ਕਰਨਲ ਬਾਠ ਦੀ ਪਤਨੀ ਦੀ ਬੋਲਬਾਣੀ ਤੋਂ ਭੜਕੇ ਵਪਾਰੀ ਆਗੂਆਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਅਸ਼ੋਕ ਵਰਮਾ
ਬਠਿੰਡਾ, 26 ਮਾਰਚ 2025: ਕੁੱਝ ਦਿਨ ਪਹਿਲਾਂ ਪਟਿਆਲਾ ’ਚ ਪੁਲਿਸ ਦੀ ਕਥਿਤ ਕੁੱਟਮਾਰ ਦੇ ਸ਼ਿਕਾਰ ਹੋਏ ਭਾਰਤੀ ਫੌਜ ਦੇ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਵੱਲੋਂ ਬਠਿੰਡਾ ਦੇ ਕਾਰੋਬਾਰੀ ਤੇ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਮਰਹੂਮ ਹਰਜਿੰਦਰ ਸਿੰਘ ਜੌਹਲ ਮੇਲਾ ਦੇ ਮਾਮਲੇ ’ਚ ਕੀਤੀ ਗਈ ਬਿਆਨਬਾਜੀ ਤੋਂ ਵਪਾਰੀ ਭਾਈਚਾਰਾ ਭੜਕ ਗਿਆ ਹੈ। ਵਪਾਰੀ ਆਗੂਆਂ ਨੇ ਬਕਾਇਦਾ ਵੀਡੀਓ ਜਾਰੀ ਕਰਕੇ ਇਸ ਬੋਲਬਾਣੀ ਦੋ ਸਖਤ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਸ਼੍ਰੀਮਤੀ ਬਾਠ ਨੇ ਮੁੜ ਅਜਿਹੀ ਬਿਆਨਬਾਜੀ ਕੀਤੀ ਤਾਂ ਵਪਾਰ ਮੰਡਲ ਮੋਰਚਾ ਖੋਹਲਣ ਲਈ ਮਜਬੂਰ ਹੋਵੇਗਾ। ਇਹ ਵੀਡੀਓ ਸਮਾਜਿਕ ਆਗੂ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ,ਸਮਾਜਸੇਵੀ ਹਰਮਿਲਾਪ ਗਰੇਵਾਲ ,ਮਾਲ ਰੋਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਨੀਤ ਗੁਪਤਾ ਆਦਿ ਆਗੂਆਂ ਨੇ ਮੀਡੀਆ ਨੂੰ ਜਾਰੀ ਕੀਤੀ ਹੈ।
ਇੰਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਦਾਅਵਾ ਕੀਤਾ ਹੈ ਕਿ ਮੇਲਾ ਕਤਲ ਕਾਂਡ ਨੂੰ ਲੈਕੇ ਬਠਿੰਡਾ ਪੁਲਿਸ ਐਫਆਈਆਰ ਨਹੀਂ ਦਰਜ ਕਰ ਰਹੀ ਸੀ ਅਤੇ ਉਨ੍ਹਾਂ (ਸ਼੍ਰੀਮਤੀ ਬਾਠ) ਨੇ ਬਠਿੰਡਾ ਪਹੁੰਚ ਕੇ ਪੀੜਤ ਪ੍ਰੀਵਾਰ ਦੀ ਸਹਾਇਤਾ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਤੋਂ ਮੁਕੱਦਮਾ ਦਰਜ ਕਰਵਾਇਆ ਹੈ। ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਕਰਨਲ ਦੀ ਪਤਨੀ ਦਾ ਇਹ ਬਿਆਨ ਅਤੇ ਦਾਅਵਾ ਪੂਰੀ ਤਰਾਂ ਗਲ੍ਹਤ ਹੈ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦਾ 28 ਅਕਤੂਬਰ 2023 ਨੂੰ ਕਰੀਬ 5.10 ਵਜੇ ਸ਼ਾਮ ਉਸ ਵਕਤ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਕੁਲਚਾ ਸ਼ਾਪ ਦੇ ਬਾਹਰ ਕੁਰਸੀ ਤੇ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪੀੜਤ ਪ੍ਰੀਵਾਰ ਦੇ ਬਿਆਨਾਂ ਤੇ ਉਦੋਂ ਹੀ ਕੇਸ ਦਰਜ ਕਰ ਲਿਆ ਸੀ।
