← ਪਿਛੇ ਪਰਤੋ
Babushahi Special : ਮਲੂਕਾ ਨੇ ਮੰਨਿਆ ਸੁਖਬੀਰ ਹੀ ਰਹੇਗਾ ਅਕਾਲੀ ਦਲ ਦਾ ਸਰਦਾਰ ਅਸ਼ੋਕ ਵਰਮਾ ਬਠਿੰਡਾ,20 ਜਨਵਰੀ2025: ਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰੀ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੀ ਆਉਣ ਵਾਲੀ ਹੈ। ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਆਖਿਆ ਕਿ ਅਸਲ ਵਿੱਚ ਅਕਾਲੀ ਦਲ ਨੂੰ ਚਲਾਉਣ ਲਈ ਸੁਖਬੀਰ ਬਾਦਲ ਦੇ ਕੱਦ ਵਰਗਾ ਦੂਸਰਾ ਕੋਈ ਆਗੂ ਹੀ ਨਹੀਂ ਹੈ। ਇਸ ਇੰਟਰਵਿਊ ਦੌਰਾਨ ਮਲੂਕਾ ਨੇ ਸੁਖਬੀਰ ਪ੍ਰਤੀ ਕਿਸੇ ਕਿਸਮ ਦੀਆਂ ਕੋਈ ਤਿੱਖੀਆਂ ਟਿੱਪਣੀਆਂ ਨਹੀਂ ਕੀਤੀਆਂ ਬਲਕਿ ਹਲਕੇ ਫੁਲਕੇ ਅੰਦਾਜ਼ ’ਚ ਇੱਕ ਤਰਾਂ ਨਾਲ ਸੁਖਬੀਰ ਬਾਦਲ ਨੂੰ ਕੁੱਝ ਸਲਾਹਾਂ ਅਤੇ ਨਸੀਹਤਾਂ ਵੀ ਦਿੱਤੀਆਂ। ਉਨ੍ਹਾਂ ਆਖਿਆ ਕਿ ਤੁਸੀਂ ਦੇਖ ਲਿਓ ਆਉਣ ਵਾਲੇ ਦਿਨਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੀ ਬਣਨਗੇ। ਸਿਆਸੀ ਮਾਹਿਰਾਂ ਦਾ ਵੀ ਇਹੋ ਕਹਿਣਾ ਹੈ ਕਿ ਬੇਸ਼ੱਕ ਹਾਲਾਂਕਿ ਪਹਿਲੀ ਨਜ਼ਰੇ ਇਹ ਗੱਲਾਂ ਸਧਾਰਨ ਜਾਪਦੀਆਂ ਹਨ ਪਰ ਪਿਛਲੇ ਕੁੱਝ ਸਮੇਂ ਨੂੰ ਛੱਡਕੇ ਹਰ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਖੰਘ ’ਚ ਖੰਘਣ ਵਾਲੇ ਮਲੂਕਾ ਵੱਲੋਂ ਸੁਖਬੀਰ ਬਾਦਲ ਦੇ ਹੱਕ ’ਚ ਬੋਲਿਆ ਇੱਕ ਇੱਕ ਸ਼ਬਦ ਸਹਿਜ਼ ਨਹੀਂ ਹੈ। ਉਨ੍ਹਾਂ ਇੰਟਰਵਿਊ ਦੌਰਾਨਸੁਖਬੀਰ ਬਾਦਲ ਨੂੰ ਅਪੀਲ ਕੀਤੀ ਕਿ ਉਹ ਵੱਡਾ ਦਿਲ ਦਿਖਾਉਣ ਅਤੇ ਰੁੱਸੇ ਆਗੂਆਂ ਨੂੰ ਪਾਰਟੀ ਨਾਲ ਜੋੜਨ। ਆਪਣੇ ਪਿੰਡ ਮਲੂਕਾ ’ਚ ਲੰਘੀ 11 ਜਨਵਰੀ ਨੂੰ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੀ ਮਲੂਕਾ ਨੇ ਇਹੋ ਗੱਲਾਂ ਆਖੀਆਂ ਸਨ। ਇਨ੍ਹਾਂ ਤੱਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਬੇਸ਼ੱਕ ਮਲੂਕਾ ਇਸ ਵਕਤ ਪਾਰਟੀ ਤੋਂ ਦੂਰੀ ਬਣਾਕੇ ਚੱਲ ਰਹੇ ਹਨ ਪਰ ਉਹ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੋਈ ਬਹੁਤੇ ਦੂਰ ਨਹੀਂ ਹਨ। ਵੱਡੇ ਬਾਦਲ ਦੇ ਸਹਿਯੋਗੀ ਵਜੋਂ ਪਾਰਟੀ ਵਿੱਚ ਅਹਿਮ ਅਹੁਦਿਆਂ ਅਤੇ ਵਜ਼ਾਰਤ ’ਚ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਸਿਕੰਦਰ ਸਿੰਘ ਮਲੂਕਾ ਵੱਲੋਂ ਕਹੀਆਂ ਗੱਲਾਂ ਦੀ ਰੌਸ਼ਨੀ ’ਚ ਦੇਖੀਏ ਤਾਂ ਸਾਫ ਹੈ ਕਿ ਕਈ ਸੀਨੀਅਰ ਅਕਾਲੀ ਆਗੂਆਂ ਦੇ ਤੋੜ ਵਿਛੋੜੇ ਦੇ ਬਾਵਜੂਦ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦਾ ਪਾਰਟੀ ਤੇ ਦਬਦਬਾ ਕਾਇਮ ਰਹਿਣ ਦੀ ਸੰਭਾਵਨਾ ਜਿਆਦਾ ਹੈ। ਮਲੂਕਾ ਨੇ ਤਾਂ ਦਾਅਵੇ ਨਾਲ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ’ਚ ਸੁਖਬੀਰ ਬਾਦਲ ਦੇ ਬਰਾਬਰ ਕੱਦ ਦਾ ਕੋਈ ਦੂਸਰਾ ਆਗੂ ਹੀ ਨਹੀਂ ਹੈ। ਸੁਧਾਰ ਲਹਿਰ ਵਿਚਲੇ ਅਕਾਲੀ ਆਗੂਆਂ ਦੇ ਇੱਕ ਨਜ਼ਦੀਕੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਜਿੰਨੀਂ ਭੱਜ ਦੌੜ ਸੁਖਬੀਰ ਬਾਦਲ ਕਰ ਸਕਦਾ ਹੈ ਓਨੀਂ ਸਮਰੱਥਾ ਕਿਸੇ ਦੂਸਰੇ ਵਿੱਚ ਨਹੀਂ ਬੱਸ ਕੁੱਝ ਨੀਤੀਆਂ ’ਚ ਸੁਧਾਰ ਲਿਆਉਣ ਦੀ ਲੋੜ ਹੈ। ਰਤਾ ਪਿਛੋਕੜ ’ਚ ਜਾਈਏ ਤਾਂ ਇਹ ਤੱਥ ਉਦੋਂ ਸਾਫ ਨਜ਼ਰ ਆਉਂਦੇ ਹਨ ਜਦੋਂ ਹਰ ਉਸ ਅਕਾਲੀ ਆਗੂ ਵੱਲ ਜਾਤੀ ਮਾਰੀਏ ਜਿਸ ਨੇ ਪਾਰਟੀ ਛੱਡੀ ਤਾਂ ਉਸ ਦਾ ਸਿਆਸੀ ਭਵਿੱਖ ਡਾਵਾਂਡੋਲ ਹੋਇਆ ਹੈ। ਸਿਆਸੀ ਹਲਕਿਆਂ ’ਚ ਵੀ ਇਹੋ ਧਾਰਨਾ ਪਾਈ ਜਾਂਦ ਹੈ ਕਿ ਅਕਾਲੀ ਦਲ ਬਾਦਲ ਨੂੰ ਅੱਖਾਂ ਦਿਖਾਉਣ ਵਾਲਾ ਮੁੜ ਸੱਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਿਆ ਹੈ। ਇੰਨ੍ਹਾਂ ਵਿੱਚ ਸਭ ਤੋਂ ਵੱਡਾ ਨਾਮ ਮਰਹੂਮ ਗੁਰਚਰਨ ਸਿੰਘ ਟੌਹੜਾ ਦਾ ਹੈ ਜੋ ਅਕਾਲੀ ਦਲ ਦਾ ਸਾਥ ਛੱਡਣ ਪਿੱਛੋਂ ਹਾਸ਼ੀਏ ਤੇ ਚਲੇ ਗਏ। ਮਰਹੂਮ ਰਣਜੀਤ ਸਿੰਘ ਬ੍ਰਹਮਪੁਰਾ ਜੋ ਕਦੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸਨ ਪਰ ਅਕਾਲੀ ਦਲ ਛੱਡਕੇ ਲਗਾਤਾਰ ਸਿਆਸੀ ਘੁੰਮਣ ਘੇਰੀਆਂ ’ਚ ਫਸੇ ਰਹੇ । ਅਕਾਲੀ ਦਲ ’ਚ ਵਾਪਸੀ ਦੇ ਬਾਵਜੂਦ ਬ੍ਰਹਮਪੁਰਾ ਦਾ ਪਹਿਲਾਂ ਵਾਲਾ ਸਿਆਸੀ ਜਲੌਅ ਮੁੜ ਨਾਂ ਦਿਖਾਈ ਦਿੱਤਾ। ਇਸੇ ਤਰਾਂ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਦੇ ਤੌਰ ਤੇ ਚਰਚਿਤ ਰਹੇ ਸਵਰਗੀ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਵੀ ਅਕਾਲੀ ਦਲ ਤੋਂ ਵੱਖ ਹੋਣ ਮਗਰੋਂ ਬਹੁਤਾ ਜਲਵਾ ਨਹੀਂ ਦਿਖਾ ਸਕੇ ਅਤੇ ਸਿਆਸੀ ਤੌਰ ਤੇ ਗੁੰਮ ਹੋ ਗਏ। ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਢੀਡਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਕੇ ਵੱਖਰੀ ਪਾਰਟੀ ਬਣਾਈ ਜੋ ਕੋਈ ਖਾਸ ਪ੍ਰਾਪਤੀਆਂ ਨਾਂ ਕਰ ਸਕੀ। ਏਦਾਂ ਹੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਦੀ ਸਿਆਸੀ ਜੰਗੀਰ ਵੀ ਸ਼੍ਰੋਮਣੀ ਅਕਾਲੀ ਦਲ ਤੱਕ ਹੀ ਸੀਮਤ ਰਹੀ। ਇਹ ਤਿੰਨੋ ਹੁਣ ਸੁਧਾਰ ਲਹਿਰ ’ਚ ਹਨ। ਬੀਬੀ ਪਰਮਜੀਤ ਕੌਰ ਗੁਲਸ਼ਨ ਦਾ ਸਿਆਸੀ ਗੁਲਸ਼ਨ ਵੀ ਬਾਦਲਾਂ ਨੂੰ ਛੱਡਣ ਪਿੱਛੋਂ ਮੁਰਝਾ ਗਿਆ। ਇਹ ਕੁੱਝ ਮਿਸਾਲਾਂ ਹਨ ਜਦੋਂਕਿ ਅਜਿਹੇ ਹੋਰ ਵੀ ਕਈ ਆਗੂ ਹਨ ਜਿੰਨ੍ਹਾਂ ਨੂੰ ਅਕਾਲੀ ਦਲ ਛੱਡਿਆ ਰਾਸ ਨਾਂ ਆਇਆ। ਸੁਖਬੀਰ ਕੋਲ ‘ਬਾਦਲ’ ਟਰੇਡਮਾਰਕ ਸੁਖਬੀਰ ਬਾਦਲ ਦੀ ਸਭ ਤੋਂ ਵੱਡੀ ਤਾਕਤ ਉਸ ਦਾ ‘ਬਾਦਲ’ ਹੋਣਾ ਹੈ। ‘ਬਾਦਲ’ ਵਜੋਂ ਸਿਆਸਤ ’ਚ ਛਾਏ ਪ੍ਰਕਾਸ਼ ਸਿੰਘ ਬਾਦਲ ਨੂੰ ਮੁਫਤ ਬਿਜਲੀ ਪਾਣੀ ਮੁਹੱਈਆ ਕਰਵਾਉਣ ਕਾਰਨ ਕਿਸਾਨੀ ਦੇ ਵੱਡੇ ਹਿੱਸੇ ’ਚ ਸਤਿਕਾਰਿਆ ਜਾਂਦਾ ਹੈ ਤਾਂ ਆਟਾ ਦਾਲ ਵਰਗੀਆਂ ਭਲਾਈ ਸਕੀਮਾਂ ਸ਼ੁਰੂ ਕਰਨ ਕਾਰਨ ਦਲਿਤ ਤੇ ਗਰੀਬ ਵਰਗ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਅਕਾਲੀ ਦਲ ਹਰ ਚੋਣ ਵਿੱਚ ਇੰਨ੍ਹਾਂ ਭਲਾਈ ਸਕੀਮਾਂ ਨੂੰ ਪਾਰਟੀ ਦੀਆਂ ਵੱਡੀਆਂ ਪ੍ਰਾਪਤੀਆਂ ਦੇ ਤੌਰ ਤੇ ਪ੍ਰਚਾਰਦਾ ਹੈ। ਇਹੋ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਅਤੇ ਬਾਦਲ ਹੋਣਾ ਸੁਖਬੀਰ ਦੀ ਇੱਕ ਅਹਿਮ ਸਿਆਸੀ ਸ਼ਕਤੀ ਹੈ ਜੋ ਹਰਸਿਮਰਤ ਬਾਦਲ ਨੂੰ ਛੱਡਕੇ ਕਿਸੇ ਦੂਸਰੇ ਕੋਲ ਨਹੀਂ ਹੈ। ਹੁਣ ਪ੍ਰਧਾਨ ਦੀ ਚੋਣ ਅਤੇ ਮਿਸ਼ਨ 2027 ਬਾਦਲ ਟਰੇਡਮਾਰਕ ਲਈ ਚੁਣੌਤੀ ਅਤੇ ਪਰਖ ਦੀ ਘੜੀ ਹੈ।
Total Responses : 1202