ਚੈਰਿਸ ਗੋਇਲ ਕਤਲ : ਵਕੀਲ ਵੱਲੋਂ ਨਿਆਂ ਲਈ ਮੁੱਖ ਮੰਤਰੀ ਨੂੰ ਦਖਲ ਦੇਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2025: ਕੁੱਝ ਦਿਨ ਪਹਿਲਾਂ ਚੰਡੀਗੜ੍ਹ ’ਚ ਪੜਨ ਵਾਲੀ ਮੌੜ ਮੰਡੀ ਦੀ ਲੜਕੀ ਚੈਰਿਸ਼ ਗੋਇਲ ਨੂੰ ਕਤਲ ਕਰਨ ਦੇ ਮਾਮਲੇ ’ਚ ਚੰਡੀਗੜ੍ਹ ਦੇ ਵਕੀਲ ਤਨੁਜ ਗੋਇਲ ਨੇ ਮੁੱਖ ਮੰਤਰੀ ਪੰਜਾਬ ਤੋਂ ਪ੍ਰੀਵਾਰ ਲਈ ਇਨਸਾਫ ਦੀ ਮੰਗ ਕੀਤੀ ਹੈ। ਸਮਾਜਿਕ ਕਾਰਕੁੰਨ ਅਤੇ ਯੂਐਨ ਐਵਾਰਡੀ ਐਡਵੋਕੇਟ ਤਨੁਜ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਤੇ ਪੋਸਟ ਪਾਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਚੈਰਿਸ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਕੇ ਇਨਸਾਫ਼ ਦਿਵਾਉਣ ਲਈ ਪਾਰਦਰਸ਼ੀ ਅਤੇ ਸਮੇਂ-ਬੱਧ ਜਾਂਚ ਯਕੀਨੀ ਬਣਾਉਣ। ਐਡਵੋਕੇਟ ਗੋਇਲ ਨੇ ਪੀੜਤ ਪ੍ਰੀਵਾਰ ਨਾਲ ਫੋਨ ਤੇ ਗੱਲ ਕਰਕੇ ਇਸ ਘਟਨਾਂ ਨੂੰ ਸਮਾਜ ਲਈ ਡੂੰਘਾ ਸਦਮਾ ਅਤੇ ਦੁਖਦਾਈ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹ ਪ੍ਰੀਵਾਰ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਚੈਰਿਸ ਗੋਇਲ ਉਨ੍ਹਾਂ ਦੀ ਭੈਣ ਵਾਂਗ ਸੀ ਤੇ ਸ਼ੱਕੀ ਹਾਲਾਤਾਂ ’ਚ ਹੋਈ ਉਸ ਦੀ ਅਚਾਨਕ ਮੌਤ ਉਨ੍ਹਾਂ ਲਈ ਬਹੁਤ ਵੱਡਾ ਧੱਕਾ ਹੈ । ਉਨ੍ਹਾਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਪੂਰੀ ਮਜਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਹੋ ਰਹੀਆਂ ਮੁਟਿਆਰ ਕੁੜੀਆਂ ਦੀਆਂ ਮੌਤਾਂ ਬਹੁਤ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਤੋਂ ਬਾਅਦ ਕੁੜੀਆਂ ਅੱਗੇ ਆਪਣੀ ਸੁਰੱਖਿਆ ਦਾ ਮਸਲਾ ਖੜ੍ਹਾ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਚੈਰਿਸ ਦੇ ਪਰਿਵਾਰ ਨੂੰ ਨਿਆਂ ਦਿਵਾਉਣ, ਪਾਰਦਰਸ਼ੀ ਜਾਂਚ ਅਤੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਮੌੜ ਮੰਡੀ ਦੀ ਲੜਕੀ ਚੈਰਿਸ ਗੋਇਲ ਚੰਡੀਗੜ੍ਹ ’ਚ ਪੜ੍ਹਾਈ ਕਰਦੀ ਸੀ।
ਪ੍ਰੀਵਾਰ ਨੇ ਲੜਕੀ ਦੇ ਗਾਇਬ ਹੋਣ ਸਬੰਧੀ ਥਾਣਾ ਮੌੜ ’ਚ ਸ਼ਕਾਇਤ ਦਰਜ ਕਰਵਾਈ ਸੀ। ਜਾਣਕਾਰੀ ਅਨੁਸਾਰ ਲੜਕੀ ਚੰਡੀਗੜ੍ਹ ਵਿੱਚ ਪੜ੍ਹ ਰਹੀ ਸੀ। ਉਹ ਚੰਡੀਗੜ੍ਹ ਤੋਂ ਮੌੜ ਮੰਡੀ ਲਈ ਰਵਾਨਾ ਹੋਈ ਪਰ ਘਰ ਨਹੀਂ ਪਹੁੰਚੀ। ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਜਦੋਂ ਉਹ ਮੌੜ ਮੰਡੀ ਵਿਖੇ ਬੱਸ ਤੋਂ ਹੇਠਾਂ ਉਤਰੀ ਤਾਂ ਕੁੱਝ ਵਿਅਕਤੀਆਂ ਨੇ ਉਸਨੂੰ ਅਗਵਾ ਕਰ ਲਿਆ ਅਤੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਕੋਟਲਾ ਨਹਿਰ ਵਿੱਚ ਸੁੱਟ ਦਿੱਤੀ । ਮ੍ਰਿਤਕ ਦੇ ਪਿਤਾ ਸੁਮਿਤ ਦੇ ਬਿਆਨ ਦੇ ਆਧਾਰ ’ਤੇ, ਪੁਲਿਸ ਨੇ ਮੁਕੁਲ ਮਿੱਤਲ, ਉਸ ਦੇ ਪਿਤਾ ਰਵੀ ਕੁਮਾਰ, ਚਾਚਾ ਰਾਜ ਕੁਮਾਰ, ਮਾਂ ਡਿੰਪਲ ਅਤੇ ਦੋਸਤ ਕਰਨ ਨੂੰ ਨਾਮਜ਼ਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਦੋ ਦੋਸ਼ੀ ਫਰਾਰ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।