ਬਿਰਹਾ ਕੱਤਦੀ ਰਿਸ਼ਮ ਪਰਮਜੀਤ ਦਿਓਲ ਦਾ ਕਾਵਿ ਮਲਵਿੰਦਰ
ਪਰਮਜੀਤ ਦਿਓਲ ਕਵਿਤਾ ਕੋਲ਼ ਆ ਕੇ ਦਿਓਲ ਪਰਮਜੀਤ ਹੋ ਜਾਂਦੀ ਹੈ।ਉਂਝ ਉਹ ਜਦੋਂ ਵੀ ਮਿਲਦੀ ਹੈ, ਛੋਟੀ ਭੈਣ ਨੂੰ ਮਿਲਣ ਵਰਗਾ ਅਹਿਸਾਸ ਹੁੰਦਾ ਹੈ।ਉਹ ਕਵਿਤਰੀ ਤਾਂ ਹੈ ਈ, ਕਲਾਕਾਰ ਵੀ ਹੈ। ਨਾਟਕਾਂ ‘ਚ ਆਪਣੇ ਸੁਭਾਅ ਵਰਗੀ ਭੂਮਿਕਾ ਨਿਭਾਉਂਦੀ ਕੁਝ ਪੰਜਾਬੀ ਫਿਲਮਾਂ ਵਿਚ ਵੀ ਦਿਖਾਈ ਦਿੱਤੀ ਹੈ।ਬੱਚੇ ਵੀ ਕਲਾਕਾਰ ਹਨ।ਘਰ ਦਾ ਮਹੌਲ ਕਾਵਿਕ ਹੈ।ਰੰਗਮੰਚ ਨਾਲ਼ ਜੁੜੀ ਉਹ ਨਾਟਕਕਾਰਾਂ ਦਾ ਸਤਿਕਾਰ ਤੇ ਸਨਮਾਨ ਕਰਨਾ ਵੀ ਜਾਣਦੀ ਹੈ।ਪੰਜਾਬ ਤੋਂ ਬਰੈਂਪਟਨ ਆਏ ਨਾਟਕਕਾਰਾਂ ਦਾ ਸਵਾਗਤ ਉਹ ਅੱਗਲ਼ਵਾਂਢੇ ਹੋ ਕੇ ਕਰਦੀ ਹੈ।ਕਵਿਤਰੀ ਤਾਂ ਉਹ ਹੈ ਈ, ਕਾਵਿ ਸੰਸਾਰ ਨਾਲ਼ ਸਾਂਝ ਗੰਢਣੀ ਵੀ ਜਾਣਦੀ ਹੈ।ਉਂਝ ਇਹ ਹੁਨਰ ਕਈ ਹੋਰਾਂ ਕੋਲ਼ ਵੀ ਹੈ, ਪਰ ਉਨ੍ਹਾਂ ਕੋਲ਼ ਕਵਿਤਾ ਨਹੀਂ ਹੈ।ਇਥੇ ਬਰੈਂਪਟਨ (ਕੈਨੇਡਾ) ਵਿਚ ਅਪਣੀ ਹੋਂਦ ਦੀ ਪਛਾਣ ਬਣਾਈ ਰੱਖਣ ਲਈ ਇੱਕ ਪੰਜਾਬੀ ਲੇਖਕ ਨੂੰ ਤਰੱਦਦ ਕਰਨਾ ਪੈਂਦਾ ਹੈ।ਪਰਮਜੀਤ ਨੇ ਅਪਣੀ ਪਛਾਣ ਬਣਾਈ ਹੈ ਤੇ ਉਸਦੀ ਕਵਿਤਾ ਨੇ ਵੀ।ਉਸਦੀ ਪਹਿਲੀ ਕਾਵਿ-ਪੋਥੀ ਸਾਹਾਂ ਦੀ ਪੱਤਰੀ ਤੋੰ ਬਾਅਦ ‘ਮੈਂ ਇੱਕ ਰਿਸ਼ਮ’ ਸੰਨ 2015 ਵਿਚ ਛਪਦੀ ਹੈ।ਛੋਟੀਆਂ ਕਵਿਤਾਵਾਂ ਵਾਲੀ ਇਸ ਪੁਸਤਕ ਵਿੱਚ ਵੱਡੇ ਤੇ ਗਹਿਰੇ ਖ਼ਿਆਲ ਹਨ।ਇਨ੍ਹਾਂ ਕਵਿਤਾਵਾਂ ਵਿਚ ਕਣ ਹੈ, ਦਾਰਸ਼ਨਿਕਤਾ ਹੈ, ਭਾਵ ਹੈ ਤੇ ਸਰਲ ਭਾਸ਼ਾ ‘ਚ ਗਹਿਰੇ ਵਿਚਾਰ ਹਨ।ਇਹ ਕਵਿਤਾਵਾਂ ਪਾਠਕ ਨੂੰ ਆਪਣੇ ਕੋਲ਼ ਰੋਕਦੀਆਂ ਹਨ, ਸੰਵਾਦ ਰਚਾਉਂਦੀਆਂ ਹਨ ਤੇ ਪਾਠਕ ਦੇ ਮੂੰਹੋਂ ਆਪ-ਮੁਹਾਰੇ ਵਾਹ ਨਿਕਲਦੀ ਹੈ ।ਉਹ ਆਪਣੇ ਆਪ ਨਾਲ਼ ਸੰਵਾਦ ਰਚਾਉਂਦੀ ਅਪਣੀ ਮੈਂ ਤੋਂ ਮੁਕਤ ਹੋਣਾ ਲੋਚਦੀ ਹੈ :
ਮੈਂ ਕੁਝ ਵੀ ਨਹੀਂ ਹਾਂ/ ਬੱਸ ਖੋਲਦੇ ਸਮੁੰਦਰ
ਦੇ ਪਾਣੀਆਂ ‘ਚ ਨਿੱਕੀ ਜਿਹੀ ਮੱਛਲੀ ਹਾਂ
ਮੈਂ ‘ਮੈਂ’ ਤੋਂ ਮੁਕਤ ਹੋਣਾ ਲੋਚਦੀ…….
ਕਵਿਤਾ ਦੀ ਸਿਰਜਣਾ ਉਸ ਲਈ ਨਵ-ਜਨਮਿਆਂ ਬਾਲ ਹੈ ਜਿਸ ਦਾ ਅਹਿਸਾਸ ਉਸਨੂੰ ਮਾਂ ਬਣੀ ਔਰਤ ਦੇ ਅਹਿਸਾਸ ਤੱਕ ਲੈ ਜਾਂਦਾ ਹੈ।‘ਕੁੱਖ ਹਰੀ ਹੁੰਦੀ ਤਾਂ ਕਿੰਨਾ ਚਾਅ ਹੁੰਦਾ ਮਾਂ….ਨੂੰ’।ਉਸਦੀਆਂ ਕਵਿਤਾਵਾਂ ਮਹਿਬੂਬ ਦੀ ਯਾਦ ਦੇ ਮੱਠੇ ਮੱਠੇ ਸੇਕ ‘ਤੇ ਪੱਕਦੀਆਂ ਹਨ।ਇਹਨਾਂ ਕਵਿਤਾਵਾਂ ਵਿਚਲੀ ਵਿਚਾਰਸ਼ੀਲਤਾ ਬਹੁ-ਪਰਤੀ ਹੈ।ਉਸ ਦੀ ਕਵਿਤਾ ਅੰਬਰ ਤੇ ਧਰਤ ਦੀ ਬੁੱਕਲ ਵਿਚ ਬੈਠੀ ਤਰਲਤਾ ਹੈ।ਮੁਹੱਬਤ ਦਾ ਅਹਿਸਾਸ ਉਸ ਕੋਲ਼ ਸੂਖ਼ਮ ਬਿੰਬਾਂ ‘ਚ ਪਰੋਇਆ ਮਹੀਨ ਕਾਵਿ ਬਣ ਆਉਂਦਾ ਹੈ:
ਤੇਰੀਆਂ ਲਹਿਰਾਂ ਨੇ ਛੋਹ ਲਿਆ
ਕਿਨਾਰਿਆਂ ‘ਤੇ ਵਿਛੀ ਰੇਤ ਨੂੰ
ਤੇ ਮੈਂ ਜਿਉਣ ਜੋਗੀ ਹੋ ਗਈ
ਮੁਹੱਬਤ ਦੇ ਅਹਿਸਾਸ ਨੂੰ ਸਿਰਜਦੀਆਂ ਬਹੁਤ ਸਾਰੀਆਂ ਨਜ਼ਮਾਂ ਹਨ ਇਸ ਪੁਸਤਕ ਵਿਚ।ਪਰ ਹਰ ਨਜ਼ਮ ਵੱਖਰਾ ਦ੍ਰਿਸ਼ ਸਿਰਜਦੀ ਹੈ, ਵੱਖਰੇ ਅਨੁਭਵ ਦੀ ਬਾਤ ਪਾਉਂਦੀ ਅਸਲੋਂ ਵੱਖਰੀਆਂ ਪੈੜਾਂ ਦੇ ਨਕਸ਼ ਉਲੀਕਦੀ ਹੈ।ਇਹ ਕਵਿਤਾਵਾਂ ਫੁਰਨਿਆਂ ਵਰਗੀਆਂ ਹਨ, ਜ਼ਿੰਦਗੀ ਦੇ ਕਿਸੇ ਵੀ ਛਿਣ ਹੋਏ ਇਲਹਾਮ ਨੂੰ ਸ਼ਬਦਾਂ ਵਿਚ ਸਾਂਭਿਆ ਖਿਆਲ।ਇਹ ਨਜ਼ਮਾਂ ਘੜੀਆਂ ਨਹੀਂ ਗਈਆਂ, ਸਿਰਜੀਆਂ ਗਈਆਂ ਹਨ।ਕਵਿਤਾ, ਤਰਲਤਾ, ਜੀਵਨ, ਝੌਲ਼ਾ, ਖਿੱਚ, ਬਦਲਾਵ, ਯਾਦ, ਆਹਟ, ਇੰਤਜ਼ਾਰ, ਭੇਦ, ਝੀਲ ਵਰਗੀ, ਚੁੱਪ, ਰੰਗ ਆਦਿ ਇਸ ਅਨੁਭਵ ਦੀਆਂ ਕਵਿਤਾਵਾਂ ਹਨ।ਕੁਝ ਕਵਿਤਾਵਾਂ ਵਿਚ ਸਦੀਵੀ ਸੱਚ ਸਿਰਜਦੀਆਂ ਸਤਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ:
ਢਲਦੇ ਸੂਰਜ ਨੂੰ ਸਿਰ ਨਿਵਾਇਆ
ਉਸ ਚੜ੍ਹਦੇ ਸੂਰਜ ਵਰਗੀ ਅਸੀਸ ਦਿੱਤੀ
ਪੈਰ ਦੀ ਜੁੱਤੀ ਦੀ ਆਪਣੀ ਸਪੇਸ ਹੁੰਦੀ
ਤੂੰ ਮੁਸਾਫ਼ਰ ਤਾਂ ਬਣ, ਮੈਂ ਰਸਤਾ ਬਣ ਜਾਵਾਂਗੀ
ਮੈਂ ਅੱਜ ਵੀ ਉਹਦੇ ਬੁੱਲਾਂ ‘ਚੋਂ ਕਿਰਦੀ ਨਜ਼ਮ ਦੀ ਉਡੀਕ ‘ਚ ਹਾਂ
ਮਾਂ, ਝਰੋਖਾ, ਰੀਝ, ਮਾਂ ਬਾਰੇ ਕਵਿਤਾਵਾਂ ਹਨ।ਇਹਨਾਂ ਕਵਿਤਾਵਾਂ ਵਿਚ ਮਾਂ ਸਾਹਮਣੇ ਚੌਂਕੇ ‘ਚ ਬੈਠੀ ਹੈ ਤੇ ਚੌਂਕਾ ਕਵੀ ਦੇ ਅੰਦਰ।ਇਸੇ ਕਰਕੇ ਇਹ ਦੁਨੀਆਂ ਦੀ ਹਰ ਮਾਂ ਦੀ ਗੱਲ ਕਰਦੀਆਂ ਕਵਿਤਾਵਾਂ ਹਨ।ਇਸ ਕਿਤਾਬ ਦੇ ਟਾਈਟਲ ਵਾਲ਼ੀ ਕਵਿਤਾ ‘ਮੈਂ ਇੱਕ ਰਿਸ਼ਮ’ ਅਤੇ ਇਸ ਤੋਂ ਬਾਅਦ ਵਾਲੀਆਂ ਕਵਿਤਾਵਾਂ ਦੀ ਸੁਰ ਵੱਖਰੀ ਹੈ।ਇਹ ਪ੍ਰਗਤੀਵਾਦੀ ਦੌਰ ਦੀਆਂ ਕਵਿਤਾਵਾਂ ਦੇ ਨੇੜੇ ਜਾ ਖਲੋਂਦੀਆਂ ਹਨ।ਮੈਂ ਇੱਕ ਰਿਸ਼ਮ ਕਵਿਤਾ ਦੀ ਪਹਿਲੀ ਸਤਰ ਕਿ ਮੈਂ ਬਹੁਤ ਕੁਝ ਕਰ ਸਕਦੀ ਹਾਂ, ਸੱਤਾ ਨਾਲ਼ ਟਕਰਾਉਂਦੇ ਇਰਾਦੇ ਦੀ ਦੱਸ ਪਾਉਂਦੀ ਹੈ।ਸਵੈ ਸੰਵਾਦ ਜਿੰਨ੍ਹਾਂ ਦੋ ਪਾਤਰਾਂ ਵਿਚਕਾਰ ਹੈ, ਉਹ ਇਕੋ ਪਾਤਰ ਦੇ ਅੰਦਰ ਤੇ ਬਾਹਰ ਨਾਲ਼ ਸੰਵਾਦ ਹੈ।ਖ਼ੈਰ ਮਾਹੀ ਕਵਿਤਾ ਵਿਚ ਉਡਦੇ ਬਾਜ਼ਾਂ ਦਾ ਜ਼ਿਕਰ ਪਾਸ਼ ਕਾਵਿ ਤੱਕ ਜਾਂਦਾ ਹੈ।ਰਾਜੇ ਸ਼ੀਂਹ, ਜ਼ਰੂਰੀ ਨਹੀਂ ਹੁੰਦਾ, ਜ਼ੁਲਮ, ਸੱਚ-ਝੂਠ, ਤਾਂਘ, ਲਾ-ਪਤਾ, ਪਰਛਾਵੇਂ ਆਦਿ ਕਵਿਤਾਵਾਂ ਇਸੇ ਸੁਰ ਦੀਆਂ ਹਨ।ਜਿੱਥੋਂ ਤੱਕ ਪਰਮਜੀਤ ਦਿਓਲ ਦੀ ਸਿਰਜਣ ਪ੍ਰਕਿਰਿਆ ਦਾ ਸਬੰਧ ਹੈ, ਉਸਦੀ ਗੱਲ ‘ਭਾਲ’ ਕਵਿਤਾ ਖੁੱਲ ਕੇ ਕਰਦੀ ਹੈ
ਮੇਰੇ ਕੋਲ਼ ਖ਼ਿਆਲ ਹੈ ਤੇ ਅੱਖਰ ਉਸਨੂੰ ਲਿਖ ਦਿੰਦੇ
ਮੈਂ ਕਵਿਤਾ ਨਹੀਂ ਲਿਖਦੀ, ਮੈਂ ਤਾਂ ਸ਼ਬਦਾਂ ਨੂੰ
ਕੁੱਛੜ ਚੁੱਕ ਖਿਡਾਉਂਦੀ ਫਿਰਦੀ ਹਾਂ
ਤੇ ਜੇ ਦਿਓਲ ਦੀ ਸਿਰਜਣਾ ਬਾਰੇ ਹੋਰ ਗੱਲ ਕਰਨੀ ਹੋਵੇ ਤਾਂ ਇਸ ਸੰਗ੍ਰਹਿ ਦੀ ਆਖ਼ਰੀ ਨਜ਼ਮ ਪੜ੍ਹ ਸਕਦੇ ਹਾਂ
ਆਹ ਲੈ ਫੜ ਮੇਰੀਆਂ ਨਜ਼ਮਾਂ
ਐਵੇਂ ਨਾ ਖ਼ਰਲ-ਖੂੰਜੇ ਸੁੱਟੀਂ
ਕਿਤੇ ਸਲਾਭਿਆਂ ਦੀ ਮਾਰ ਨਾਲ਼ ਗਲ਼ ਸੜ ਜਾਣ
ਜਾਂ ਅਲਮਾਰੀਆਂ ‘ਚ ਪਈਆਂ ਦੰਮ ਤੋੜ ਜਾਣ
ਨਜ਼ਮਾਂ ਸੰਵਾਦ ਰਚਾਉਣਾ ਹੈ ਤੇਰੇ ਨਾਲ਼
ਇਸ ਪੁਸਤਕ ਵਿਚ ਕੁਝ ਹੋਰ ਜ਼ਿਕਰਯੋਗ ਕਵਿਤਾਵਾਂ ਵੀ ਹਨ ਜਿੰਨ੍ਹਾਂ ਵਿਚ ਮਾਨਵੀ ਕਦਰਾਂ ਕੀਮਤਾਂ ਦੀ ਗੱਲ ਕਰਦੇ ਹੋਰ ਵੀ ਬਹੁਤ ਸਾਰੇ ਵਿਸ਼ੇ ਛੋਹੇ ਗਏ ਹਨ।ਸਮਿਆਂ ਦੇ ਹਾਣੀ, ਵੰਗਾਂ, ਰਜਾਈ, ਆਵਾਗਮਨ, ਪਲ, ਡਰ, ਚੰਗਿਆੜੀ, ਘਰ, ਚਿੜੀ, ਲੂਣ, ਬੂਹੇ, ਉਡਾਣ, ਸ਼ਬਦ, ਕਿਰਸਾਣੀ, ਧੂੰਆਂ, ਭਰਮ, ਕੁਦਰਤ, ਜੰਗਲ, ਦੇਵਦਾਸੀ, ਦਸਤੂਰ, ਕੁੜੀ, ਕੰਧਾਂ, ਸਮਾਧੀ, ਚਾਨਣ, ਚੁੱਪ, ਆਵਾਜ਼ਾਂ,ਰਿਜਕ, ਸਿਰਜਣਾ ਨਜ਼ਰੀਆਂ, ਸੰਪੂਰਣਤਾ ਆਦਿ ਕਵਿਤਾਵਾਂ ਸ਼ਾਮਲ ਹਨ।ਇੰਝ ਅਸੀਂ ਕਹਿ ਸਕਦੇ ਹਾਂ ਕਿ ਮੈਂ ਇੱਕ ਰਿਸ਼ਮ ਦੇ ਕਲਾਵੇ ਵਿਚ ਵਿਸ਼ਿਆਂ ਦੀ ਭਰਮਾਰ ਹੈ।ਮੈਂ ਇੱਕ ਰਿਸ਼ਮ ਵਿਚਲੀਆਂ ਖੁੱਲੀਆਂ ਕਵਿਤਾਵਾਂ ਵਿਚਲੇ ਖੁੱਲੇ ਵਿਚਾਰਾਂ ਦੀ ਕਾਵਿਕਾਰੀ ਤੋਂ ਬਾਅਦ ਪਰਮਜੀਤ ਦਿਓਲ ਛੰਦਬੱਧ ਕਵਿਤਾ ਲਿਖਣ ਵੱਲ ਰੁਚਿਤ ਹੁੰਦੀ ਹੈ ਤੇ ਉਸਦੀ ਅਗਲੀ ਕਿਤਾਬ ‘ਤੂੰ ਕੱਤ ਬਿਰਹਾ’ ਹੋਂਦ ਵਿਚ ਆਉਂਦੀ ਹੈ।
ਤੂੰ ਕੱਤ ਬਿਰਹਾ : ਤੂੰ ਕੱਤ ਬਿਰਹਾ ਸੰਗ੍ਰਹਿ ਵਿਚ ਗੀਤ, ਗਜ਼ਲਾਂ ਅਤੇ ਕਵਿਤਾਵਾਂ ਸ਼ਾਮਲ ਹਨ।ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਪਰਮਜੀਤ ਦਿਓਲ ਨੂੰ ਜਬਾਨੀ ਯਾਦ ਹਨ।ਪੰਜਾਬੀ ਵਿਚ ਕਵਿਤਾ ਲਿਖਣ ਵਾਲੇ ਅਜਿਹੇ ਉਂਗਲਾਂ ਤੇ ਗਿਣਨ ਜੋਗੇ ਲੋਕ ਹਨ ਜਿਹਨਾਂ ਨੂੰ ਆਪਣੀਆਂ ਕਵਿਤਾਵਾਂ ਜਬਾਨੀ ਯਾਦ ਹਨ।ਮੈਨੂੰ ਲੱਗਦਾ ਹੁੰਦਾ ਕਿ ਕਵਿਤਾਵਾਂ ਇਨ੍ਹਾਂ ਦੇ ਅੰਦਰ ਵੱਸਦੀਆਂ ਹਨ, ਇਨ੍ਹਾਂ ਦੇ ਸਾਹਾਂ ਵਿਚ ਸ਼ਾਮਲ ਹਨ।ਇਹ ਲੋਕ ਹਰ ਛਿਣ ਅਪਣੀ ਕਵਿਤਾ ਜਿਉਂਦੇ ਹਨ।ਇਹ ਕਵੀ ਤੇ ਕਵਿਤਾ ਦੋਹਾਂ ਦੀ ਵਡੱਤਣ ਹੈ।‘ਤੂੰ ਕੱਤ ਬਿਰਹਾ’ ਵਿਚ ਸੂਫ਼ੀ ਕਾਵਿ ਦਾ ਝਲਕਾਰਾ ਹੈ।ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਕਿਹਾ ਗਿਆ ਹੈ।