ਵੱਧ ਆਵਾਜਾਈ ਵਾਲੇ ਹਵਾਈ ਅੱਡਿਆਂ 'ਤੇ ਕੈਟ III ਲੈਂਡਿੰਗ ਸਿਸਟਮ ਲਗਾਏ ਜਾਣਗੇ: ਮੰਤਰੀ ਨੇ ਐਮਪੀ ਸੰਜੀਵ ਅਰੋੜਾ ਨੂੰ ਦੱਸਿਆ
ਲੁਧਿਆਣਾ, 29 ਦਸੰਬਰ, 2024: ਜਦੋਂ ਵਿਜ਼ੀਬਿਲਟੀ 800 ਮੀਟਰ ਤੋਂ ਘੱਟ ਜਾਂਦੀ ਹੈ ਜਾਂ ਰਨਵੇ ਵਿਜ਼ੂਅਲ ਰੇਂਜ (ਆਰਵੀਆਰ) 550 ਮੀਟਰ ਤੋਂ ਘੱਟ ਜਾਂਦੀ ਹੈ, ਤਾਂ ਹਵਾਈ ਅੱਡਿਆਂ ਤੇ ਕੈਟ II/ਕੈਟ III ਸੰਚਾਲਨ ਸ਼ੁਰੂ ਹੋ ਜਾਂਦਾ ਹੈ। ਕੈਟ II/ਕੈਟ III ਸੰਚਾਲਨ ਲਈ ਪ੍ਰਮਾਣਿਤ ਹਵਾਈ ਅੱਡਿਆਂ ਕੋਲ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ)/ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜ਼ੇਸ਼ਨ (ਆਈਸੀਏਓ) ਸਟੈਂਡਰਡਜ਼ ਦੇ ਅਨੁਸਾਰ ਢੁਕਵਾਂ ਬੁਨਿਆਦੀ ਢਾਂਚਾ ਅਤੇ ਉਪਕਰਨ ਹੋਣੇ ਚਾਹੀਦੇ ਹਨ ਜਿਂਵੇਂ ਕਿ ਰਨਵੇ ਏਜ ਲਾਈਟਾਂ, ਰਨਵੇ ਸੈਂਟਰ ਲਾਈਨ ਲਾਈਟਾਂ, ਅਪ੍ਰੋਚ ਲਾਈਟਾਂ, ਰਨਵੇ ਟੱਚਡਾਉਨ ਜ਼ੋਨ ਲਾਈਟਾਂ, ਟੈਕਸੀਵੇ ਸੈਂਟਰ ਲਾਈਨ ਲਾਈਟਾਂ, ਸਟਾਪਬਾਰ ਅਤੇ ਕੈਟ II/III ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈ ਐਲ ਐਸ)।
ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਰਾਜ ਸਭਾ ਦੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਇਜਲਾਸ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ “ਰਨਵੇਅ ਉੱਤੇ ਉੱਚ ਵਿਜ਼ੀਬਿਲਟੀ ਲਾਈਟਾਂ” ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਦਿੱਲੀ, ਲਖਨਊ, ਜੈਪੁਰ, ਅੰਮ੍ਰਿਤਸਰ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਇੱਕ ਜਾਂ ਇੱਕ ਤੋਂ ਵੱਧ ਹਵਾਈ ਅੱਡਿਆਂ 'ਤੇ ਡੀਜੀਸੀਏ ਵੱਲੋਂ ਕੈਟ II/III ਸੰਚਾਲਨ ਲਈ ਪ੍ਰਮਾਣਿਤ ਇੱਕ ਜਾਂ ਵੱਧ ਰਨਵੇਅ ਹਨ ਅਤੇ ਏਏਆਈ ਵੱਲੋਂ ਸੰਚਾਲਿਤ 60 ਤੋਂ ਵੱਧ ਹਵਾਈ ਅੱਡੇ ਆਈਐਲਐਸ ਕੈਟ -I ਅਤੇ ਸੰਬੰਧਿਤ ਰਨਵੇਅ ਲਾਈਟਾਂ ਨਾਲ ਲੈਸ ਹਨ।
ਮੰਤਰੀ ਦੇ ਜਵਾਬ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਲਾਂਕਿ ਸਾਰੇ ਵਪਾਰਕ ਹਵਾਈ ਅੱਡਿਆਂ ਨੂੰ ਕੈਟ III ਪ੍ਰਣਾਲੀਆਂ ਨਾਲ ਲੈਸ ਕਰਨ ਦਾ ਕੋਈ ਹੁਕਮ ਨਹੀਂ ਹੈ, ਪਰ ਅਜਿਹੇ ਸਿਸਟਮ ਲਗਾਉਣ ਦਾ ਫੈਸਲਾ ਸੰਚਾਲਨ ਦੀ ਮੰਗ, ਹਵਾਈ ਆਵਾਜਾਈ ਦੀ ਗਿਣਤੀ ਅਤੇ ਸਬੰਧਤ ਹਵਾਈ ਅੱਡੇ 'ਤੇ ਮੌਜੂਦਾ ਮੌਸਮ ਦੇ ਹਾਲਾਤਾਂ 'ਤੇ ਨਿਰਭਰ ਕਰਦਾ ਹੈ।
ਅਰੋੜਾ ਨੇ ਦੇਸ਼ ਦੇ ਉਨ੍ਹਾਂ ਹਵਾਈ ਅੱਡਿਆਂ ਦੀ ਸੂਚੀ ਬਾਰੇ ਪੁੱਛਿਆ ਸੀ ਜਿਨ੍ਹਾਂ ਦੇ ਰਨਵੇਅ 'ਤੇ ਉੱਚ ਵਿਜ਼ੀਬਿਲਟੀ ਲਾਈਟਾਂ ਲਗਾਈਆਂ ਗਈਆਂ ਹਨ, ਜੋ ਘੱਟ ਵਿਜ਼ੀਬਿਲਟੀ ਦੇ ਸਮੇਂ ਪਾਇਲਟਾਂ ਲਈ ਆਪਣੇ ਜਹਾਜ਼ ਨੂੰ ਉਤਾਰਨਾ ਆਸਾਨ ਬਣਾਉਂਦੀਆਂ ਹਨ। ਉਨ੍ਹਾਂ ਇਹ ਵੀ ਪੁੱਛਿਆ ਸੀ ਕੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਸਾਰੇ ਵਪਾਰਕ ਹਵਾਈ ਅੱਡਿਆਂ 'ਤੇ ਉੱਚ ਵਿਜ਼ੀਬਿਲਟੀ ਲਾਈਟਾਂ ਲਗਾਉਣ ਦੀ ਯੋਜਨਾ ਬਣਾ ਰਹੀ ਹੈ, ਜੇਕਰ ਅਜਿਹਾ ਹੈ, ਤਾਂ ਇਸ ਦੇ ਵੇਰਵੇ ਕੀ ਹਨ, ਜੇਕਰ ਨਹੀਂ, ਤਾਂ ਇਸਦੇ ਕੀ ਕਾਰਨ ਹਨ।