ਵਿਸ਼ਾਲ ਸਿਡਾਣਾ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜਗਰਾਉਂ ਦੇ ਪ੍ਰਧਾਨ ਬਣੇ
ਦੀਪਕ ਜੈਨ
ਜਗਰਾਉਂ, 26 ਮਾਰਚ 2025- ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅਹਿਮ ਮੀਟਿੰਗ ਅੱਜ ਇਥੇ ਪਹਿਲਵਾਨ ਦੇ ਢਾਬੇ 'ਤੇ ਸੂਬਾਈ ਜਥੇਬੰਦਕ ਸਕੱਤਰ ਸੰਤੋਖ ਗਿੱਲ ਦੀ ਅਗਵਾਈ ਹੇਠ ਹੋਈ। ਪਿਛਲੇ ਦਿਨੀਂ ਯੂਨੀਅਨ ਦੀ ਜਗਰਾਉਂ ਇਕਾਈ ਦਾ ਗਠਨ ਕਰਨ ਤੋਂ ਬਾਅਦ ਅੱਜ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਸਮੇਂ ਵਿਸ਼ਾਲ ਸਿਡਾਣਾ ਸਰਬਸੰਮਤੀ ਨਾਲ ਯੂਨੀਅਨ ਦੀ ਜਗਰਾਉਂ ਇਕਾਈ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਤੋਂ ਇਲਾਵਾ ਹਰਵਿੰਦਰ ਸਿੰਘ ਖਾਲਸਾ ਚੇਅਰਮੈਨ, ਚਰਨਜੀਤ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਮਲਕ ਮੀਤ ਪ੍ਰਧਾਨ, ਜਸਬੀਰ ਸਿੰਘ ਖਜ਼ਾਨਚੀ, ਵਿਸ਼ਾਲ ਅਤਰੇ ਤੇ ਚਰਨਜੀਤ ਸਿੰਘ ਸਰਨਾ ਸਕੱਤਰ ਤੇ ਭਗਵਾਨ ਭੰਗੂ ਜਥੇਬੰਦਕ ਸਕੱਤਰ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਸੱਤ ਮੈਂਬਰੀ ਕਾਰਜਕਾਰਨੀ ਵਿੱਚ ਗਿਆਨ ਦੇਵ ਬੇਰੀ, ਸੰਜੀਵ ਮਲਹੋਤਰਾ ਕਾਲਾ, ਪਰਮਜੀਤ ਸਿੰਘ ਗਰੇਵਾਲ, ਰਿਤੇਸ਼ ਭੱਟ, ਅਤੁਲ ਮਲਹੋਤਰਾ, ਮੋਹਿਤ ਜੈਨ, ਗੁਰਕੀਰਤ ਸਿੰਘ ਸ਼ਾਮਲ ਕੀਤੇ ਗਏ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸੰਤੋਖ ਗਿੱਲ ਨੇ ਦੇਸ਼ ਅੰਦਰ ਪੱਤਰਕਾਰਾਂ 'ਤੇ ਲਗਾਤਾਰ ਵਧ ਰਹੇ ਹਮਲਿਆਂ 'ਤੇ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਕੇਂਦਰ ਵਾਂਗ ਸੂਬਾ ਸਰਕਾਰਾਂ ਵੀ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਯਤਨ ਕਰਦੀਆਂ ਹਨ। ਵੈਸੇ ਤਾਂ ਮੀਡੀਆ ਦਾ ਵੱਡਾ ਹਿੱਸਾ ਸਰਕਾਰਾਂ ਤੇ ਪ੍ਰਸ਼ਾਸਨ ਨਾਲ ਮਿਲ ਕੇ ਚੱਲਣ ਕਾਰਨ 'ਗੋਦੀ ਮੀਡੀਆ' ਕਹਾਉਣ ਲੱਗਾ ਹੈ ਪਰ ਅੱਜ ਵੀ ਬਹੁਤ ਸਾਰੇ ਅਦਾਰੇ ਤੇ ਪੱਤਰਕਾਰ ਅਜਿਹੇ ਹਨ ਜੋ ਹਮੇਸ਼ਾ ਹੱਕ-ਸੱਚ, ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰ ਰਹੇ ਹਨ। ਇਨ੍ਹਾਂ 'ਤੇ ਹੀ ਕਈ ਕਿਸਮ ਦੇ ਹਮਲੇ ਹੁੰਦੇ ਹਨ। ਉਨ੍ਹਾਂ ਹਰਿਆਣਾ ਪੈਟਰਨ 'ਤੇ ਪੰਜਾਬ ਦੇ ਪੱਤਰਕਾਰਾਂ ਲਈ ਮਫ਼ਤ ਬੱਸ ਸਫ਼ਰ ਅਤੇ ਦਸ ਹਜ਼ਾਰ ਰੁਪਏ ਪੈਨਸ਼ਨ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਯੂਨੀਅਨ ਲਗਾਤਾਰ ਇਸ ਮੁੱਦੇ ਦੀ ਪੂਰਤੀ ਲਈ ਯਤਨਸ਼ੀਲ ਹੈ। ਮੀਟਿੰਗ ਵਿੱਚ ਉਪਰੋਕਤ ਚੁਣੇ ਗਏ ਅਹੁਦੇਦਾਰਾਂ ਤੋਂ ਇਲਾਵਾ ਰੌਕੀ ਚਾਵਲਾ, ਸਮੀਪ ਜੱਸਲ, ਰਮਨ ਅਰੋੜਾ, ਆਰਿਅਨ ਅਤਰੇ, ਅਕਾਸ਼ਦੀਪ ਸਿੰਘ, ਅਮਰਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਲਾਡੀ ਸਿੱਧੂ, ਮਨਦੀਪ ਸਿੰਘ ਆਦਿ ਹਾਜ਼ਰ ਸਨ।