ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਵਿਚ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ
ਲੁਧਿਆਣਾ 27 ਮਾਰਚ, 2025 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਦਿਆਰਥੀ ਭਵਨ ਵਿਚ ਵਿਸ਼ਵ ਰੰਗ ਮੰਚ ਦਿਵਸ ਦੇ ਮੌਕੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ| ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤੀ ਅਤੇ ਉੱਘੇ ਸੰਚਾਰ ਮਾਹਿਰ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਰਾਸ਼ਟਰੀ ਪੱਧਰ ਦੇ ਰੰਗ ਕਰਮੀ ਡਾ. ਵਿਸ਼ਾਲ ਬੈਕਟਰ ਨੇ ਰੰਗ ਮੰਚ ਨੁਕਤਿਆਂ ਤੇ ਚਾਨਣਾ ਪਾਇਆ|
ਸਵਾਗਤੀ ਸ਼ਬਦਾਂ ਦੌਰਾਨ ਐਸੋਸੀਏਟ ਡਾਇਰੈਕਟਰ ਕਲਚਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਦਾ ਦਿਨ ਪੂਰੀ ਦੁਨੀਆਂ ਵਿਚ ਨਾਟਕ ਅਤੇ ਰੰਗਮੰਚ ਨੂੰ ਸਮਰਪਿਤ ਹੈ ਜਿਸ ਕਰਕੇ ਹਰ ਸੰਸਥਾਂ ਵਿਚ ਸਮਾਗਮ ਹੋ ਰਹੇ ਹਨ| ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਪੀ.ਏ.ਯੂ. ਵਿਚ ਸ਼ੁਰੂ ਤੋਂ ਸਹਿਤਕ ਅਤੇ ਸੱਭਿਆਚਾਰਕ ਮਾਹੌਲ ਦਾ ਪਸਾਰਾ ਰਿਹਾ ਹੈ ਅਤੇ ਸਾਡੇ ਵਿਦਿਆਰਥੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਹਮੇਸ਼ਾਂ ਮੋਹਰੀ ਰਹੇ ਹਨ|
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਇਸ ਵੇਲੇ ਪੰਜਾਬੀ ਰੰਗਮੰਚ ਦਾ ਬੋਲਬਾਲਾ ਪੂਰੀ ਦੁਨੀਆਂ ਵਿਚ ਹੈ ਕਿਉਂਕਿ ਬਿਹਤਰੀਨ ਰੰਗਮੰਚ ਤਕਨੀਕਾਂ ਅਪਨਾਉਣ ਕਰਕੇ ਪੰਜਾਬੀ ਭਾਸ਼ਾ ਦਾ ਰੰਗਮੰਚ ਵੀ ਦੂਜੀਆਂ ਭਾਸ਼ਾਵਾਂ ਦੇ ਬਰਾਬਰ ਜਾ ਖੜਾ ਹੈ| ਡਾ. ਜੌੜਾ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਪੱਧਰ ਤੇ ਹੁੰਦੇ ਰੰਗਮੰਚ ਮੁਕਾਬਲਿਆਂ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਵਿਗਿਆਨ ਦੀ ਪੜਾਈ ਹੁੰਦਿਆਂ ਵੀ ਮੋਹਰੀ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ|
ਸਮਾਗਮ ਦੇ ਮੁੱਖ ਮਹਿਮਾਨ ਡਾ. ਤੇਜਿੰਦਰ ਸਿੰਘ ਰਿਆੜ ਨੇ ਰੰਗਮੰਚ ਨਾਲ ਜੁੜੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਡੀ ਸੰਚਾਰ ਸਮਰੱਥਾ ਹੀ ਤੁਹਾਡੀ ਸਫਲਤਾ ਦਾ ਅਧਾਰ ਹੁੰਦੀ ਹੈ, ਇਸਲਈ ਸਟੇਜ ਤੇ ਕੋਈ ਵੀ ਪੇਸ਼ਕਾਰੀ ਦੇਣ ਵੇਲੇ ਆਪਣੀ ਭਾਸ਼ਾ, ਆਪਣੇ ਅੰਦਾਜ਼ ਅਤੇ ਆਪਣੀ ਸੰਚਾਰ ਵਿਧੀ ਨੂੰ ਨਿਖਾਰਨਾ ਚਾਹੀਦਾ ਹੈ| ਡਾ. ਰਿਆੜ ਨੇ ਕਿਹਾ ਕਿ ਬੇਸ਼ੱਕ ਪੀ.ਏ.ਯੂ. ਵਿਚ ਖੇਤੀਬਾੜੀ ਵਿਗਿਆਨ ਅਤੇ ਪਸਾਰ ਸਿੱਖਿਆ ਦੀ ਮੁਹਾਰਤਾ ਦਿੱਤੀ ਜਾਂਦੀ ਹੈ ਪਰੰਤੂ ਇਹ ਵੀ ਸੱਚਾਈ ਹੈ ਕਿ ਕਿਸੇ ਵੀ ਗਿਆਨ ਦੇ ਪਸਾਰ ਲਈ ਰੰਗਮੰਚੀ ਗੁਣ ਹੋਣੇ ਬਹੁਤ ਜ਼ਰੂਰੀ ਹਨ|
ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਅਤੇ ਰਾਸ਼ਟਰੀ ਪੱਧਰ ਦੇ ਰੰਗਕਰਮੀ ਡਾ. ਵਿਸ਼ਾਲ ਬੈਕਟਰ ਨੇ ਰੰਗਮੰਚ ਵਿਸ਼ੇ ਅਤੇ ਤਕਨੀਕ ਨਾਲ ਸੰਬੰਧਤ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ| ਡਾ. ਵਿਸ਼ਾਲ ਬੈਕਟਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਤੁਹਾਡੀ ਚੁੱਪ ਵੀ ਬਹੁਤ ਕੁਝ ਕਹਿਣ ਦੇ ਸਮਰਥ ਹੁੰਦੀ ਹੈ ਬੇਸ਼ਰਤੇ ਕਿ ਤੁਸੀਂ ਹਾਵ-ਭਾਵ ਪੇਸ਼ ਕਰਨ ਦੇ ਮਾਹਿਰ ਹੋਵੋ| ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡੇ ਵੱਲੋਂ ਬੋਲੇ ਜਾਣ ਵਾਲੇ ਸ਼ਬਦ ਉਸ ਵੇਲੇ ਹੋਰ ਵੀ ਅਸਰਦਾਰ ਹੋ ਜਾਂਦੇ ਹਨ ਜਦੋਂ ਤੁਸੀਂ ਉਹਨਾਂ ਸ਼ਬਦਾਂ ਨੂੰ ਆਪਣੇ ਹਾਵ-ਭਾਵਾਂ ਨਾਲ ਮਿਲਾ ਕੇ ਪ੍ਰਗਟ ਕਰਦੇ ਹੋ| ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰੰਗਮੰਚ ਅਤੇ ਨਾਟਕ ਨਾਲ ਸੰਬੰਧਤ ਸਵਾਲ ਵੀ ਕੀਤੇ|
ਇਸ ਵਿਚਾਰ-ਚਰਚਾ ਵਿਚ ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਲੋਕ ਸੰਪਰਕ ਡਾ. ਕੁਲਦੀਪ ਸਿੰਘ ਅਤੇ ਡਾ. ਕਰਨਵੀਰ ਸਿੰਘ ਗਿੱਲ ਨੇ ਵੀ ਹਿੱਸਾ ਲਿਆ| ਯੂਨੀਵਰਸਿਟੀ ਦੇ ਵਿਦਿਆਰਥੀਆਂ ਜਿਨ੍ਹਾਂ ਵਿਚ ਹਰਮਨਦੀਪ ਸਿੰਘ, ਰਿਖੀ, ਦਿਲਾਵਰ ਸਿੰਘ, ਦਿਵਿਆਂਸ਼ ਵਰਮਾ, ਨਵਪ੍ਰੀਤ ਕੌਰ, ਅਵਨੀਤ ਕੌਰ, ਪ੍ਰਤੀਕ ਸ਼ਰਮਾ, ਅਰਸ਼ਦੀਪ ਅਤੇ ਕਈ ਹੋਰ ਵਿਦਿਆਰਥੀਆਂ ਨੇ ਰੰਗਮੰਚ ਨਾਲ ਸੰਬੰਧਤ ਪੇਸ਼ਕਾਰੀਆਂ ਕੀਤੀਆਂ|
ਰਜਿਸਟਰਿੰਗ ਅਫਸਰ ਸ਼੍ਰੀ ਸਤਵੀਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਰੰਗਮੰਚ ਨਾਲ ਸੰਬੰਧਤ ਵਿਦਿਆਰਥੀਆਂ ਲਈ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾਵੇਗਾ|