ਜ਼ਿਲ੍ਹੇ ਦੀ ਅਵਾਮ ਨੂੰ ਭ੍ਰਿਸ਼ਟਾਚਾਰ ਮੁਕਤ ਸੁਚੱਜਾ ਪ੍ਰਸ਼ਾਸਨ ਦੇਣ ਲਈ ਤਤਪਰ- ਡਿਪਟੀ ਕਮਿਸ਼ਨਰ
*ਕਿਹਾ, ਸਮੂਹ ਸਰਕਾਰੀ ਦਫ਼ਤਰਾਂ 'ਚ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ
*ਟ੍ਰੈਵਲ ਏਜੰਟ ਰਜਿਸਟ੍ਰੇਸ਼ਨ ਯਕੀਨੀ ਬਣਾਉਣ -ਡਿਪਟੀ ਕਮਿਸ਼ਨਰ
* ਨਸ਼ਾ ਮੁਕਤ ਪੰਜਾਬ’ ਮੁਹਿੰਮ ਸਫ਼ਲ ਬਣਾਉਣ ਲਈ ਸਿਵਲ ਤੇ ਪੁਲਿਸ ਪ੍ਰਸਾਸ਼ਨ ਦਾ ਸਹਿਯੋਗ ਕਰੇ ਜ਼ਿਲ੍ਹੇ ਦੀ ਅਵਾਮ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 1 ਮਾਰਚ :2025
ਜ਼ਿਲ੍ਹਾ ਪ੍ਰਸਾਸ਼ਨ ਜ਼ਿਲ੍ਹੇ ਦੀ ਅਵਾਮ ਨੂੰ ਬਿਹਤਰ, ਕੁਸ਼ਲ, ਸੁਖਾਲਾ ,ਪਾਰਦਰਸ਼ੀ ਭ੍ਰਿਸ਼ਟਾਚਾਰ ਮੁਕਤ ਸੁਚੱਜਾ ਪ੍ਰਸ਼ਾਸਨ ਦੇਣ ਲਈ ਤਤਪਰ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵ ਨਿਯੁਕਤ ਡਿਪਟੀ ਕਮਿਸ਼ਨਰ ਵਿਰਾਜ.ਐਸ. ਤਿੜਕੇ ਨੇ ਕੀਤਾ । ਉਨ੍ਹਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਸਮੂਹ ਦਫ਼ਤਰਾਂ 'ਚ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਨੂੰ ਯਕੀਨੀ ਬਣਾਉਣ ਦੀਆ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ‘ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾਂ’ ਨੂੰ ਸਖ਼ਤੀ ਨਾਲ ਲਾਗੂ ਕਰਨ, ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਇਮਾਨਦਾਰੀ ਦਾ ਰੁੱਖ ਅਖਤਿਆਰ ਕਰਨ ਤਾਂ ਜੋ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਕੰਮਕਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । ਜ਼ਿਲ੍ਹੇ ਵਿੱਚ ਕੰਮ ਕਰ ਰਹੇ ਟ੍ਰੈਵਲ ਏਜੰਟਾਂ,ਆਈਲੈਟਸ ਸੈਂਟਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਰਜਿਸਟ੍ਰੇ਼ਸ਼ਨ ਯਕੀਨੀ ਬਣਾਉਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਹੋਰ ਕਿਹਾ ਕਿ ਜਲਦ ਹੀ ਟ੍ਰੈਵਲ ਏਜੰਟਾਂ , ਆਈਲੈਟਸ ਸੈਂਟਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਕਿਸੇ ਅਣਅਧਿਕਾਰਤ ਟ੍ਰੈਵਲ ਏਜੰਟ ਵੱਲੋਂ ਲੋਕਾਂ ਨਾਲ ਧੋਖਾਧੜੀ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ । ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਇਮੀਗ੍ਰੇਸ਼ਨ ਵਾਲੇ ਤੋਂ ਕੰਮ ਕਰਵਾਉਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਉਸ ਨਾਲ ਅੱਗੇ ਦਾ ਰਾਬਤਾ ਕਾਇਮ ਕੀਤਾ ਜਾਵੇ।
ਨਸ਼ਿਆਂ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕਰਨ ਅਤੇ ਹੋਰ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਨੇ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਸਬੰਧਤ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਨਸ਼ਿਆਂ ਦੀ ਦੁਰਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਉਜਾਗਰ ਕਰਨ ਅਤੇ ਨਸ਼ਿਆਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਮੁੜ ਵਸੇਬੇ ਲਈ ਉਤਸ਼ਾਹਿਤ ਕਰਨ ਲਈ ਅੱਗੇ ਆਉਂਣ ਤਾਂ ਜੋ ਇਸ ਅਲਾਮਤ ਨੂੰ ਜੜੋ ਖਤਮ ਕੀਤਾ ਜਾ ਸਕੇ ।