ਉਨ੍ਹਾਂ ਕਿਹਾ ਕਿ ਕਰਨਲ ਦੀ ਪਤਨੀ ਦੇ ਇਹ ਬਿਆਨ ਕਿ ਹਰਜਿੰਦਰ ਸਿੰਘ ਜੌਹਲ ਦੀ ਮ੍ਰਿਤਕ ਦੇਹ ਗਰਮੀ ਦੌਰਾਨ ਧੁੱਪੇ ਪਈ ਸੀ , ਜਿਸ ਕਾਰਨ ਉਨ੍ਹਾਂ ਨੇ ਅੰਤਿਮ ਸਸਕਾਰ ਕਰਵਾਇਆ ਵੀ ਸਰਾਸਰ ਝੂਠਾ ਹੈ ਕਿਉਂਕਿ ਉਨ੍ਹਾਂ ਦੀ ਲਾਸ਼ ਠੰਢਾ ਰੱਖਣ ਲਈ ਬਣੇ ਡੀਪ ਫਰੀਜ਼ਰ ਵਿੱਚ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਕਰਨਲ ਬਾਠ ਦੀ ਪਤਨੀ ਵੱਲੋਂ ਇਹ ਕਹਿਣਾ ਕਿ ਉਨ੍ਹਾਂ ਨੇ ਛੇ ਮਹਨਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਪੀੜਤ ਪ੍ਰੀਵਾਰ ਨੂੰ 20 ਲੱਖ ਰੁਪਿਆ ਦਿਵਾਇਆ ਹੈ ਵੀ ਝੂਠ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨ ਕਰਨਲ ਬਾਠ ਦੀ ਪਤਨੀ ਨੇ ਆਪਣਾ ਬਿਆਨ ਬਦਲਦਿਆਂ ਕਿਹਾ ਕਿ 20 ਲੱਖ ਨਹੀਂ ਬਲਕਿ 10 ਲੱਖ ਰੁਪਏ ਮੁਆਵਜਾ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੰਗ ਤਾਂ ਵਪਾਰ ਮੰਡਲ ਦੀ ਸੀ ਕਿ ਮਰਹੂਮ ਵਪਾਰੀ ਦੇ ਪ੍ਰੀਵਾਰ ਨੂੰ ਬਣਦਾ ਮੁਆਵਜਾ ਦਿੱਤਾ ਜਾਏ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਪਾਰ ਮੰਡਨ ਨੇ ਪੀੜਤ ਪ੍ਰੀਵਾਰ ਦਾ ਕਰਜਾ ਮੁਆਫ ਕਰਨ ਦੀ ਵੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਕਤਲ ਮਾਮਲੇ ਵਿੱਚ ਬਠਿੰਡਾ ਦੇ ਸਮੂਹ ਵਪਾਰੀਆਂ, ਸਮਾਜਸੇਵੀ ਜੱਥੇਬੰਦੀਆਂ, ਅਤੇ ਵਪਾਰ ਮੰਡਲ ਇੱਕ ਮੋਰੀ ਨਿਕਲ ਗਏ ਅਤੇ ਪੀੜਤ ਪ੍ਰੀਵਾਰ ਦੇ ਹੱਕ ਵਿੱਚ ਡਟ ਕੇ ਸੰਘਰਸ਼ ਕੀਤਾ ਸੀ ਜਿਸ ਦੇ ਬਾਅਦ ਪ੍ਰਸ਼ਾਸ਼ਨ ਵੱਲੋਂ ਮੁਆਵਜਾ ਦਿੱਤਾ ਗਿਆ ਸੀ। ਇਸ ਮੁੱਦੇ ਨੂੰ ਲੈਕੇ ਵਪਾਰੀ ਆਗੂਆਂ ਦਾ ਕਹਿਣਾ ਸੀ ਕਿ ਕਰਨਲ ਬਾਠ ਦੀ ਪਤਨੀ ਨੂੰ ਮੀਡੀਆ ’ਚ ਇਸ ਤਰਾਂ ਦਾ ਬਿਆਨ ਦੇਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਸੀ। ਵਪਾਰੀ ਆਗੂਆਂ ਨੇ ਕਿਹਾ ਕਿ ਜੇਕਰ ਕਰਨਲ ਬਾਠ ਦੀ ਪਤਨੀ ਨੇ ਭਵਿੱਖ ’ਚ ਹਰਜਿੰਦਰ ਸਿੰਘ ਜੌਹਲ ਜਾਂ ਉਨ੍ਹਾਂ ਦੇ ਪ੍ਰੀਵਾਰ ਸਬੰਧੀ ਕਿਸੇ ਕਿਸਮ ਦਾ ਕੋਈ ਬਿਆਨ ਦਿੱਤਾ ਤਾਂ ਮਜਬੂਰੀ ਵੱਸ ਵਪਾਰੀ ਭਾਈਚਾਰੇ ਨੂੰ ਉਨ੍ਹਾਂ ਖਿਲਾਫ ਸੜਕਾਂ ਤੇ ਉੱਤਰਨਾ ਪਵੇਗਾ।
ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਹਰਜਿੰਦਰ ਸਿੰਘ ਜੌਹਲ ਦੀ ਪਤਨੀ ਆਰਤੀ ਜੌਹਲ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪ੍ਰੀਵਾਰ ਨੂੰ ਭਰੋਸੇ ’ਚ ਲਏ ਬਗੈਰ ਕਰਨਲ ਬਾਠ ਦੀ ਪਤਨੀ ਨੇ ਪ੍ਰੀਵਾਰ ਨੂੰ ਭਰੋਸੇ ਵਿੱਚ ਲਏ ਬਗੈਰ ਪ੍ਰਸ਼ਾਸ਼ਨ ਨਾਲ ਸਮਝੌਤਾ ਕਰ ਲਿਆ ਅਤੇ ਮਰਹੂਮ ਮੇਲਾ ਦਾ ਅੰਮਿ ਸਸਕਾਰ ਕਰਵਾ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਰਨਲ ਬਾਠ ਦੀ ਪਤਨੀ ਜੌਹਲ ਦੀ ਮੂੰਹ ਬੋਲੀ ਭੈਣ ਬਣੀ ਹੋਈ ਸੀ ਜੋ ਕਤਲ ਤੋਂ ਬਾਅਦ ਬਠਿੰਡਾ ਆਈ ਸੀ। ਉਨ੍ਹਾਂ ਕਿਹਾ ਕਿ ਪ੍ਰੀਵਾਰ ਡੂੰਘੇ ਸਦਮੇ ਵਿੱਚ ਸੀ ਜਿਸ ਕਰਕੇ ਸ਼੍ਰੀਮਤੀ ਬਾਠ ਨੇ ਫੈਸਲਾ ਆਪਣੇ ਪੱਧਰ ਤੇ ਲੈ ਲਿਆ ਜਿਸ ਦਾ ਖਮਿਆਜਾ ਉਨ੍ਹਾਂ ਨੂੰ ਹੁਣ ਤੱਕ ਭੁਗਤਣਾ ਪੈ ਰਿਹਾ ਹੈ। ਜਦੋਂ ਮੀਡੀਆ ਨੇ ਆਰਤੀ ਜੌਹਲ ਵੱਲੋਂ ਲਾਏ ਦੋਸ਼ਾਂ ਸਬੰਧੀ ਸ਼੍ਰੀਮਤੀ ਬਾਠ ਤੋਂ ਪੱਖ ਜਾਣਿਆ ਤਾਂ ਉਨ੍ਹਾਂ ਇਹ ਗੱਲਾਂ ਕਹੀਆਂ ਜਿਸ ਦਾ ਆਗੂਆਂ ਨੇ ਜਵਾਬ ਦਿੱਤਾ ਹੈ।
ਸ਼੍ਰੀਮਤੀ ਬਾਠ ਵੱਲੋਂ ਪਹਿਲਾਂ ਦਿੱਤਾ ਪੱਖ
ਇਸ ਸਬੰਧ ’ਚ ਆਪਣਾ ਪੱਖ ਦੱਸਦਿਆਂ ਜਸਵਿੰਦਰ ਕੌਰ ਨੇ ਮੇਲਾ ਪ੍ਰੀਵਾਰ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਸੀ ਕਿ ਉਦੋਂ ਪੁਲਿਸ ਐਫਆਈਆਰ ਤੱਕ ਦਰਜ ਨਹੀਂ ਕਰ ਰਹੀ ਸੀ ਜੋ ਉਨ੍ਹਾਂ ਨੇ ਅੱਗੇ ਲੱਗ ਕੇ ਕਰਵਾਈ ਸੀ। ਉਨ੍ਹਾਂ ਕਿਹਾ ਕਿ ਅਸਲ ’ਚ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਦੀ ਬੇਅਦਬੀ ਹੋ ਰਹੀ ਸੀ ਜਿਸ ਕਰਕੇ ਉਨ੍ਹਾਂ ਨੇ ਪ੍ਰੀਵਾਰ ਦੀ ਸਹਿਮਤੀ ਨਾਲ ਹੀ ਸਾਰਾ ਕੁੱਝ ਕੀਤਾ ਸੀ। ਉਨ੍ਹਾ ਕਿਹਾ ਕਿ ਜਦੋਂ ਤੱਕ ਪ੍ਰੀਵਾਰ ਨੂੰ 20 ਲੱਖ ਰੁਪਿਆ ਨਹੀ ਮਿਲ ਗਿਆ ਉਦੋਂ ਤੱਕ ਮੈਂ ਬੱਚਿਆਂ ਦੀ ਭੂਆ ਸੀ ਤੇ ਹੁਣ ਇੱਕ ਸਾਲ ਬਾਅਦ ਦੋਸ਼ ਲਾਉਣੇ ਯਾਦ ਆਏ ਹਨ। ਉਨ੍ਹਾਂ ਹੁਣ ਵੀ ਪ੍ਰੀਵਾਰ ਨਾਲ ਹਨ ਖਲੋਣ ਬਾਰੇ ਵੀ ਕਿਹਾ ਸੀ।