ਪਤੀ ਦੀ ਹੋ ਗਈ ਮੌਤ, ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਦੋ ਬੱਚਿਆਂ ਨੂੰ ਪੜਾ ਰਹੀ ਮਾਂ
ਕੱਚੀ ਬਾਲਿਆਂ ਵਾਲੀ ਛੱਤ ਘਰ ਵਿੱਚ ਵੜ ਜਾਂਦਾ ਬਾਰਿਸ਼ ਦਾ ਪਾਣ,ਨਹੀਂ ਮਿਲੀ ਕੋਈ ਸਰਕਾਰੀ ਗਰਾਂਟ
ਰੋਹਿਤ ਗੁਪਤਾ
ਗੁਰਦਾਸਪੁਰ , 20 ਜਨਵਰੀ 2025 :
ਸਰਕਾਰ ਵੱਲੋਂ ਜਰੂਰਤਮੰਦ ਲੋਕਾਂ ਲਈ ਕਈ ਯੋਜਨਾਵਾਂ ਚਲਾਈਆਂ ਗਈਆਂ ਹਨ ਪਰ ਇਨਾ ਯੋਜਨਾਵਾਂ ਦੇ ਸਹੀ ਹੱਕਦਾਰ ਪਰਿਵਾਰ ਇਹਨਾਂ ਦਾ ਪੂਰਾ ਫਾਇਦਾ ਨਹੀਂ ਚੁੱਕ ਪਾਂਦੇ । ਅਜਿਹਾ ਹੀ ਇੱਕ ਪਰਿਵਾਰ ਗੁਰਦਾਸਪੁਰ ਦੇ ਪਿੰਡ ਭੁਲੇਚੱਕ ਕਲੋਨੀ ਦਾ ਰਹਿਣ ਵਾਲਾ ਹੈ ਜਿਸ ਦੇ ਮੁਖੀਆ ਦੀ ਨੌ ਸਾਲ ਪਹਿਲਾਂ ਮੌਤ ਹੋ ਗਈ ਤਾਂ ਘਰ ਦੀ ਔਰਤ ਗੁਰਪ੍ਰੀਤ ਕੌਰ ਨੂੰ ਆਪਣੇ ਦੋ ਬੱਚਿਆਂ ਨੂੰ ਪਾਲਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਅਤੇ ਖੇਤਾਂ ਵਿੱਚ ਘਾਹ ਕੱਟ ਕੱਟ ਕੇ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦਵਾ ਰਹੀ ਹੈ। ਲੜਕੀ 15 ਸਾਲ ਦੀ ਹੋ ਗਈ ਹੈ ਤੇ ਨੌਵੀਂ ਜਮਾਤ ਵਿੱਚ ਪੜ ਰਹੀ ਹੈ ਪੜਾਈ ਵਿੱਚ ਚੰਗੀ ਹੋਣ ਕਾਰਨ ਪ੍ਰਾਈਵੇਟ ਸਕੂਲ ਨੇ ਫੀਸ ਮਾਫ ਕਰ ਰੱਖੀ ਹੈ ਜਦਕਿ ਬੇਟਾ ਬਾਰਵੀਂ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹ ਰਿਹਾ ਹੈ। ਦੋ ਕਮਰਿਆਂ ਵਾਲੇ ਕੱਚੇ ਘਰ ਦੀਆਂ ਬਾਲਿਆਂ ਦੇ ਸਹਾਰੇ ਛੱਤਾਂ ਬਰਸਾਤ ਦਿਨਾਂ ਵਿੱਚ ਚੌਦੀਆਂ ਹਨ ਅਤੇ ਕਦੇ ਵੀ ਡਿੱਗ ਸਕਦੀਆਂ ਹਨ। ਮਕਾਨ ਵੀ ਕਾਫੀ ਨੀਵਾਂ ਹੈ ਤੇ ਬਾਰਿਸ਼ ਦੇ ਦਿਨਾਂ ਵਿੱਚ ਕਮਰਿਆਂ ਵਿੱਚ ਪਾਣੀ ਭਰ ਜਾਂਦਾ ਹੈ। ਕਈ ਵਾਰ ਸਾਬਕਾ ਸਰਪੰਚ ਨੂੰ ਛੱਤਾਂ ਪੱਕੀਆਂ ਕਰਨ ਅਤੇ ਸ਼ੁਚਾਲੇ (ਫਲਸ਼)ਬਣਾਉਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਗਰਾਂਟ ਲਈ ਬੇਨਤੀ ਕਰ ਚੁੱਕੀ ਹੈ ਪਰ ਗੌਰ ਨਹੀਂ ਕੀਤੀ ਗਈ ਤੇ ਨਵੇਂ ਬਣੇ ਸਰਪੰਚ ਬਲਵਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਕੁਝ ਪਰਿਵਾਰ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਹਨ ਅਤੇ ਅਜਿਹਾ ਪਹਿਲੀਆਂ ਪੰਚਾਇਤਾਂ ਵੱਲੋਂ ਅਫਸਰਾਂ ਨਾਲ ਗੱਲ ਕਰਨ ਵਿੱਚ ਝਿਜਕ ਮਹਿਸੂਸ ਕਰਨ ਕਾਰਨ ਹੋਇਆ ਹੈ । ਉਹਨਾਂ ਵਿਸ਼ਵਾਸ ਦਵਾਇਆ ਹੈ ਕਿ ਪੰਚਾਇਤ ਵੱਲੋਂ ਉਸ ਦੀ ਮਦਦ ਕੀਤੀ ਜਾਵੇਗੀ ।