ਉਰਦੂ ਕੋਰਸ ਦੇ ਨਵੇਂ ਸੈਸ਼ਨ 'ਚ ਦਾਖਲੇ ਲਈ ਚਾਹਵਾਨ 6 ਜਨਵਰੀ ਤੋਂ 15 ਜਨਵਰੀ ਤੱਕ ਭਰ ਸਕਦੇ ਹਨ ਫਾਰਮ :- ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 31 ਦਸੰਬਰ 2024 - ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਡਾ. ਸੰਦੀਪ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ, ਲੁਧਿਆਣਾ ਵਿਖੇ ਉਰਦੂ ਕੋਰਸ ਦਾ ਨਵਾਂ ਸੈਸ਼ਨ ਜਨਵਰੀ, 2025 ਤੋਂ ਸ਼ੁਰੂ ਹੋ ਰਿਹਾ ਹੈ। ਕੋਰਸ ਦੇ ਚਾਹਵਾਨ ਮਿਤੀ 06 ਜਨਵਰੀ ਤੋਂ 15 ਜਨਵਰੀ, 2025 ਤੱਕ ਫਾਰਮ ਭਰ ਸਕਦੇ ਹਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਸੰਦੀਪ ਸ਼ਰਮਾ ਨੇ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵਲੋਂ ਜਿੱਥੇ ਪੰਜਾਬੀ ਭਾਸਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਹੋਰ ਭਾਸ਼ਾਵਾਂ ਸਬੰਧੀ ਵੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸੇ ਤਹਿਤ ਵਿਭਾਗ ਵੱਲੋਂ ਉਰਦੂ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ ਲਈ 6 ਮਹੀਨੇ ਦਾ ਉਰਦੂ ਕੋਰਸ ਵੀ ਕਰਵਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਉਰਦੂ ਕੋਰਸ ਦਾ ਨਵਾਂ ਸੈਸ਼ਨ ਜਨਵਰੀ, 2025 ਤੋਂ ਸ਼ੁਰੂ ਹੋ ਰਿਹਾ ਹੈ ਜਿਸਦੀ ਮਿਆਦ 6 ਮਹੀਨੇ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਦਾ ਸਿਖਿਆਰਥੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ। ਇਸ ਸਾਰੇ ਕੋਰਸ ਦੀ ਕੁੱਲ ਫ਼ੀਸ ਸਿਰਫ਼ 500 ਰੁਪਏ ਹੈ। ਇੱਕ ਘੰਟੇ ਦੀ ਉਰਦੂ ਕਲਾਸ ਲਈ ਕਾਬਿਲ ਉਰਦੂ ਅਧਿਆਪਕ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਕਲਾਸ ਦਾ ਸਮਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 5:00 ਤੋਂ 6:00 ਵਜੇ ਤੱਕ ਹੋਵੇਗਾ।
ਜ਼ਿਲ੍ਹਾ ਭਾਸਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਹਰੇਕ ਸੈਸ਼ਨ ਦੌਰਾਨ ਇਸ ਕੋਰਸ ਵਿੱਚ ਦਾਖਲੇ ਲਈ ਸਿਖਿਆਰਥੀਆਂ ਦੁਆਰਾ ਬਹੁਤ ਉਤਸ਼ਾਹ ਦਿਖਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖ਼ਲਾ ਫ਼ਾਰਮ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪੰਜਾਬੀ ਭਵਨ, ਭਾਰਤ ਨਗਰ ਚੌਂਕ ਲੁਧਿਆਣਾ, ਤੋਂ ਕਿਸੇ ਵੀ ਕੰਮ ਕਾਜ ਵਾਲੇ ਦਿਨ (ਦਫ਼ਤਰੀ ਸਮੇਂ ਦੌਰਾਨ) ਪ੍ਰਾਪਤ ਕਰ ਸਕਦੇ ਹਨ। ਕੋਰਸ ਸਬੰਧੀ ਹੋਰ ਜਾਣਕਾਰੀ ਲਈ (77650-00367 ਜਾਂ 88720-00423) ਨੰਬਰਾਂ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।