ਨਹਿਰ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਆਇਆ ਨਵਾਂ ਮੋੜ: ਪਰਿਵਾਰ ਨੇ ਮਹਿਲਾ ਦੋਸਤ 'ਤੇ ਲਾਇਆ ਦੋਸ਼
- ਘਰ ਵਾਲਿਆਂ ਨੇ ਮਹਿਲਾ ਦੋਸਤ ਤੇ ਸਾਥੀਆਂ ਨਾਲ ਮਿਲ ਕੇ ਕਤਲ ਕਰਨ ਦਾ ਲਾਇਆ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ 31 ਦਸੰਬਰ 2024 - ਧਾਰੀਵਾਲ ਕਸਬੇ ਦੇ ਪਿੰਡ ਪੀਰ ਦੀ ਸੈਨ ਨੇੜੇ ਅਪਾਰਬਾਰੀ ਦੁਆਬ ਨਹਿਰ 'ਚੋਂ ਸੋਮਵਾਰ ਨੂੰ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਥਾਣਾ ਧਾਰੀਵਾਲ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਸੀ ਪਰ ਉਸ ਦੀ ਪਛਾਣ ਨਹੀਂ ਹੋ ਸਕੀ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰਖਵਾਇਆ। ਅੱਜ ਮ੍ਰਿਤਕ ਦੀ ਸ਼ਨਾਖਤ ਨਾਲ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਮ੍ਰਿਤਕ ਨੌਜਵਾਨ ਦੀ ਭਰਜਾਈ ਅਤੇ ਹੋਰ ਰਿਸ਼ਤੇਦਾਰਾਂ ਨੇ ਲਾਸ਼ ਦੀ ਪਛਾਣ ਕਰਦਿਆਂ ਦੋਸ਼ ਲਾਇਆ ਕਿ ਨੌਜਵਾਨ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦੇ ਨਾਲ ਉਸ ਦੀ ਇੱਕ ਮਹਿਲਾ ਦੋਸਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮ੍ਰਿਤਕ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਅਮਿਤ (28) ਪੁੱਤਰ ਲੇਟ ਬਿੱਲਾ ਵਾਸੀ ਬਟਾਲਾ ਵਜੋਂ ਹੋਈ ਹੈ।
ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਸੁਧਾ ਪਤਨੀ ਰੋਹਿਤ ਵਾਸੀ ਬਟਾਲਾ ਨੇ ਦੱਸਿਆ ਕਿ ਮ੍ਰਿਤਕ ਅਮਿਤ ਉਸ ਦਾ ਦਿਓਰ ਸੀ ਅਤੇ ਉਸ ਨੇ ਆਪਣੇ ਪਿਤਾ ਦੀ ਥਾਂ ਨਗਰ ਨਿਗਮ ਬਟਾਲਾ ਵਿਖੇ ਸਫਾਈ ਕਰਮਚਾਰੀ ਦੀ ਨੌਕਰੀ ਕੀਤੀ ਸੀ। ਉਸ ਨੇ ਦੱਸਿਆ ਕਿ ਅਮਿਤ ਦੇ ਬਟਾਲਾ ਦੀ ਇੱਕ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸਨ। ਪ੍ਰੇਮ ਸਬੰਧਾਂ ਕਾਰਨ ਅਮਿਤ ਨੂੰ ਪਹਿਲਾਂ ਵੀ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋ ਵਾਰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। 24 ਦਸੰਬਰ ਦੀ ਦੁਪਹਿਰ ਨੂੰ ਜਦੋਂ ਅਮਿਤ ਕੰਮ ਤੋਂ ਘਰ ਪਰਤਿਆ ਤਾਂ ਉਸ ਨੂੰ ਉਕਤ ਔਰਤ ਦੇ ਵਾਰ-ਵਾਰ ਫੋਨ ਆ ਰਹੇ ਸਨ ਅਤੇ ਉਹ ਉਸ ਨੂੰ ਮਿਲਣ ਲਈ ਬੁਲਾ ਰਹੀ ਸੀ।
ਅਮਿਤ ਨਹਾ ਕੇ ਘਰੋਂ ਨਿਕਲ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਿਤ ਉਸ ਔਰਤ ਨੂੰ ਲੈ ਕੇ ਨਗਰ ਨਿਗਮ ਗਿਆ ਸੀ ਅਤੇ ਉਕਤ ਔਰਤ ਨੂੰ ਆਪਣਾ ਨੋਮਨੀ ਬਣਾਉਣਾ ਚਾਹੁੰਦਾ ਸੀ ਪਰ ਮੁਲਾਜ਼ਮਾਂ ਨੇ ਉਸ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਅਮਿਤ ਨਾ ਤਾਂ ਘਰ ਪਰਤਿਆ ਅਤੇ ਨਾ ਹੀ ਕੰਮ 'ਤੇ ਗਿਆ। ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਅਮਿਤ ਦਾ ਫੋਨ ਸਵਿੱਚ ਆਫ ਆ ਰਿਹਾ ਸੀ। ਸੋਮਵਾਰ ਸ਼ਾਮ ਉਨ੍ਹਾਂ ਨੂੰ ਨਗਰ ਨਿਗਮ ਬਟਾਲਾ ਤੋਂ ਫੋਨ ਆਇਆ ਕਿ ਅਮਿਤ ਦੀ ਲਾਸ਼ ਧਾਰੀਵਾਲ ਨਹਿਰ 'ਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਸਾਲੀ ਭਰਜਾਈ ਨੇ ਦੋਸ਼ ਲਾਇਆ ਕਿ ਅਮਿਤ ਦਾ ਉਸ ਦੀ ਮਹਿਲਾ ਦੋਸਤ ਨੇ ਸਾਥੀਆਂ ਨਾਲ ਮਿਲ ਕੇ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਧਾਰੀਵਾਲ ਥਾਣਾ ਇੰਚਾਰਜ ਬਲਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਅਮਿਤ ਖਿਲਾਫ ਥਾਣਾ ਬਟਾਣਾ ਵਿਖੇ ਐਨ.ਡੀ.ਪੀ.ਐਸ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਹ ਇਸ ਮਾਮਲੇ ਵਿੱਚ ਭਗੌੜਾ ਸੀ। ਮ੍ਰਿਤਕ ਦੇ ਪਰਿਵਾਰ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਗਈ, ਜਿਸ ਕਾਰਨ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਜੇਕਰ ਪੋਸਟਮਾਰਟਮ ਰਿਪੋਰਟ ਵਿੱਚ ਕਤਲ ਦਾ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।