ਇੱਕ ਪਾਤਰੀ ਨਾਟਕ 'ਸੁਕਰਾਤ' ਵਿੱਚ ਕੀਰਤੀ ਕਿਰਪਾਲ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲਿਆ
ਅਸ਼ੋਕ ਵਰਮਾ
ਬਠਿੰਡਾ,1 ਮਾਰਚ 2025 :ਨਾਟਿਅਮ ਪੰਜਾਬ ਵੱਲੋਂ ਅੱਜ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਿਖੇ ਇੱਕ ਪਾਤਰੀ ਨਾਟਕ 'ਸੁਕਰਾਤ' ਦੀ ਸਫ਼ਲ ਪੇਸ਼ਕਾਰੀ ਕੀਤੀ ਗਈ ਜਿਸ ਦੀ ਪੇਸ਼ਕਾਰੀ ਦੌਰਾਨ ਕਲਾਕਾਰ ਕਿਰਤੀ ਕਿਰਪਾਲ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਮੂਲ ਤੌਰ 'ਤੇ ਹਿੰਦੀ ਵਿੱਚ ਅਖ਼ਤਰ ਅਲੀ ਦੁਆਰਾ ਲਿਖੇ ਨਾਟਕ ਨੂੰ ਪੰਜਾਬੀ ਰੂਪ ਦੇਣ ਦਾ ਕਾਰਜ ਕੀਰਤੀ ਕਿਰਪਾਲ ਨੇ ਕੀਤਾ ਤੇ ਸਕ੍ਰਿਪਟ ਵਿਚਲੇ ਸੋਧ-ਸੁਝਾਅ ਚੰਦਰ ਸ਼ੇਖਰ ਯੂ.ਕੇ. ਨੇ ਕੀਤੇ। ਨਾਟਕ ਦਾ ਨਿਰਦੇਸ਼ਨ ਨਾਟਿਅਮ ਪ੍ਰਧਾਨ ਸ਼੍ਰੀਮਤੀ ਸੁਰਿੰਦਰ ਕੌਰ ਨੇ ਕੀਤਾ। ਸੁਕਰਾਤ ਦਾ ਰੋਲ ਵੀ ਖੁਦ ਕੀਰਤੀ ਕਿਰਪਾਲ ਨੇ ਨਿਭਾ ਕੇ ਸੁਕਰਾਤ ਨੂੰ ਜਿਉਂਦਾ ਕਰ ਦਿਖਾਇਆ। ਸੁਕਰਾਤ ਦੀ ਫਿ਼ਲਾਸਫ਼ੀ ਦਰਸਾਉਂਦੇ ਇਸ ਨਾਟਕ ਦੌਰਾਨ ਆਡੀਟੋਰੀਅਮ ਨਿਰੰਤਰ ਤਾੜੀਆਂ ਨਾਲ਼ ਗੂੰਜਦਾ ਰਿਹਾ। ਧਰਮ ਅਤੇ ਰਾਜਨੀਤੀ ਵਰਗੇ ਗੰਭੀਰ ਵਿਸ਼ਿਆਂ ਨਾਲ਼ ਸੰਜੋਏ ਇਸ ਨਾਟਕ ਨੂੰ ਕੀਰਤੀ ਕਿਰਪਾਲ ਨੇ ਆਪਣੀ ਬਾਕਮਾਲ ਅਦਾਕਾਰੀ ਨਾਲ਼ ਚਾਰ ਚੰਨ ਲਾ ਦਿੱਤੇਚੰਦਰ
ਇਸ ਮੌਕੇ ਸਤਿਕਾਰਿਤ ਮਹਿਮਾਨਾਂ ਵਿਚ ਡਾ. ਸੰਦੀਪ ਕਾਂਸਲ, ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ, ਸ. ਅਜਾਇਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ, ਸ਼੍ਰੀ ਅਜ਼ੀਮ ਸ਼ੇਖਰ ਪੰਜਾਬੀ ਕਵੀ ਯੂ.ਕੇ. ਅਤੇ ਡਾ਼ ਭੁਪਿੰਦਰ ਸਿੰਘ ਡਾਇਰੈਕਟਰ ਯੁਵਕ ਭਲਾਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਹਾਜ਼ਰ ਸਨ।
ਨਾਟਿਅਮ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਅਤੇ ਡਾ. ਗੁਰਿੰਦਰਪਾਲ ਸਿੰਘ ਬਰਾੜ ਨੇ ਸਾਂਝੇ ਤੌਰ 'ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਡਾ. ਸੰਦੀਪ ਕਾਂਸਲ ਨੇ ਕੀਰਤੀ ਕਿਰਪਾਲ ਦੀ ਅਦਾਕਾਰੀ ਦੀ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਸਮੇਂ ਜੀ ਲੋੜ ਹਨ ਅਤੇ ਵਿਦਿਆਰਥੀਆਂ ਨੂੰ ਸਹਿਜੇ ਹੀ ਜ਼ਿੰਦਗੀ ਨੂੰ ਵੱਖਰੇ ਨਜ਼ਰੀਏ ਨਾਲ਼ ਵੇਖਣ ਵਿੱਚ ਸਹਾਈ ਹੁੰਦੇ ਹਨ। ਸ. ਅਜਾਇਬ ਸਿੰਘ ਚੱਠਾ ਨੇ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਕੈਨੇਡਾ ‘ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਗੱਲਬਾਤ ਕੀਤੀ।
ਸ਼ਾਇਰ ਅਜ਼ੀਮ ਸ਼ੇਖਰ ਨੇ ਬੋਲਦਿਆਂ ਕਿਹਾ ਕਿ ਬਠਿੰਡਾ ਦੀ ਧਰਤੀ ਨਾਟਕ ਦੇ ਖੇਤਰ ਲਈ ਬੜੀ ਜ਼ਰਖੇਜ਼ ਹੈ, ਜਿਸ ਨੇ ਬਲਵੰਤ ਗਾਰਗੀ ਜਿਹੇ ਨਾਟਕਕਾਰ ਪੈਦਾ ਕੀਤੇ। ਗਾਰਗੀ ਦੀ ਪਰੰਪਰਾ ਨੂੰ ਟੋਨੀ ਬਾਤਿਸ਼ ਨੇ ਅਗਾਂਹ ਤੋਰਿਆ ਤੇ ਹੁਣ ਕੀਰਤੀ ਕਿਰਪਾਲ ਲਗਾਤਾਰ ਆਪਣੀਆਂ ਨਾਟ-ਸਰਗਰਮੀਆਂ ਰਾਹੀਂ ਉਸ ਪਰੰਪਰਾ ਨੂੰ ਅੱਗੇ ਲਿਜਾ ਰਹੇ ਹਨ।ਮੰਚ ਸੰਚਾਲਨ ਪ੍ਰੋਫੈਸਰ ਸੰਦੀਪ ਮੋਹਲਾਂ ਨੇ ਕੀਤਾ। ਇਸ ਦੌਰਾਨ ਸ਼ਹਿਰ ਦੀਆਂ ਨਾਮਵਰ ਸ਼ਖਸੀਅਤਾਂ ਤੋਂ ਇਲਾਵਾ ਡਾ. ਜਸਵਿੰਦਰ ਸਿੰਘ, ਪ੍ਰਿੰਸੀਪਲ ਆਰ. ਪੀ. ਸੀ. ਕਾਲਜ ਬਹਿਮਣ ਦੀਵਾਨਾ, ਨਾਟਿਅਮ ਡਿਜ਼ਾਈਨਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਅਤੇ ਸਾਹਿਤਕ ਹਸਤੀਆਂ ਮੌਜੂਦ ਸਨ।