ਚਰਚਿਤ ਕਹਾਣੀ ਸੰਗ੍ਰਹਿ 'ਜੁਮੈਟੋ ਗਰਲ' ਦੀ ਲੇਖਿਕਾ ਅੰਮ੍ਰਿਤਪਾਲ ਕਲੇਰ ਨਾਲ਼ ਰੂਬਰੂ 2 ਮਾਰਚ ਨੂੰ
ਅਸ਼ੋਕ ਵਰਮਾ
ਬਠਿੰਡਾ,1 ਮਾਰਚ 2025: ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸਾਹਿਤ ਸਭਾ 'ਲੇਖਕ ਵਿਚਾਰ ਮੰਚ' (ਰਜਿ.) ਨਿਹਾਲ ਸਿੰਘ ਵਾਲਾ ਵੱਲੋਂ ਦੋ ਮਾਰਚ 2025 ਦਿਨ ਐਤਵਾਰ ਨੂੰ ਕਹਾਣੀਕਾਰਾ ਅੰਮ੍ਰਿਤਪਾਲ ਕਲੇਰ ਨਾਲ਼ ਰੂਬਰੂ ਸਮਾਗਮ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਕਲੇਰ ਪੰਜਾਬੀ ਦੇ ਅਵਾਮੀ ਕਹਾਣੀਕਾਰ ਭੂਰਾ ਸਿੰਘ ਕਲੇਰ ਦੀ ਬੇਟੀ ਹੈ ਅਤੇ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲ ਰਹੀ ਹੈ। ਆਪਣੇ ਪਾਪਾ ਦੇ ਕਹਾਣੀ ਖੇਤਰ ਨੂੰ ਅੱਗੇ ਤੋਰਦੇ ਹੋਏ ਅੰਮ੍ਰਿਤਪਾਲ ਦਾ ਹੁਣੇ ਜਿਹੇ ਪਲੇਠਾ ਕਹਾਣੀ ਸੰਗ੍ਰਹਿ "ਜ਼ੁਮੈਟੋ ਗਰਲ" ਆਇਆ ਹੈ , ਜਿਸ ਦੀ ਦੇਸ਼ ਵਿਦੇਸ਼ ਦੇ ਸਾਹਿਤਕ ਹਲਕਿਆਂ ਵਿੱਚ ਚਰਚਾ ਹੈ। 'ਲੇਖਕ ਵਿਚਾਰ ਮੰਚ' ਨਿਹਾਲ ਸਿੰਘ ਵਾਲ਼ਾ ਦੇ ਸਮੂਹ ਅਹੁਦੇਦਾਰਾਂ ਨੇ ਮੀਟਿੰਗ ਦੌਰਾਨ ਕਿਹਾ ਕਿ ਅੰਮ੍ਰਿਤਪਾਲ ਕਲੇਰ ਜੋ ਕਿ ਮੌਜੂਦਾ ਨਾਰੀ ਦੀ ਅਗਵਾਈ ਕਰ ਰਹੇ ਹਨ, ਉਹਨਾਂ ਨੂੰ ਸਾਡੀ ਸਭਾ ਵੱਲੋਂ ਰੂਬਰੂ ਕਰਨਾ ਸਾਡੇ ਲਈ ਮਾਣ ਅਤੇ ਫ਼ਖ਼ਰ ਵਾਲੀ ਗੱਲ ਹੈ। ਦਿਨ ਐਤਵਾਰ, ਦੋ ਮਾਰਚ ਨੂੰ ਸਮੂਹ ਪੰਜਾਬੀਅਤ ਦੇ ਸ਼ੁਦਾਈਆਂ ਨੂੰ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ।