ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਧੂਮ - ਧਾਮ ਨਾਲ ਮਨਾਇਆ ਆਪਣਾ ਸਥਾਪਨਾ ਦਿਵਸ
ਅਸ਼ੋਕ ਵਰਮਾ
ਬਠਿੰਡਾ, 1 ਮਾਰਚ 2025: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ.ਯੂ. ਪੰਜਾਬ), ਬਠਿੰਡਾ ਨੇ ਆਪਣੇ 16ਵੇਂ ਸਥਾਪਨਾ ਦਿਵਸ ਨੂੰ ਇੱਕ ਸ਼ਾਨਦਾਰ ਸਮਾਰੋਹ ਨਾਲ ਮਨਾਇਆ। ਇਹ ਸਮਾਰੋਹ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਦੀ ਅਗਵਾਈ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ, ਅਧਿਆਪਕਾਂ, ਖੋਜਾਰਥੀਆਂ ਅਤੇ ਕਰਮਚਾਰੀਆਂ ਨੂੰ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ), ਫ਼ਰੀਦਕੋਟ ਦੇ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਰਾਜੀਵ ਸੂਦ ਸਨ।
ਆਪਣੇ ਸਥਾਪਨਾ ਦਿਵਸ ਸੰਬੋਧਨ ਵਿੱਚ, ਪ੍ਰੋ. ਰਾਜੀਵ ਸੂਦ ਨੇ ਸੀ.ਯੂ. ਪੰਜਾਬ ਦੀ ਪਿਛਲੇ 16 ਸਾਲਾਂ ਵਿੱਚ ਵਿਦਿਆ ਅਤੇ ਖੋਜ ਦੇ ਖੇਤਰ ਵਿੱਚ ਪ੍ਰਾਪਤ ਕੀਤੀਆਂ ਵੱਡੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਭਾਰਤ ਦੀ ਪ੍ਰਾਚੀਨ ਗੁਰੂਕੁਲ ਪ੍ਰਣਾਲੀ ਦੀ ਮਹੱਤਤਾ ਉੱਤੇ ਚਾਨਣ ਪਾਇਆ ਅਤੇ ਪਿਛਲੀਆਂ ਦੋ ਸਦੀਆਂ ਦੌਰਾਨ ਪੱਛਮੀ ਸਿੱਖਿਆ ਵੱਲ ਵਧਦੇ ਰੁਝਾਨ ਕਾਰਨ ਭਾਰਤੀ ਸਮਾਜ ਦੀ ਆਪਣੀਆਂ ਜੜ੍ਹਾਂ ਤੋਂ ਦੂਰੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਨਵੀਂ ਸਿੱਖਿਆ ਨੀਤੀ (ਐਨਈਪੀ-2020) ਦੇ ਅਧੀਨ ਅੰਤਰਅਨੁਸ਼ਾਸਨੀ ਅਤੇ ਅਨੁਭਵ ਅਧਾਰਤ ਅਧਿਐਨ ਅਤੇ ਹੁਨਰ ਵਿਕਾਸ ਉੱਤੇ ਦਿੱਤੇ ਜਾ ਰਹੇ ਜ਼ੋਰ ਦੀ ਪ੍ਰਸੰਸਾ ਕੀਤੀ।
ਪ੍ਰੋ. ਸੂਦ ਨੇ ਯੋਗ, ਆਯੁਰਵੇਦ, ਅਤੇ ਹੋਮਿਓਪੈਥੀ ਵਰਗੀਆਂ ਭਾਰਤੀ ਪ੍ਰਾਚੀਨ ਗਿਆਨ ਪ੍ਰਣਾਲੀਆਂ ਦੀ ਮਹੱਤਤਾ ਉੱਤੇ ਵੀ ਵਿਸ਼ੇਸ਼ ਜ਼ੋਰ ਦਿੱਤਾ, ਜਿਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ, ਆਧੁਨਿਕ ਸਬੂਤ-ਅਧਾਰਿਤ ਅਧਿਐਨ ਪ੍ਰਣਾਲੀਆਂ ਨੂੰ ਭਾਰਤੀ ਪਰੰਪਰਾਗਤ ਵਿਦਿਆ ਪ੍ਰਣਾਲੀਆਂ ਨਾਲ ਇਕੱਠੇ ਜੋੜ ਕੇ 'ਇੰਟੀਗ੍ਰੇਟਿਡ ਮੈਡਿਸਨ' ਵਿਭਾਗ ਦੀ ਸਥਾਪਨਾ ਵੱਲ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਸੀ.ਯੂ. ਪੰਜਾਬ ਅਤੇ ਬੀ.ਐਫ.ਯੂ.ਐੱਚ.ਐੱਸ. ਵਿਚਕਾਰ ਹੋਏ ਸਮਝੌਤਾ ਪੱਤਰ (ਐਮਓਯੂ) ਉੱਤੇ ਵੀ ਖੁਸ਼ੀ ਪ੍ਰਗਟ ਕੀਤੀ, ਜੋ ਕਿ ਖੇਤੀਬਾੜੀ ਅਤੇ ਸਿਹਤ ਖੇਤਰ ਦੀਆਂ ਸਮੱਸਿਆਵਾਂ ਦੇ ਨਵੇਂ ਹੱਲ ਲੱਭਣ ਵਿੱਚ ਮਦਦਗਾਰ ਹੋਵੇਗਾ।
ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਨਵੇਂ ਲੋਗੋ ਦਾ ਉਦਘਾਟਨ ਅਤੇ ਯੂਨੀਵਰਸਿਟੀ ਬਾਰੇ ਇੱਕ ਦਸਤਾਵੇਜ਼ੀ ਵੀਡੀਓ ਦਾ ਵੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪਿਛਲੇ 16 ਸਾਲਾਂ ਦੀਆਂ ਪ੍ਰਾਪਤੀਆਂ ਦੀ ਝਲਕ ਪੇਸ਼ ਕੀਤੀ ਗਈ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਆਪਣੇ ਸੰਬੋਧਨ ਵਿੱਚ, ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਪ੍ਰੋ. ਜੈ ਰੂਪ ਸਿੰਘ ਅਤੇ ਪਿਛਲੇ ਵਾਈਸ ਚਾਂਸਲਰ ਪ੍ਰੋ. ਆਰ. ਕੇ. ਕੋਹਲੀ ਦੀ ਪ੍ਰਸੰਸਾ ਕਰਦੇ ਹੋਏ, ਯੂਨੀਵਰਸਿਟੀ ਦੀ ਨੈਕ A+ ਰੈਂਕਿੰਗ ਅਤੇ ਐਨਆਈਆਰਐਫ (ਯੂਨੀਵਰਸਿਟੀ ਸ਼੍ਰੇਣੀ) ਵਿੱਚ 83ਵੀਂ ਰੈਂਕ ਪ੍ਰਾਪਤ ਕਰਨ ਤੇ ਖੁਸ਼ੀ ਜ਼ਾਹਰ ਕੀਤੀ। ਪ੍ਰੋ. ਤਿਵਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ Viksit Bharat @2047 ਦੇ ਵਿਜ਼ਨ ਦੇ ਉਦੇਸ਼ਾਂ ਨਾਲ ਮਿਲਦੀ-ਜੁਲਦੀ ਸਿੱਖਿਆ ਪ੍ਰਣਾਲੀ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਅਧਿਆਪਕਾਂ ਨੂੰ ਆਧੁਨਿਕ ਢੰਗ ਨਾਲ ਆਪਣੇ-ਆਪ ਨੂੰ ਨਵੀਨੀਕਰਨ ਕਰਨ ਅਤੇ ਅਜੋਕੀ ਲਰਨਿੰਗ ਪ੍ਰਣਾਲੀ ਦੇ ਅਨੁਕੂਲ ਬੇਹਤਰ ਬਣਾਉਣ ਦੀ ਅਪੀਲ ਕੀਤੀ ਅਤੇ ਗੈਰ-ਅਧਿਆਪਕ ਕਰਮਚਾਰੀਆਂ ਨੂੰ ਯੂਨੀਵਰਸਿਟੀ ਵਿੱਚ ਵਧੀਆ ਪ੍ਰਸ਼ਾਸਨਕ ਸਹੂਲਤਾਂ ਉਪਲਬਧ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਨ ਦੌਰਾਨ ਯੂਨੀਵਰਸਿਟੀ ਦੇ 16 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਪੰਜਾਬ ਅਤੇ ਸਪਤ ਸਿੰਧੂ ਖੇਤਰ ਦੇ ਵਿਦਿਅਕ ਯੋਗਦਾਨ ਦੀ ਇਤਿਹਾਸਿਕ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸੀ.ਯੂ. ਪੰਜਾਬ ਆਉਣ ਵਾਲੇ ਸਮਿਆਂ ਵਿੱਚ ਵਿਦਿਆ ਅਤੇ ਖੋਜ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਗਿਆਨ ਦੀ ਰੋਸ਼ਨੀ ਵਜੋਂ ਉਭਰੇਗਾ।
ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ, ਰਿਸਰਚ ਸਕਾਲਰਾਂ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਾਲਾਨਾ ਕਾਰਗੁਜ਼ਾਰੀ ਲਈ ਵਿਸ਼ੇਸ਼ ਪੁਰਸਕਾਰ ਅਤੇ ਪ੍ਰਸੰਸਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਅੰਤ ਵਿੱਚ, ਇਹ ਸਮਾਗਮ ਇੱਕ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਸਮਾਪਤ ਹੋਇਆ, ਜਿਸ ਵਿੱਚ ਗੀਤ-ਸੰਗੀਤ, ਨਾਟਕ, ਡਾਂਸ, ਅਤੇ ਸਮਾਜਿਕ ਵਿਸ਼ਿਆਂ ‘ਤੇ ਆਧਾਰਿਤ ਵਿਸ਼ੇਸ਼ ਪੇਸ਼ਕਾਰੀਆਂ ਸ਼ਾਮਲ ਸਨ। ਯੂਨੀਵਰਸਿਟੀ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਰਸਮੀ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਸਮਾਗਮ ਵਿੱਚ ਅਧਿਆਪਕਾਂ, ਵਿਦਿਆਰਥੀਆਂ, ਅਤੇ ਕਰਮਚਾਰੀਆਂ ਦੀ ਸ਼ਿਰਕਤ ਨੇ ਸੀ.ਯੂ. ਪੰਜਾਬ ਦੀ ਯਾਤਰਾ ਵਿੱਚ ਇੱਕ ਹੋਰ ਮਹੱਤਵਪੂਰਨ ਪੰਨਾ ਜੋੜ ਦਿੱਤਾ।