Babushahi Special: ਸਰਕਾਰੀ ਵਾਅਦਿਆਂ ਦੇ ਪਟਾਰੇ ’ਚ ਬੀਕਾਨੇਰ ਬਣਿਆ ਬਠਿੰਡਾ ਦਾ ਰਾਹ
ਅਸ਼ੋਕ ਵਰਮਾ
ਬਠਿੰਡਾ,27ਮਾਰਚ 2025: ਸਾਲ 2022 ਦੀਆਂਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੀ ਸੱਤਾ ਹਥਿਆਉਣ ਲਈ ਆਮ ਆਦਮੀ ਪਾਰਟੀ ਅਤੇ ਉਮੀਦਵਾਰ ਜਗਰੂਪ ਸਿੰਘ ਗਿੱਲ ਵੱਲੋਂ ਬਠਿੰਡਾ ਵਾਸੀਆਂ ਨਾਲ ਕੀਤੇ ਵਾਅਦਿਆਂ ਦੀ ਚੰਗੇਰ ਚੋਂ ਹਾਲੇ ਕਾਫੀ ਪੂਣੀਆਂ ਕੱਤਣੀਆਂ ਬਾਕੀ ਹਨ। ਰੌਚਕ ਇਹ ਵੀ ਹੈ ਕਿ ਹਾਕਮ ਧਿਰ ਦੇ ਆਗੂਆਂ ਵੱਲੋਂ ਵੀਆਈਪੀ ਸ਼ਹਿਰ ਬਠਿੰਡਾ ਸਬੰਧੀ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਚਿੱਠਾ ਲੋਕ ਕਚਹਿਰੀ ਵਿੱਚ ਪੇਸ਼ ਕਰਨ ਮੌਕੇ ਜੋ ਦਾਅਵੇ ਕੀਤੇ ਜਾ ਰਹੇ ਹਨ ਹਕੀਕਤ ਉਸ ਤੋਂ ਉਲਟ ਨਜ਼ਰ ਆ ਰਹੀ ਹੈ।
ਸਰਕਾਰਾਂ ਦਾ ਵਿਕਾਸ ਨੂੰ ਮਾਪਣ ਦਾ ਪੈਮਾਨਾ ਵੱਖਰਾ ਹੁੰਦਾ ਹੈ । ਦੇਖਣ ਵਾਲੀ ਗੱਲ ਇਹ ਹੈ ਕਿ ਮੌਜੂਦਾ ਸਰਕਾਰ ਆਉਣ ਤੋਂ ਪਹਿਲਾਂ ਜੋ ਮੁਸ਼ਕਲਾਂ ਸਨ, ਉਨ੍ਹਾਂ ’ਚੋਂ ਕਿੰਨੀਆਂ ਹੱਲ ਹੋਈਆਂ ਅਤੇ ਲੋਕਾਂ ਦੇ ਦੁੱਖ ਤਕਲੀਫ਼ ਕਿੰਨੇ ਘਟੇ? ਜੋ ਕੱੁਝ ਵੀ ਬਠਿੰਡਾ ਵਿੱਚ ਹੋਇਆ, ਉਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਕਿਵੇਂ ਸੁਧਰੀ ਹੈ।
ਦੇਖਿਆ ਜਾਏ ਤਾਂ ਸ਼ਹਿਰ ਦੇ ਟਰੈਫਿਕ ਸੁਧਾਰਾਂ ਲਈ ਸਭ ਤੋਂ ਅਹਿਮ ਪ੍ਰਜੈਕਟ ਬਠਿੰਡਾ ਦੇ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਬਜਟ ਵਿੱਚ ਸਰਕਾਰ ਨੇ ‘ਦੁੱਕੀ’ ਵੀ ਨਹੀਂ ਰੱਖੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕੁੱਝ ਲੋੜ ਤੋਂ ਜਿਆਦਾ ਉਤਸ਼ਾਹੀ ਆਗੂਆਂ ਨੇ ਬੱਸ ਅੱਡੇ ਸਬੰਧੀ ਸਰਕਾਰ ਦੀ ਪੱਠ ਥਾਪੜਨੀ ਸ਼ੁਰੂ ਕਰ ਦਿੱਤੀ ਹੈ ਪਰ ਲੋਕ ਖੁਦ ਨੂੰ ਅਜਿਹੇ ਗੱਲੀਬਾਤੀਂ ਮੈਂ ਵੱਡੀ ਕਹਿਣ ਵਾਲਿਆਂ ਤੇ ਭਰੋਸਾ ਨਹੀਂ ਕਰ ਰਹੇ ਹਨ। ਬਠਿੰਡਾ ’ਚ ਨਵਾਂ ਏਸੀ ਬੱਸ ਅੱਡਾ ਬਣਨ ਦਾ ਰੌਲਾ ਰੱਪਾ 2009 ਤੋਂ ਸ਼ੁਰੂ ਹੋਇਆ ਜਦੋਂਕਿ ਨੀਂਹ ਪੱਥਰ ਸੱਤ ਸਾਲ ਬਾਅਦ ਰੱਖਿਆ ਗਿਆ। ਇਸ ਪ੍ਰਜੈਕਟ ਤੇ ਕੋਈ ਠੋਸ ਕਾਰਵਾਈ ਕਰਨ ਦੀ ਥਾਂ ਪਹਿਲਾਂ ਕਾਂਗਰਸ ਸਰਕਾਰ ਨੇ ਗੱਲਾਂਬਾਤਾਂ ’ਚ ਪੰਜ ਸਾਲ ਲੰਘਾ ਦਿੱਤੇ ਸਨ ਅਤੇ ਹੁਣ ਤਿੰਨ ਸਾਲਾਂ ਤੋਂ ਆਪ ਸਰਕਾਰ ਇਸੇ ਨੀਤੀ ਤੇ ਚਲਦੀ ਨਜ਼ਰ ਆ ਰਹੀ ਹੈ।
ਮਹੱਤਵਪੂਰਨ ਇਹ ਵੀ ਹੈ ਕਿ ਮੁੱਖ ਮੰਤਰੀ ਇਸ ਪ੍ਰਜੈਕਟ ਦੇ ਸ਼ੁਰੂ ਹੋਣ ਸਬੰਧੀ ਕਈ ਵਾਰ ਦਾਅਵਾ ਕਰ ਚੁੱਕੇ ਹਨ। ਸ਼ਹਿਰ ਦੀ ਅਹਿਮ ਜਰੂਰਤ ਪੀਣ ਵਾਲੇ ਪਾਣੀ ਦੀ ਹੈ ਜਿਸ ਦੀ ਕਿੱਲਤ ਨੂੰ ਦੂਰ ਕਰਨ ਲਈ ਥਰਮਲ ਦੀ ਝੀਲ ਨੰਬਰ 1 ਨੂੰ ਪਾਣੀ ਸਟੋਰ ਕਰਨ ਲਈ ਵਰਤਿਆ ਜਾਣਾ ਸੀ। ਇਸ ਕੰਮ ਲਈ ਵਾਟਰ ਟਰੀਟਮੈਂਟ ਪਲਾਟ ਲਾਉਣ ਨੂੰ ਪ੍ਰਵਾਨਗੀ ਤਾਂ ਦਿੱਤੀ ਗਈ ਪਰ ਪ੍ਰਜੈਕਟ ਹਵਾ ਵਿੱਚ ਲਟਕਿਆ ਪਿਆ ਹੈ। ਹੁਣ ਜਦੋਂ ਵੀ ਨਹਿਰ ਬੰਦੀ ਆਉਂਦੀ ਹੈ ਤਾਂ ਦਰਜਨਾਂ ਮੁਹੱਲਿਆਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਸਰਕਾਰ ਨੇ ਇਸ ਸਬੰਧੀ ਦੋ ਪ੍ਰਜੈਕਟ ਪ੍ਰਵਾਨ ਕੀਤੇ ਹਨ ਜਿੰਨ੍ਹਾਂ ’ਚ ਇੱਕ ਬਾਹਰੀ ਇਲਾਕਿਆਂ ’ਚ ਪਾਈਪਾਂ ਪਾਉਣ ਦਾ ਹੈ ਜਿਸ ਤੇ ਕਰੀਬ 38 ਕਰੋੜ ਦੀ ਲਾਗਤ ਆਉਣ ਦੇ ਅਨੁਮਾਨ ਹਨ।