ਸ਼ੇਖ ਫਰੀਦ ਨੇ ਕਿਹਾ ਸੀ ‘ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ’।ਪਰਮਜੀਤ ਦਿਓਲ ਲਿਖਦੀ ਹੈ ‘ਬਿਰਹਾ ਕਿਹੜਾ ਸੌਖਿਆਂ ਕੱਤਿਆ ਜਾਂਦਾ।ਰੀਝਾਂ ਦੀ ਬੋਲੀ ਲਾਈ ਜਾਂਦੀ ਤੇ ਚਾਵਾਂ ਨੂੰ ਗਹਿਣੇ ਧਰਿਆ ਜਾਂਦੈ’।ਇਹ ਔਰਤ ਦੀ ਹੋਣੀ ਵੱਲ ਸੰਕੇਤ ਹੈ।ਇਸ ਹੋਣੀ ਨੂੰ ਕਵਿਤਾ ਅੰਦਰ ਅਨੁਵਾਦ ਕਰਦਿਆਂ ਕਵਿਤਰੀ ਦਾ ਮਨ ਲੋਕ ਮਨ ਦੇ ਨੇੜੇ ਜਾ ਢੁੱਕਦਾ ਹੈ ਅਤੇ ਉਸਦੇ ਕਾਵਿਕ ਬੋਲਾਂ ‘ਚ ਲੋਕ ਗੀਤਾਂ ਦੀ ਰੂਹ ਸਾਹ ਲੈਂਦੀ ਜਾਪਦੀ ਹੈ:
ਲਾਹ ਲਾਹ ਗਲੋਟੇ ਪੱਛੀ ਧਰ ਲਏ/ ਗੁੱਛੇ ਕਰਕੇ ਸੰਦੂਕੀ ਧਰ ਲਏ
ਹੁਣ ਆਵੇ ਨਾ ਸੰਦੂਕੜੀ ਨੂੰ ਸਾਹ/ ਨੀ ਤੂੰ ਕੱਤ ਬਿਰਹਾ ਤੈਨੂੰ ਬਿਰਹਾ…
ਇਹਨਾਂ ਕਵਿਤਾਵਾਂ ਵਿਚ ਪੰਜਾਬ ਦੇ ਪੇਂਡੂ ਕਲਚਰ ਵਿਚਲੇ ਠੇਠ ਸ਼ਬਦਾਂ ਦੀ ਵਰਤੋਂ ਇਹਨਾਂ ਨੂੰ ਹੋਰ ਵੀ ਭਾਵਪੂਰਤ ਬਣਾਉਂਦੇ ਹਨ।ਇਹ ਉਹ ਸ਼ਬਦ ਹਨ ਜਿਹੜੇ ਹੌਲੀ-ਹੌਲੀ ਸਾਡੇ ਸ਼ਬਦਕੋਸ਼ ਵਿਚੋਂ ਅਲੋਪ ਹੋ ਰਹੇ ਹਨ।ਅਜਿਹੇ ਬਹੁਤ ਸਾਰੇ ਸ਼ਬਦਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ।ਕੁਝ ਸ਼ਬਦ ਪੜ੍ਹਦੇ ਹਾਂ ਜਿਵੇਂ ਗਲੋਟੇ, ਪੱਛੀ, ਗੁੱਛੇ, ਸੰਦੂਕੜੀ, ਬੱਤੀ, ਕੰਧਾਂ-ਕੌਲਿਆਂ, ਚਿਤਵਣੀ, ਬੋਹਲ, ਲਿਪਣਾ, ਦਸੂਤੀ, ਕੂਚੀ, ਕਾਹੀ ਆਦਿ:
ਵਿੱਚ ਤ੍ਰਿਝਣਾਂ ਕੱਢਾਂ ਦਸੂਤੀ/ ਪੰਜਾਂ ਨੂੰ ਫੜ੍ਹ ਲਾਹ ਦਾਂ ਕੂਚੀ
ਜੋ ਪਾ ਬੈਠੇ ਗਾਹ/ ਨੀ ਮੈਨੂੰ ਪੀਆ ਮਿਲਣ ਦਾ ਚਾਅ/ ਪੀਆ..
ਇਹ ਮੁਹੱਬਤ ਦੇ ਗੀਤ ਨਹੀਂ ਹਨ।ਇਹ ਇੱਕ ਪੰਜਾਬੀ ਨਾਰ ਦੇ ਜ਼ਜ਼ਬਾਤ ਹਨ।ਉਸਦੀਆਂ ਭਾਵਨਾਵਾਂ ਦਾ ਕਾਵਿਕ ਇਜ਼ਹਾਰ ਹੈ।ਇਹ ਉਹ ਗੀਤ ਹਨ ਜੋ ਘਰ ਦੇ ਕੰਮਾਂ ਕਾਰਾਂ ਵਿਚ ਰੁੱਝੀ ਮੁਟਿਆਰ ਦਿਆਂ ਫੁਰਨਿਆਂ ਵਿਚ ਅੰਗੜਾਈਆਂ ਲੈਂਦੇ ਰਹਿੰਦੇ ਹਨ।ਜਦ ਇਹ ਅੰਗੜਾਈਆਂ ਵਰਕਿਆਂ ‘ਤੇ ਆਕਾਰ ਗ੍ਰਹਿਣ ਕਰਦੀਆਂ ਹਨ ਤਾਂ ਗੀਤ ਦਾ ਜਨਮ ਹੁੰਦਾ ਹੈ।ਗੀਤ, ਨਜ਼ਮ, ਗਜ਼ਲ਼ ਕਿਸ ਵਿਧਾ ਦਾ ਸਰੂਪ ਸਿਰਜਿਆ ਜਾਣਾ ਹੈ, ਇਹ ਫੁਰਨਾ ਆਪਣੇ ਨਾਲ਼ ਲੈ ਕੇ ਆਉਂਦਾ ਹੈ।ਇਹ ਗੀਤ ਸੁੱਤੇ-ਸਿਧ ਹੀ ਸਮਾਜਕ,ਰਾਜਨੀਤਕ ਅਤੇ ਭੁਗੋਲਿਕ ਸਰੋਕਾਰਾਂ ਨੂੰ ਮੁਖ਼ਾਤਬ ਹੋ ਜਾਂਦੇ ਹਨ:
ਧਰਮ ਦੇ ਨਾਂ ‘ਤੇ ਵਧਦਾ ਪਾੜਾ/ ਦੇਖਿਆ ਮੈਂ ਅਖ਼ਬਾਰਾਂ ‘ਤੇ
ਸ਼ਰਮ ਹਯਾ ਤੇ ਕੂਚੀ ਫੇਰੀ/ ਨਾਲ਼ ਬਣੇ ਸੰਸਕਾਰਾਂ ਦੇ
ਉਹੀ ਘੜੇ ਅੱਜ ਡੁੱਲਦੇ ਵੇਖੇ/ ਜੋ ਸੰਸਕਾਰਾਂ ਨਾਲ਼ ਭਰੇ
ਮੈਂ ਉਸ ਗਰੀਬ ਦਾ ਵਿਰਸਾ/ ਜਿਹਦੇ ਗਲ਼ ਪੈਂਦੀ ਫਾਹੀ
ਮੈਂ ਧਰਤੀ ਪੰਜ ਦਰਿਆਵਾਂ ਦੀ/ ਜੋ ਮੁੱਦਤਾਂ ਤੋਂ ਤ੍ਰਿਹਾਈ
ਤੂੰ ਕੱਤ ਬਿਰਹਾ ਵਿਚਲੀਆਂ ਰਚਨਾਵਾਂ ਉਹਨਾਂ ਚੁੱਲਿਆਂ ਦੀ ਗੱਲ ਵੀ ਕਰਦੀਆਂ ਹਨ ਜਿੰਨ੍ਹਾਂ ਵਿਚ ਘਾਹ ਉੱਗ ਆਉਂਦਾ ਹੈ।ਘਾਹ ਉਨ੍ਹਾਂ ਘਰਾਂ ਦੇ ਚੁੱਲਿਆਂ ਵਿਚ ਹੀ ਉੱਗਦਾ ਹੈ ਜਿੰਨ੍ਹਾਂ ਦੇ ਆਟੇ ਵਾਲੇ ਪੀਪੇ ਖ਼ਾਲੀ ਹੁੰਦੇ ਹਨ।ਇਹਨਾਂ ਰਚਨਾਵਾਂ ਕੋਲ਼ ਦੂਸ਼ਿਤ ਹਵਾ ਦਾ ਫਿਕਰ ਵੀ ਹੈ ਤੇ ਨਸ਼ਿਆਂ ਲੇਖੇ ਲੱਗ ਰਹੀ ਜਵਾਨੀ ਦਾ ਵੀ।ਮੁਰਝਾਈਆਂ ਰੁੱਤਾਂ ਦਾ ਸੱਚ ਵੀ ਤੇ ਖੁਹ ਵਿਚੋਂ ਖ਼ਾਲੀ ਮੁੜੀਆਂ ਟਿੰਡਾਂ ਦਾ ਵੀ।ਦਿਓਲ ਆਪਣੀ ਸ਼ਾਇਰੀ ਵਿਚ ਕੁਦਰਤ ਦੇ ਬਿੰਬਾਂ ਦੀ ਵਰਤੋਂ ਬੜੇ ਸਲੀਕੇ ਨਾਲ਼ ਕਰਦੀ ਹੈ।