ ਵਾਲਾ, ਵਿੱਕੀ ਕੁਮਾਰ, ਮੇਜਰ ਸਿੰਘ, ਗੁਰਦੀਪ ਸਿੰਘ, ਗੁਰਲਾਲ ਸਿੰਘ ਸਰਪੰਚ ਬਖੋਰਾ ਕਲਾਂ, ਗੁਰਤੇਜ ਸਿੰਘ ਗੁਰਨੇ ਕਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ, ਗ੍ਰਾਮ ਪੰਚਾਇਤਾਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।