ਲੇਲੇਵਾਲਾ ਗੈਸ ਪਾਈਪਲਾਈਨ ਦਾ ਮਾਮਲਾ! ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਤਿੱਖੀ ਬਹਿਸ... ਭੜਕੇ ਕਿਸਾਨਾਂ ਨੇ ਕੀਤੀ ਜਿੰਦਾਬਾਦ-ਮੁਰਦਾਬਾਦ
ਅਸ਼ੋਕ ਵਰਮਾ
ਤਲਵੰਡੀ ਸਾਬੋ, 23 ਦਸੰਬਰ 2024:ਗੈਸ ਪਾਈਪ ਕੰਪਨੀ ਵੱਲੋਂ ਸਮਝੌਤਾ ਛਿੱਕੇ ਟੰਗ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਹੀ ਐਤਵਾਰ ਸਵੇਰੇ ਮੁੜ ਭਾਰੀ ਪੁਲੀਸ ਬਲ ਨਾਲ ਪਿੰਡ ਲੇਲੇਵਾਲਾ ਦੇ ਖੇਤਾਂ ’ਚ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕਰਨ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਪੁਲਿਸ ਦਾ ਵਿਰੋਧ ਕਰ ਦਿੱਤਾ ਜਿਸ ਨੂੰ ਲੈ ਕੇ ਲੰਮਾ ਸਮਾਂ ਹੰਗਾਮੇ ਵਾਲੀ ਸਥਿਤੀ ਬਣੀ ਰਹੀ।
ਹਾਲਾਂਕਿ ਬਾਅਦ ਵਿੱਚ ਬਠਿੰਡਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਅਦਾਲਤੀ ਹੁਕਮਾਂ ਦਾ ਹਵਾਲਾ ਦੇ ਕੇ ਗੱਲ ਸੋਮਵਾਰ ਤੇ ਫੈਸਲੇ ਤੇ ਮੁਕਾ ਦਿੱਤੀ ਪਰ ਕਿਸਾਨ ਅਜੇ ਵੀ ਇਸ ਮਾਮਲੇ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਹੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਕੋਲ ਕੰਪਨੀ ਦਾ ਪਾਈਪਾਂ ਨਾਲ ਲੱਦਿਆ ਟਰੱਕ ਘੇਰ ਲਿਆ ਪਰ ਉਨ੍ਹਾਂ ਦੀ ਗਿਣਤੀ ਘੱਟ ਹੋਣ ਕਰਕੇ ਐੱਸਪੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਟਰੱਕ ਛੁਡਾ ਕੇ ਕੰਮ ਵਾਲੀ ਜਗ੍ਹਾ ਵੱਲ ਭੇਜ ਦਿੱਤਾ। ਦੂਜੇ ਪਾਸੇ ਕੰਪਨੀ ਨੇ ਖੇਤਾਂ ’ਚ ਦੋ ਥਾਵਾਂ ’ਤੇ ਵੱਡੀਆਂ ਮਸ਼ੀਨਾਂ ਤੇ ਮੁਲਾਜ਼ਮ ਲਿਆ ਕੇ ਪਾਈਪਲਾਈਨ ਪਾਉਣ ਦਾ ਕੰਮ ਜਾਰੀ ਰੱਖਿਆ, ਜਿਸ ਖ਼ਿਲਾਫ਼ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਕੋਲ ਧਰਨਾ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਆਦਿ ਨੇ ਕਿਹਾ ਕਿ ਕੰਪਨੀ ਤੇ ਪ੍ਰਸ਼ਾਸਨ ਨਾਲ ਪੀੜਤ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਸਮਝੌਤਾ ਹੋਇਆ ਸੀ ਪਰ ਕੰਪਨੀ ਨੇ ਅੱਜ ਬਿਨਾਂ ਮੁਆਵਜ਼ਾ ਦਿੱਤੇ ਪੁਲੀਸ ਦੇ ਜ਼ੋਰ ’ਤੇ ਕੰਮ ਸ਼ੁਰੂ ਕਰ ਦਿੱਤਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲੀਸ ਪ੍ਰਸ਼ਾਸ਼ਨ ਨੇ ਕਿਸਾਨਾਂ ਨਾਲ ਨਜਿੱਠਣ ਲਈ ਜਲ ਤੋਪਾਂ ਤੇ ਫਾਇਰ ਬ੍ਰਿਗੇਡਾਂ ਸਣੇ ਹੋਰ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਜਦੋਂ ਕਿਸਾਨ ਧਰਨੇ ਤੋਂ ਉੱਠ ਕੇ ਪਾਈਪਲਾਈਨ ਦਾ ਕੰਮ ਰੋਕਣ ਲਈ ਖੇਤਾਂ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਪਿੰਡ ਦੇ ਬਾਹਰ ਹੀ ਉਨ੍ਹਾਂ ਨੂੰ ਰੋਕ ਲਿਆ, ਜਿੱਥੇ ਅਧਿਕਾਰੀਆਂ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਵੀ ਹੋਈ। ਦੂਜੇ ਪਾਸੇ ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਗਲੇ ਸੰਘਰਸ਼ ਲਈ ਤਿਆਰ ਬਰ ਤਿਆਰ ਰਹਿਣ ਕਿਉਂਕਿ ਪ੍ਰਸ਼ਾਸਨ ਕਿਸੇ ਵੀ ਵੇਲੇ ਉਹਨਾਂ ਨਾਲ ਪਹਿਲਾਂ ਵਾਂਗ ਧੋਖਾ ਕਰ ਸਕਦਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਬਠਿੰਡਾ ਅੱਗੇ ਧਰਨਾ ਲਾਉਣਗੇ।