ਬੁੱਢੇ ਦਰਿਆ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ : ਰੋਕੇ ਜਾਣਗੇ ਗੰਦੇ ਤੇ ਜ਼ਹਿਰੀਲੇ ਪਾਣੀ
* ਬੁੱਢੇ ਦਰਿਆ ਨੂੰ ਸਾਫ਼ ਕਰਨ ਦਾ ਵਿੱਢਿਆ ਮੋਰਚਾ
* ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਬੁੱਢੇ ਦਰਿਆ ਦੀ ਸੇਵਾ ਹਿੱਸਾ ਲੈਣ ਦਾ ਸੱਦਾ
* ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਦਰਿਆ ਵਿੱਚ ਗੰਦੇ ਪਾਣੀ ਪੈਣ ਤੋਂ ਰੋਕਣ ਦੀਆਂ ਸਖ਼ਤ ਹਿਦਾਇਤਾਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 22 ਦਸੰਬਰ 2024 - ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਬੁੱਢੇ ਦਰਿਆ ਦੀ ਕਾਰਸੇਵਾ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ। ਸੰਤ ਸੀਚੇਵਾਲ ਨੇ ਸਖ਼ਤ ਤਾੜਨਾ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਫੋਨ ਤੇ ਗੱਲਬਾਤ ਕੀਤੀ ਕਿ ਦਰਿਆ ਵਿੱਚ ਪੈ ਰਹੇ ਗੈਰਕਾਨੂੰਨੀ ਜ਼ਹਿਰੀਲੇ ਪਾਣੀ ਨੂੰ ਸਖਤੀ ਨਾਲ ਰੋਕਿਆ ਜਾਵੇ। ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਾਰਸੇਵਾ ਦੇ ਦੂਜੇ ਪੜਾਅ ਵਿੱਚ ਬੁੱਢੇ ਦਰਿਆ ਵਿੱਚ ਗੰਦੇ ਤੇ ਜ਼ਹਿਰੀਲੇ ਪਾਣੀਆਂ ਨੂੰ ਰੋਕਣ ਦਾ ਮੋਰਚਾ ਵਿੱਢ ਦਿੱਤਾ ਗਿਆ ਹੈ। ਯਾਦ ਰਹੇ ਕਿ 2 ਫਰਵਰੀ ਨੂੰ ਸ਼ੁਰੂ ਬੁੱਢੇ ਦਰਿਆ ਦੇ ਕਾਰਸੇਵਾ ਦੇ ਪਹਿਲੇ ਪੜਾਅ ਦੌਰਾਨ ਇਸਦੇ ਕਿਨਾਰਿਆਂ ਤੇ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ ਸੀ ਅਤੇ ਦਰਿਆ ਤੱਕ ਪਹੁੰਚ ਕਰਨ ਲਈ ਰਸਤਿਆਂ ਨੂੰ ਬਣਾਇਆ ਗਿਆ ਸੀ।
ਅੱਜ ਲੁਧਿਆਣੇ ਦੇ ਗਊਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆ ਹੋਇਆ ਬੁੱਢੇ ਦਰਿਆ ਦੀ ਕਾਰਸੇਵਾ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ ਕਰਵਾਈ ਗਈ। ਜਿਸਦੇ ਭੋਗ 24 ਦਸੰਬਰ ਨੂੰ ਪੈਣਗੇ। ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਦਾ ਜ਼ਾਇਜ਼ਾ ਲਿਆ ਤੇ ਇਸੇ ਤਰ੍ਹਾਂ ਡੇਅਰੀਆਂ ਅਤੇ ਫੈਕਟਰੀਆਂ ਦੇ ਸਿੱਧੇ ਤੇ ਅਸਿੱਧੇ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀਆਂ ਦਾ ਮੌਕੇ ਤੇ ਜਾ ਕੇ ਮੁਆਇਨਾ ਕੀਤਾ। ਉਹਨਾਂ ਕਿਹਾ ਕਿ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਕਹਿਣ ਨਾਲ ਹੀ ਅਸੀ ਦਰਿਆ ਦੀ ਹੋਂਦ ਤੋਂ ਮੁਨਕਰ ਹੋ ਰਹੇ ਹਨ। ਉਹਨਾਂ ਸਮੂਹ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਦਰਿਆ ਦੇ ਪੁਰਾਤਨ ਸਰੂਪ ਨੂੰ ਬਹਾਲ ਕਰਵਾਉਣ ਲਈ ਇੱਕਜੁਟਤਾ ਨਾਲ ਅੱਗੇ ਆਉਣ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬੱੁਢੇ ਦਰਿਆ ਦੀ ਪੁਰਾਤਨ ਵਿਰਾਸਤ ਨੂੰ ਬਹਾਲ ਕਰਨਾ ਹਰ ਇੱਕ ਪੰਜਾਬੀ ਦਾ ਨੈਤਿਕ ਫਰਜ਼ ਤੇ ਧਰਮ ਬਣਦਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਵਿੱਚ ਅਥਾਹ ਸ਼ਕਤੀ ਹੈ ਤੇ ਉਹ ਇਸ ਕਾਰਜ਼ ਲਈ ਅੱਗੇ ਆਉਣ। ਉਹਨਾਂ ਦੱਸਿਆ ਕਿ 25 ਸਾਲਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਵੀ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ। ਹੁਣ ਇਸ ਦਾ ਪਾਣੀ ਇੰਨਾ ਸਾਫ ਹੋ ਗਿਆ ਹੈ ਕਿ ਤੇ ਹੁਣ ਪਾਣੀ ਪੀਣਯੋਗ ਹੈ। ਪਿਛਲੇ ਦਿਨਾਂ ’ਚ ਕਾਲੀ ਵੇਈ ਦਾ ਟੀਡੀਐਸ 118 ਦੇ ਕਰੀਬ ਆਉਂਦਾ ਰਿਹਾ ਹੈ।
ਸੰਤ ਸੀਚੇਵਾਲ ਨੇ ਦੱਸਿਆ ਕਿ 2008 ਵਿੱਚ ਅਤੇ ਸਾਲ 2011 ਵਿੱਚ ਦੋ ਵਾਰ ਕਾਲਾ ਸੰਘਿਆਂ ਡਰੇਨ ਦੇ ਜ਼ਹਰੀਲੇ ਤੇ ਗੰਦੇ ਪਾਣੀ ਨੂੰ ਲੋਕਾਂ ਦੇ ਸਹਿਯੋਗ ਨਾਲ ਬੰਨ ਲਾਇਆ ਗਿਆ ਸੀ। ਕਿਉਂਕਿ ਇਹੀ ਜ਼ਹਿਰੀਲਾ ਪਾਣੀ ਕੈਂਸਰ ਦਾ ਮੁੱਖ ਸਰੋਤ ਬਣ ਰਿਹਾ ਹੈ। ਇਹ ਪਾਣੀ ਚਿੱਟੀ ਵੇਂਈ ਰਾਹੀਂ ਸਤਲੁਜ ਵਿੱਚ ਪੈਂਦਾ ਹੈ ਤੇ ਅੱਗੋਂ ਹਰੀਕੇ ਪੱਤਣ ਤੋਂ ਹੋ ਕੇ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ। ਜਿੱਥੇ ਲੋਕ ਇਸ ਜ਼ਹਿਰੀਲੇ ਪਾਣੀ ਨੂੰ ਬਿਨਾਂ ਟਰੀਟ ਕੀਤਿਆਂ ਪੀਣ ਲਈ ਮਜ਼ਬੂਰ ਹਨ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਚਿੱਟੀ ਵੇਂਈ ਵਿੱਚ ਵੀ ਚਿੱਟੀ ਵੇਂਈ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਵੀ ਸਿੰਬਲੀ ਪਿੰਡ ਤੋਂ ਨਹਿਰ ਦਾ ਪਾਣੀ ਵੇਂਈ ਵਿੱਚ ਛੱਡਣ ਲਈ 1 ਕਰੋੜ 19 ਲੱਖ ਦਾ ਰੈਗੂਲੇਟਰ ਬਣਾਇਆ ਗਿਆ ਹੈ ਤੇ ਭਵਿੱਖ ਵਿੱਚ ਇਹ ਰੈਗੂਲੇਟਰ ਚਾਲੂ ਹੋਣ ਨਾਲ 200 ਕਿਊਸਿਕ ਪਾਣੀ ਚਿੱਟੀ ਵੇਈ ਵਿੱਚ ਵਗਣ ਲੱਗ ਪਵੇਗਾ। ਜਿਸ ਨਾਲ ਪ੍ਰਦੂਸ਼ਣ ਦੀ ਮਾਤਰਾ ਘੱਟ ਜਾਵੇਗੀ ਸੰਸਦ ਨੇ ਦੱਸਿਆ ਕਿ ਬੁੱਢੇ ਦਰਿਆ ਵਿੱਚ ਵੀ 200 ਕਿਊਸਿਕ ਪਾਣੀ ਛੱਡਣ ਦਾ ਪ੍ਰਬੰਧ ਕੀਤਾ ਹੋਇਆ ਹੈ। ਪਰ ਇਸ ਵਿੱਚ ਫੈਕਟਰੀਆਂ ਤੇ ਡਾਇਰੀਆਂ ਦਾ ਪੈ ਰਿਹਾ ਗੰਦਾ ਪਾਣੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਪਾਣੀਆਂ ਬਾਰੇ ਹੀ ਲੜਾਈ ਲੜਦੇ ਆ ਰਹੇ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਪਾਣੀਆਂ ਬਾਰੇ ਛੇੜਿਆ ਸੰਘਰਸ਼ ਉਹ ਸੰਗਤੀ ਰੂਪ ਵਿੱਚ ਕਰਦੇ ਆ ਰਹੇ ਹਨ ਨਾ ਕਿ ਭੀੜ ਦੇ ਰੂਪ ਵਿੱਚ। ਸੰਤ ਸੀਚੇਵਾਲ ਨੇ ਇਸ ਗੱਲ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਕਿ ਬੀਤੀ ਦਿਨੀ ਬੁੱਢੇ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਵਿਰੁੱਧ ਲੋਕ ਆਪਣੇ ਹੱਕਾਂ ਲਈ ਸੜਕਾਂ ਤੇ ਉਤਰ ਆਏ ਸਨ। ਉਹਨਾਂ ਦੱਸਿਆ ਕਿ ਉਹ ਹਮੇਸ਼ਾ ਹੀ ਹਰ ਮੰਚ ਤੋਂ ਇਹ ਹੋਕਾ ਦਿੰਦੇ ਆ ਰਹੇ ਹਨ ਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆ ਉਦੋਂ ਤੱਕ ਸਾਫ ਸੁਥਰੇ ਨਹੀਂ ਹੋ ਸਕਦੇ ਜਦੋਂ ਤੱਕ ਲੋਕਾਂ ਵਿੱਚ ਜਾਗਰੂਕਤਾ ਨਹੀਂ ਆਵੇਗੀ।
ਸਾਲ 2009 ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਸਾਲ ਵਾਤਾਵਰਣ ਚੇਤਨਾ ਲਹਿਰ ਸ਼ੁਰੂ ਕੀਤੀ ਸੀ। ਜਿਹੜੀ ਕਾਲਾ ਸੰਘਿਆਂ ਡਰੇਨ ਚਿੱਟੀ ਵੇਂਈ ਤੇ ਬੁੱਢੇ ਨਾਲੇ ਦੇ ਕਿਨਾਰਿਆਂ ਤੋਂ ਹੁੰਦੀ ਹੋਈ ਹਰੀਕੇ ਪੱਤਣ ਤੇ ਫਿਰ ਬੀਕਾਨੇਰ ਤੱਕ ਗਈ ਸੀ। ਜਿਸ ਦਾ ਮਕਸਦ ਇਹ ਸੀ ਕਿ ਰਾਜਸਥਾਨ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕਿਹੋ ਜਿਹਾ ਜ਼ਹਿਰੀਲਾ ਤੇ ਗੰਦਾ ਪਾਣੀ ਪੀ ਰਹੇ ਹਨ।