ਦੂਸਰਾ ਪ੍ਰਜੈਕਟ ਸ਼ਹਿਰ ’ਚ ਵਾਟਰ ਟਰੀਟਮੈਂਟ ਪਲਾਂਟ ਲਾਉਣ ਅਤੇ ਸਟੋਰੇਜ਼ ਟੈਂਕ ਦੀ ਉਸਾਰੀ ਦਾ ਹੈ। ਸੂਤਰ ਦੱਸਦੇ ਹਨ ਕਿ ਬਜਟ ਪ੍ਰਵਾਨ ਹੋ ਗਿਆ ਪਰ ਜਮੀਨ ਟਰਾਂਸਫਰ ਨਾਂ ਹੋਣ ਕਾਰਨ ਕੰਮ ਸ਼ੁਰੂ ਹੋਣ ’ਚ ਸਮਾਂ ਲੱਗੇਗਾ। ਏਦਾਂ ਹੀ ਝੀਲਾਂ ਦੀ ਖਾਲੀ ਜਮੀਨ ਤੇ ਫੂਡ ਹੱਬ ਬਨਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਕਰੀਬ 50 ਕਰੋੜ ਰੁਪਏ ਦੀ ਲਾਗਤ ਨਾਲ ਜਨਤਾ ਨਗਰ ਓਵਰਬਰਿੱਜ ਪ੍ਰੋਜੈਕਟ ਸਬੰਧੀ ਵਣ ਵਿਭਾਗ ਤੋਂ ਮਨਜੂਰੀ ਨਾਂ ਮਿਲਣ ਕਾਰਨ ਪ੍ਰਣਾਲਾ ਉੱਥੇ ਦਾ ਉੱਥੇ ਹੈ। ਵਾਅਦੇ ਮੁਤਾਬਕ ਲੋਕਾਂ ਦਾ ਬਰਸਾਤੀ ਪਾਣੀ ਅਤੇ ਸੀਵਰੇਜ਼ ਸਮੱਸਿਆ ਤੋਂ ਖਹਿੜਾ ਨਹੀਂ ਛੁੱਟਿਆ ਹੈ। ਹੁਣ ਵੀ ਸ਼ਹਿਰ ਦੇ ਵੱਡੇ ਹਿੱਸੇ ’ਚ ਸੀਵਰੇਜ਼ ਜਾਮ ਹੈ। ਜੂਨ ’ਚ ਇਹ ਦਿਕੱਤ ਹੋਰ ਵੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਇਸ ਦੀ ਜਿੰਮੇਵਾਰੀ ਨਗਰ ਨਿਗਮ ਕੋਲ ਆ ਜਾਣੀ ਹੈ।
ਪ੍ਰਾਪਤੀਆਂ ਤੇ ਦਿੱਕਤਾਂ ਦੀ ਜੁਗਲਬੰਦੀ
ਸਿਹਤ ਸੇਵਾਵਾਂ ਲਈ ਨਵੀਂਆਂ ਮਸ਼ੀਨਾਂ ਲਾਉਣੀਆਂ ਵਿਧਾਇਕ ਦੀ ਅਹਿਮ ਪ੍ਰਾਪਤੀ ਹੈ ਪਰ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤਕਲੀਫਦੇਹ ਹਨ। ਗਾਰਗੀ ਆਡੀਟੋਰੀਅਮ ਅਤੇ ਰਿੰਗ ਰੋਡ ਵਨ ਚਾਲੂ ਕਰਨੀ ਵੀ ਵੱਡੀਆਂ ਪ੍ਰਾਪਤੀਆਂ ’ਚ ਸ਼ੁਮਾਰ ਹੈ। ਦਿੱਕਤਾਂ ’ਚ ਸਰਕਾਰੀ ਆਦਰਸ਼ ਸਕੂਲ ’ਚ ਤਕਰੀਬਨ ਦੋ ਦਰਜਨ ਕਮਰਿਆਂ ਦੀ ਉਸਾਰੀ ਬਾਕੀ ਹੈ। ਬਰਨਾਲਾ ਰੋਡ ਤੇ ਥਾਣਾ ਕੈਂਟ ਕੋਲ 40 ਕਰੋੜ ਦੇ ਪ੍ਰਜੈਕਟ ਅਤੇ ਗੁਰੂਕੁਲ ਰੋਡ ਤੋਂ ਰਿੰਗ ਰੋਡ ਤੱਕ ਸੈਰਗਾਹ ਨੂੰ ਪ੍ਰਵਾਨਗੀ ਪਰ ਕੰਮ ਸ਼ੁਰੂ ਹੋਣਾ ਬਾਕੀ ਹੈ।
