ਪੰਜਾਬੀ ਯੂਨੀਵਰਸਿਟੀ ਵਿਖੇ ਲਾਈਫ਼ ਸਾਇੰਸਜ਼ ਦੇ ਖੇਤਰ ਨਾਲ਼ ਸੰਬੰਧਤ ਰਿਫਰੈਸ਼ਰ ਕੋਰਸ ਸੰਪੰਨ
ਪਟਿਆਲਾ, 23 ਦਸੰਬਰ, 2024
ਪੰਜਾਬੀ ਯੂਨੀਵਰਸਿਟੀ ਵਿਖੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ ਅਧਿਆਪਕਾਂ ਦੀ ਸਮਰਥਾ ਦੇ ਨਿਰਮਾਣ ਸੰਬੰਧੀ ਮਕਸਦ ਨਾਲ਼ ਕਰਵਾਇਆ ਗਿਆ ਲਾਈਫ਼ ਸਾਇੰਸਜ਼ ਦੇ ਖੇਤਰ ਨਾਲ਼ ਸੰਬੰਧਤ ਰਿਫ਼ਰੈਸ਼ਰ ਕੋਰਸ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਹ ਕੋਰਸ ਆਫਲਾਈਨ ਵਿਧੀ ਰਾਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਕੋਰਸ ਦੇ ਸੰਪੰਨ ਹੋਣ ਮੌਕੇ ਰੱਖੇ ਗਏ ਵਿਦਾਇਗੀ ਸੈਸ਼ਨ ਵਿੱਚ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਅਤੇ ਵਿੱਤ ਅਫ਼ਸਰ ਡਾ. ਪ੍ਰਮੋਦ ਕੁਮਾਰ ਅੱਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਬਲਰਾਜ ਸਿੰਘ ਸੈਣੀ ਨੇ ਇਸ ਮੌਕੇ ਬੋਲਦਿਆਂ ਲਾਈਫ਼ ਸਾਇੰਸ ਖੇਤਰ ਦੇ ਹਵਾਲੇ ਨਾਲ਼ ਰਿਫ਼ਰੈਸ਼ਰ ਕੋਰਸ ਦੀ ਮਹੱਤਤਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਖੇਤਰ ਵਿੱਚ ਅਪਡੇਟ ਰਹਿਣ ਲਈ ਅਤੇ ਗਿਆਨ ਦੇ ਨਵੇਂ ਰੁਝਾਨਾਂ ਨਾਲ਼ ਜੁੜਨ ਲਈ ਅਜਿਹੇ ਰਿਫ਼ਰੈਸ਼ਰ ਕੋਰਸ ਲਗਾਉਣਾ ਬਹੁਤ ਜ਼ਰੂਰੀ ਹੈ।
ਡਾ. ਪ੍ਰਮੋਦ ਕੁਮਾਰ ਅੱਗਰਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਨ੍ਹਾਂ ਕੋਰਸਾਂ ਨਾਲ਼ ਜਿੱਥੇ ਅਧਿਆਪਕਾਂ ਵਿੱਚ ਸਮਰਥਾ ਦਾ ਵਾਧਾ ਹੁੰਦਾ ਹੈ ਉੱਥੇ ਹੀ ਵੱਖ-ਵੱਖ ਇਲਾਕਿਆਂ ਅਤੇ ਖੇਤਰਾਂ ਦੇ ਅਧਿਆਪਕਾਂ ਦੀ ਆਪਸ ਵਿੱਚ ਅਕਾਦਮਿਕ ਸਾਂਝੇਦਾਰੀ ਕਾਇਮ ਹੁੰਦੀ ਹੈ। ਅਜਿਹਾ ਹੋਣ ਨਾਲ਼ ਵੱਖ-ਵੱਖ ਸੰਸਥਾਵਾਂ ਦੇ ਫ਼ੈਕਲਟੀ ਮੈਂਬਰ ਇਕੱਠੇ ਇੱਕ ਮੰਚ ਉੱਤੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਤੋਂ ਸਿੱਖਣ ਦਾ ਮੌਕਾ ਪ੍ਰਾਪਤ ਹੁੰਦਾ ਹੈ।
ਕੋਰਸ ਕੋਆਰਡੀਨੇਟਰ ਪ੍ਰੋ. ਹਿਮੇਂਦਰ ਭਾਰਤੀ ਵੱਲੋਂ ਕੋਰਸ ਦੌਰਾਨ ਅੰਤਰ ਅਨੁਸ਼ਾਸਨੀ ਪਹੁੰਚ ਨਾਲ਼ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਦੱਸਿਆ।
ਅੰਤ ਵਿੱਚ ਪ੍ਰੋ. ਰਮਨ ਮੈਣੀ ਵੱਲੋਂ ਧੰਨਵਾਦੀ ਭਾਸ਼ਣ ਦੌਰਾਨ ਕੇਂਦਰ ਦੇ ਮਿਹਨਤੀ ਅਮਲੇ ਮਨਦੀਪ ਸਿੰਘ, ਦਿਆਲ ਦੱਤ, ਸੁਰਿੰਦਰ ਸਿੰਘ, ਕਾਂਤਾ ਰਾਣੀ, ਮਹਾਵੀਰ ਸਿੰਘ, ਸੁਰਿੰਦਰ ਕੁਮਾਰ ਆਦਿ ਦਾ ਇਸ ਕੋਰਸ ਦੇ ਆਯੋਜਨ ਵਿੱਚ ਯੋਗਦਾਨ ਦੇਣ ਲਈ ਵਿਸ਼ੇਸ਼ ਜ਼ਿਕਰ ਕੀਤਾ ਗਿਆ।