ਪੀਲੀਭੀਤ: ਪੁਲਿਸ ਮੁਕਾਬਲੇ 'ਚ ਮਾਰੇ ਗਏ ਜਸ਼ਨਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਰੋਹਿਤ ਗੁਪਤਾ
ਗੁਰਦਾਸਪੁਰ 23 ਦਸੰਬਰ 2024- ਬੀਤੀ 18 ਦਸੰਬਰ ਦੀ ਰਾਤ ਨੂੰ ਸਰਹੱਦੀ ਕਸਬੇ ਕਲਾਨੌਰ ਦੀ ਬਖਸ਼ੀਵਾਲ ਦੀ ਪੁਲਿਸ ਚੌਕੀ 'ਤੇ ਗ੍ਰਨੇਡ ਹਮਲੇ ਦੀ ਜਿੰਮੇਵਾਰੀ ਲੈਣ ਵਾਲੇ ਦੋਸ਼ੀਆਂ ਦਾ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਪੁਲਿਸ ਮੁਕਾਬਲਾ ਹੋਇਆ ਤੇ ਤਿੰਨੋਂ ਮਾਰੇ ਗਏ ਹਨ। ਇਸ ਗਰਨੇਡ ਹਮਲੇ ਦੀ ਜਿੰਮੇਵਾਰੀ ਮੁੱਖ ਤੌਰ ਤੇ ਜਸਵਿੰਦਰ ਸਿੰਘ ਉਫ ਅਗਵਾਨ ਵੱਲੋਂ ਲਈ ਗਈ ਸੀ । ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਜਸਨ ਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਉਮਰ ਕਰੀਬ 18 ਸਾਲ ਪਿੰਡ ਨਿੱਕਾ ਸ਼ਹੂਰ, ਥਾਣਾ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਜਸ਼ਨਪ੍ਰੀਤ ਹੋਰੀ ਤਿੰਨ ਭਰਾ ਤੇ ਦੋ ਭੈਣਾਂ ਹਨ।
ਜ਼ਮੀਨ ਬਹੁਤ ਘੱਟ ਹੋਣ ਕਾਰਨ ਸਾਰੇ ਭੈਣ ਭਰਾ ਮਜ਼ਦੂਰੀ ਵਗੈਰਾ ਕਰਦੇ ਹਨ। ਕਰੀਬ ਤਿੰਨ ਮਹੀਨੇ ਪਹਿਲਾਂ ਜਸਨ ਦਾ ਵਿਆਹ ਹੋਇਆ ਸੀ ਅਤੇ ਉਹ ਟਰੱਕ ਚਲਾਉਂਦਾ ਸੀ ਅਤੇ 8 ਦਿਨਾਂ ਤੋਂ ਘਰ ਵਾਪਸ ਨਹੀਂ ਆਇਆ ਸੀ । ਦੱਸਿਆ ਗਿਆ ਹੈ ਕਿ ਉਹ ਰਵੀ ਨਾਲ ਗੱਡੀ ਚਲਾਉਂਦਾ ਸੀ। ਰਵੀ ਵੀ ਇਸੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉੱਥੇ ਹੀ ਜਸ਼ਨਪ੍ਰੀਤ ਦੇ ਘਰ ਵਾਲਿਆਂ ਮਾਤਾ ਤੇ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਜਸ਼ਨਪ੍ਰੀਤ ਨੂੰ ਪੁਲਿਸ ਨੇ ਮਾਰ ਦਿੱਤਾ ਹੈ ਪਰ ਇਹ ਹੋ ਨਹੀਂ ਸਕਦਾ ਕਿ ਜਸ਼ਨਪ੍ਰੀਤ ਕਿਸੇ ਦੇਸ਼ ਵਿਰੋਧੀ ਗਤੀਵਿਧੀ ਵਿੱਚ ਸ਼ਾਮਿਲ ਹੋਵੇ ਕਿਉਂਕਿ ਉਹ ਗੱਡੀ ਚਲਾਉਣ ਦਾ ਕੰਮ ਕਰਦਾ ਹੈ।