ਦਿਖਾਵੇ ਵਾਲਾ ਵਿਕਾਸ :ਅਜੀਤਪਾਲ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਟਰੈਫਿਕ ਜਾਮ, ਸੀਵਰੇਜ਼ , ਪੀਣ ਵਾਲੇ ਪਾਣੀ ਦੀ ਕਿੱਲਤ ,ਬਰਸਾਤਾਂ ’ਚ ਪਾਣੀ ਦੀ ਨਿਕਾਸੀ ਅਤੇ ਕੂੜਾ ਕਰਕਟ ਦੇ ਮਸਲੇ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਬੱਸ ਅੱਡੇ ਦੀ ਉਸਾਰੀ ਸ਼ੁਰੂ ਨਹੀਂ ਕਰਵਾ ਸਕੀ ਹੈ। ਉਨ੍ਹਾਂ ਕਿਹਾ ਕਿ ਜਿਸ ਵਿਕਾਸ ਦਾ ਦਾਅਵਾ ਸਰਕਾਰ ਕਰ ਰਹੀ ਹੈ ਉਹ ਲੋਕਾਂ ਦੇ ਦੁੱਖ ਕੱਟਣ ਵਾਲਾ ਨਹੀਂ ਦਿਖਾਵੇ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨਾਅਰੇ ਵੱਜਣੋ ਹਟ ਗਏ ਤਾਂ ਉਦੋਂ ਸਮਝ ਪਵੇਗੀ ਕਿ ਹੁਣ ਵਿਕਾਸ ਦੀ ਕੋਈ ਕਮੀ ਨਹੀਂ ਹੈ।
ਸ਼ਹਿਰ ’ਚ ਲਿਆਂਦੇ ਪ੍ਰਜੈਕਟ: ਵਿਧਾਇਕ
ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਗਿੱਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਿੰਨ ਸਾਲਾਂ ਵਿੱਚ ਹਰ ਖੇਤਰ ’ਚ ਕੰਮ ਕਰਵਾਏ ਹਨ ਅਤੇ ਹੋਰ ਵੀ ਹੋਣ ਜਾ ਰਹੇ ਹਨ। ਮੁਲਤਾਨੀਆ ਪੁਲ ਇਸ ਸਾਲ ਤਿਆਰ ਹੋਣ ਜਾ ਰਿਹਾ ਹੈ। ਪਾਣੀ ਦੀਆਂ ਖੇਡਾਂ ਅਤੇ ਰੋਇੰਗ ਨਰਸਰੀ ਨੂੰ ਪ੍ਰਵਾਨਗੀ ਦਿਵਾਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਬੱਸ ਅੱਡੇ ਦਾ ਕੰਮ ਸ਼ੁਰੂ ਹੋਣ ਜਾ ਰਿਹਾਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਤੇ ਕੰਮ ਜਾਰੀ ਹੈ ਅਤੇ ਪਾਣੀ ਦੇ ਪ੍ਰਜੈਕਟਾਂ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ।