ਨਹਿਰੂ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਆਯੋਜਨ ਕੀਤਾ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ, 23 ਸਤੰਬਰ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ, ਯੁਵਾ ਮਾਮਲੇ ਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ 23 ਦਸੰਬਰ, 2024 ਨੂੰ ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫੋਰ ਵੁਮੈਨ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਕਰਮਜੀਤ ਸਿੰਘ, ਐੱਸ.ਡੀ.ਐੱਮ ਗੁਰਦਾਸਪੁਰ ਸ਼ਾਮਲ ਹੋਏ।
ਪ੍ਰੋਗਰਾਮ ਵਿੱਚ ਪ੍ਰਤੀਯੋਗੀਆਂ ਨੇ 2047 ਤੱਕ ਭਾਰਤ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਪੰਜ ਪ੍ਰਣ ਨੂੰ ਮੁੱਖ ਰੱਖਦੇ ਹੋਏ ਸੱਤ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ ਸਾਇੰਸ ਮੇਲਾ (ਗਰੁੱਪ ਅਤੇ ਇਕੱਲੇ ਪ੍ਰਤੀਭਾਗ), ਭਾਸ਼ਣ ਮੁਕਾਬਲੇ, ਕਵਿਤਾ ਲੇਖਣ ਮੁਕਾਬਲੇ, ਮੋਬਾਈਲ ਫ਼ੋਟੋਗਰਾਫੀ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਵਿਚ ਆਯੋਜਿਤ ਕੀਤੇ ਗਏ ਭਾਸ਼ਣ ਅਤੇ ਕਵਿਤਾ ਲੇਖਣ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਨੇ ਭਾਰਤ ਦੇਸ਼ ਨੂੰ ਹੋਰ ਉੱਨਤ ਅਤੇ ਵਿਸ਼ਵ ਗੁਰੂ ਬਣਨ ਦੇ ਰਾਹ ਤੇ ਚੱਲਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਉਸਦੇ ਨਾਲ ਹੀ ਪੇਂਟਿੰਗ ਕੰਪੀਟੀਸ਼ਨ ਵਿੱਚ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਨੂੰ ਡਰਾਇੰਗ ਦੇ ਮਾਧਿਅਮ ਰਾਹੀਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਆਪਣੀ ਕਲਾ ਪੇਸ਼ ਕੀਤੀ। ਇਸ ਦੇ ਨਾਲ ਹੀ ਲੋਕ ਨਾਚ ਗਿੱਧਾ, ਭੰਗੜਾ ਤੇ ਸੰਮੀ ਆਦਿ ਦੀਆਂ ਟੀਮਾਂ ਨੇ ਆਪਣੇ ਜੋਸ਼ ਨਾਲ ਪ੍ਰੋਗਰਾਮ ਵਿੱਚ ਮੌਜੂਦ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਵੀ ਝੂਮਣ ਤੇ ਮਜਬੂਰ ਕਰ ਦਿੱਤਾ। ਪ੍ਰੋਗਰਾਮ ਵਿੱਚ ਵਿਜੇਤਾ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਰਾਸ਼ੀ ਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਨੌਜਵਾਨਾਂ ਨੂੰ ਸੰਘਰਸ਼ ਤੋਂ ਨਾ ਘਬਰਾਉਣ ਤੇ ਆਪਣੀ ਯੁਵਾ ਸ਼ਕਤੀ ਨੂੰ ਸਹੀ ਰਸਤੇ ਲਗਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਇਹੋ ਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਇਕ ਮੰਚ ਪ੍ਰਦਾਨ ਕਰਦਾ ਹੈ, ਜਿਸ ਨਾਲ ਪ੍ਰਤਿਭਾਵਾਨ ਯੁਵਾ ਪੀੜ੍ਹੀ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਪ੍ਰੋਗਰਾਮ ਦਾ ਸੰਚਾਲਨ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਅਤੇ ਕਾਲਜ ਦੇ ਸਟਾਫ਼਼ ਦਾ ਭਰਪੂਰ ਸਹਿਯੋਗ ਰਿਹਾ।
ਪ੍ਰੋਗਰਾਮ ਦੇ ਅੰਤ ਵਿੱਚ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਸੰਦੀਪ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਜੀ ਦਾ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