ਪੰਛੀ ਆਪਣੇ ਗਰਾਂ ਨੂੰ ਮੁੜ ਗਏ, ਮੋਰ ਪਰਖਦੇ ਘਟਾ ਅਦਾਵਾਂ, ਤੋਤੇ ਅੰਬੀਆਂ ਟੁੱਕਣ ਲੱਗੇ, ਕੋਇਲ ਦਾ ਸਿਰਨਾਵਾਂ ਲੱਭਦੇ ਆਦਿ ਬਹੁਤ ਸਾਰੇ ਹਵਾਲੇ ਦਿੱਤੇ ਜਾ ਸਕਦੇ ਹਨ।ਉਹ ਵਿਹੜੇ ਦੇ ਰੁੱਖ ਨਾਲ਼ ਵੀ ਸੰਵਾਦ ਰਚਾਉਂਦੀ ਹੈ।ਪਰਵਾਸੀ ਜੀਵਨ ਹੰਢਾ ਰਹੀ ਉਹ ਵਤਨਾਂ ਨੂੰ ਜਾਣ ਵਾਲ਼ੇ ਦੇ ਹੱਥ ਮਾਂ-ਬਾਪ, ਵੀਰ ਤੇ ਭਾਬੀ ਲਈ ਸੁਨੇਹਾ ਭੇਜਦੀ ਹੈ:
ਵਤਨਾਂ ਨੂੰ ਜਾਣ ਵਾਲਿਆ/ ਲੈ ਜਾ ਇੱਕ ਸੁਨੇਹਾ ਮੇਰਾ
ਮਾਂ ਦੀਆਂ ਅੱਖੀਆਂ ਵਿਚੋਂ ਵੇਖੀ ਜਾ ਮੇਰਾ ਚਿਹਰਾ
ਫੋਨ ‘ਤੇ ਮਾ ਦੱਸਦੀ ਸੀ / ਗੋਡਿਆਂ ‘ਚ ਦਰਦ ਬੜਾ ਏ
ਬਾਪੂ ਵੀ ਦੱਸਦਾ ਸੀਗਾ / ਨਿਗ੍ਹਾ ਹੁਣ ਘੱਟਗੀ ਮੇਰੀ
ਗਿੱਧੇ ਵਿਚ, ਸੁਣ ਵੇ ਰੁੱਖਾ, ਖਿੱਲਰੇ ਹੋਏ ਹਉਕੇ, ਬਲਦੀ ਸ਼ਮਾਂ, ਚਾਨਣੀ ਵਿਚ, ਰੁੱਤ ਬਸੰਤੀ, ਰੰਗ ਸਰਾਪੇ, ਰੀਝਾਂ, ਪੀੜਮੇਰੀ ਇੱਕ ਕਹਾਣੀ, ਸਾਹਾਂ ਦੀ ਚੋਰੀ ਤੇ ਚੁੱਪ ਅਜਿਹੀਆਂ ਰਚਨਾਵਾਂ ਹਨ ਜਿਹਨਾਂ ਨੂੰ ਅਣਗੌਲਿਆਂ ਨਹੀਂ ਕਰ ਸਕਦੇ।ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਰਚਨਾਵਾਂ ਪੇਤਲੇ ਜਿਹੇ ਇਸ਼ਕ ਦੀ ਤਰਜਮਾਨੀ ਕਰਦੀਆਂ ਚਿਪਚਿਪੀਆਂ ਕਵਿਤਾਵਾਂ ਨਹੀਂ ਹਨ।ਇਹ ਇੱਕ ਮੁਟਿਆਰ ਦੀਆਂ ਭਾਵਨਾਵਾਂ, ਖ਼ਾਹਿਸ਼ਾਂ, ਇਛਾਵਾਂ ਅਤੇ ਜ਼ਜ਼ਬਾਤਾਂ ਦੀ ਸੂਖ਼ਮ ਪੇਸ਼ਕਾਰੀ ਹਨ।ਇਹਨਾਂ ਵਿਚ ਕਵਿਤਰੀ ਦੇ ਹੰਢੇ ਵਰਤੇ ਅਨੁਭਵ ਦੀ ਝਲਕ ਪੈਂਦੀ ਹੈ।ਪਰਮਜੀਤ ਦਿਓਲ ਦੀ ਇਹ ਕਾਵਿ-ਸਾਧਨਾ ਉਸ ਦੀ ਸਿਰਜਣਾ ਨੂੰ ਅਗਲੇ ਪੜ੍ਹਾਅ ‘ਤੇ ਲੈ ਕੇ ਜਾਣ ਦੀ ਦੱਸ ਪਾਉਂਦੀ ਹੈ।ਅਗਲੀ ਕਿਸੇ ਕਾਵਿ-ਪੋਥੀ ਦੀ ਉਡੀਕ ਕਰਦੇ ਅਸੀਂ ਦਿਓਲ ਨੂੰ ਹੁਣ ਤੱਕ ਕੀਤੇ ਕਾਰਜ ਲਈ ਸ਼ਾਬਾਸ਼ ਦਿੰਦੇ ਹਾਂ।
-
ਹਰਦਮ ਮਾਨ, ਸਪੈਸ਼ਲ ਰਿਪੋਰਟਰ
: maanbabushahi@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.