Babushahi Special ਡੀਸੀ ਨਾਲ ਹੋਗੀ ਕਲੋਲ ਸਿਰਫ ਆਪਣੀ ਹੀ ਵੋਟ ਹੋਈ ਪੋਲ
ਅਸ਼ੋਕ ਵਰਮਾ
ਬਠਿੰਡਾ, 22 ਦਸੰਬਰ 2024: ਸ਼ਨੀਵਾਰ ਨੂੰ ਸਥਾਨਕ ਸਰਕਾਰਾਂ ਦੀ ਚੋਣ ਲਈ ਪਈਆਂ ਵੋਟਾਂ ਦੇ ਨਤੀਜਿਆਂ ਦੀ ਪੁਣਛਾਣ ਦੇ ਤੱਥ ਹਨ ਕਿ ਕੌਂਸਲਰ ਬਣਨ ਦੇ ਚਾਹਵਾਨ ਵੋਟਰਾਂ ਦੇ ਦਿਲਾਂ ਦੀ ਨਹੀਂ ਬੁੱਝਣ ’ਚ ਅਸਫਲ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੋਟਰਾਂ ਨੇ ਵੋਟਾਂ ਦਾ ਗੱਫਾ ਨਹੀਂ ਬਖਸ਼ਿਆ ਹੈ। ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਦੀ ਜਿਮਨੀ ਚੋਣ ਦੌਰਾਨ ਅਜਾਦ ਉਮੀਦਵਾਰ ਅਮਨਦੀਪ ਸਿੰਘ ਨੂੰ ਸਿਰਫ ਇੱਕ ਵੋਟ ਹੀ ਪਈ ਹੈ। ਅਮਨਦੀਪ ਸਿੰਘ ਆਪਣੇ ਛੋਟੇ ਨਾਂ ਅਮਨ ਡੀਸੀ ਨਾਲ ਮਸ਼ਹੂਰ ਹੈ। ਕੱਲ੍ਹ ਜਦੋਂ ਬਠਿੰਡਾ ਦੇ ਡੀ ਸੀ ਸ਼ੌਕਤ ਅਹਿਮ ਪਰੇ ਚੋਣ ਅਮਲ ਦਾ ਜਾਇਜਾ ਲੈਣ ਪੁੱਜੇ ਸਨ ਤਾਂ ਉਨ੍ਹਾਂ ਅਮਨ ਡੀਸੀ ਦਾ ਵਿਸ਼ੇਸ਼ ਜਿਕਰ ਕੀਤਾ ਸੀ। ਇਸ ਨੂੰ ਅਮਨ ਡੀਸੀ ਨਾਲ ਕਲੋਲ ਹੀ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਸਿਰਫ਼ ਇੱਕ ਵੋਟ ਹੀ ਨਸੀਬ ਹੋਈ ਹੈ । ਉਹ ਕੌਂਸਲਰ ਦਾ ਉਮੀਦਵਾਰ ਸੀ ਜਿਸ ਨਾਲ ਵੋਟਰਾਂ ਵੱਲੋਂ ਕੀਤੇ ਵਾਅਦੇ ਕੱਚੇ ਨਿਕਲੇ ਹਨ।
ਸਰਕਾਰੀ ਤੌਰ ਤੇ ਜਾਰੀ ਚੋਣ ਨਤੀਜਿਆਂ ਦਾ ਅਧਿਐਨ ਕਰਨ ਤੋਂ ਇਹ ਸਾਹਮਣੇ ਆਇਆ ਹੈ ਕਿ ਏਦਾਂ ਦਾ ਇਕੱਲੇ ਅਮਨਦੀਪ ਸਿੰਘ ਨਾਲ ਨਹੀਂ ਹੋਇਆ ਬਲਕਿ ਬਠਿੰਡਾ ਜਿਲ੍ਹੇ ਦੇ ਕਈ ਕਸਬਿਆਂ ਦੇ ਕਰੀਬ ਡੇਢ ਦਰਜਨ ਹੋਰ ਉਮੀਦਵਾਰ ਹਨ ਜਿਨ੍ਹਾਂ ਦੇ ਵੋਟਾਂ ਵਾਲੇ ਖੀਸੇ ਖਾਲੀ ਹੀ ਖੜਕਦੇ ਰਹੇ ਹਨ। ਇਸੇ ਤਰਾਂ ਹੀ ਰਾਮਪੁਰਾ ਫੂਲ ਦੇ ਵਾਰਡ ਨੰਬਰ 15 ਤੋਂ ਕੌਸਲਰ ਬਣਨ ਲਈ ਚੋਣ ਮੈਦਾਨ ’ਚ ਨਿੱਤਰੀ ਮਹਿਲਾ ਉਮੀਦਵਾਰ ਹਰਪ੍ਰੀਤ ਕੌਰ ਨੂੰ ਵੀ ਸਿਰਫ 2 ਵੋਟਾਂ ਹੀ ਪਈਆਂ ਹਨ। ਰਾਮਪੁਰਾ ਦੇ ਵਾਰਡ ਨੰਬਰ 16 ਦਾ ਨਿਸ਼ਾਂਤ ਕੌਂਸਲਰ ਬਣਨ ਦੀ ਇੱਛਾ ਰੱਖਦਾ ਸੀ ਜੋ 5 ਵੋਟਾਂ ਤੋਂ ਅੱਗੇ ਨਾਂ ਵਧ ਸਕਿਆ ਜਦੋਂਕਿ ਇਸ ਵਾਰਡ ਵਿੱਚ ਕਮਲੇਸ਼ ਕੁਮਾਰ ਦੇ ਹੱਕ ’ਚ 13 ਵੋਟਾਂ ਭੁਗਤੀਆਂ ਹਨ। ਰਾਮਪੁਰਾ ਫੂਲ ਦੇ ਵਾਰਡ ਨੰਬਰ ਇੱਕ ਉਮੀਦਵਾਰ ਤੇਜ ਕੌਰ ਦਾ ਅੰਕੜਾ ਸਿਰਫ 5 ਵੋਟਾਂ ਤੇ ਸੀਮਤ ਰਿਹਾ ਹੈ ਅਤੇ ਵਾਰਡ ਨੰਬਰ2 ਵਿੱਚ ਸੰਦੀਪ ਕੁਮਾਰ ਵੀ ਮਸਾਂ 5 ਵੋਟਾਂ ਹੀ ਲਿਜਾ ਸਕਿਆ ਹੈ।
ਦੱਸਿਆ ਜਾਂਦਾ ਹੈ ਕਿ ਇੰਨ੍ਹਾਂ ਉਮੀਦਵਾਰਾਂ ਨੇ ਭੱਜ ਦੌੜ ਕਰਕੇ ਚੋਣ ਪ੍ਰਚਾਰ ਵੀ ਕੀਤਾ ਅਤੇ ਵੋਟਰਾਂ ਅੱਗੇ ਦਿਨ ਰਾਤ ਹੱਥ ਵੀ ਜੋੜੇ ਪਰ ਸ਼ਹਿਰ ਵਾਸੀਆਂ ਦੇ ਮਨ ਮਿਹਰ ਨਹੀਂ ਪਈ ਹੈ। ਗੋਨਿਆਣਾ ਨਗਰ ਕੌਂਸਲ ਦੇ ਇੱਕ ਵਾਰਡ ਦੀ ਜਿਮਨੀ ਚੋਣ ਦੌਰਾਨ ਵੀ ਅਜਿਹਾ ਹੀ ਵਰਤਾਰਾ ਵਰਤਿਆ ਹੈ ਜਿੱਥੇ ਦੇਸ ਰਾਜ ਨਾਂ ਦੇ ਇੱਕ ਉਮੀਦਵਾਰ ਦਾ ਅੰਕੜਾ ਸਿਰਫ 7 ਹੀ ਰਿਹਾ ਜਦੋਂਕਿ ਉਹ ਪ੍ਰਚਾਰ ਦੌਰਾਨ ਜਿੱਤਕੇ ਦੇਸ ਜਿੱਤਣ ਦਾ ਦਾਅਵੇਦਾਰ ਸੀ ਪਰ ਵੋਟਰਾਂ ਦਾ ਸਾਥ ਨਾਂ ਮਿਲ ਸਕਿਆ। ਨਗਰ ਕੌਂਸਲ ਤਲਵੰਡੀ ਸਾਬੋ ’ਚ ਤਿੰਨ ਉਮੀਦਵਾਰ ਅਜਿਹੇ ਸਾਹਮਣੇ ਆਏ ਜਿੰਨ੍ਹਾਂ ਦੀਆਂ 7- 7 ਵੋਟਾਂ ਹੀ ਨਿਕਲ ਸਕੀਆਂ ਹਨ ਜਦੋਂਕਿ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦਾ ਕੌਂਸਲਰ ਬਣਨਾ ਤੈਅ ਹੈ । ਇੰਨ੍ਹਾਂ ’ਚ ਵਾਰਡ ਨੰਬਰ 7 ਦੀ ਚਰਨਜੀਤ ਕੌਰ ,ਵਾਰਡ ਨੰਬਰ 11 ਦੇ ਰਕੇਸ਼ ਸਿੰਘ ਅਤੇ ਵਾਰਡ ਨੰਬਰ 12 ਦੇ ਧਰਮਪਾਲ ਸਿੰਘ ਸ਼ਾਮਲ ਹਨ।
ਦਿਲਚਸਪ ਪਹਿਲੂ ਹੈ ਕਿ ਇਹ ਤਿੰਨ ਉਮੀਦਵਾਰ 7-7 ਵੋਟਾਂ ਤਾਂ ਲੈ ਗਏ ਜਦੋਂਕਿ ਇਸ ਸ਼ਹਿਰ ਦੇੇੇ ਵਾਰਡ ਨੰਬਰ 13ਦੀ ਉਮੀਦਵਾਰ ਗਗਨਦੀਪ ਕੌਰ ਦੀ ਕਿਸਮਤ ਪੁੜੀ ਚੋਂ ਛੇ ਵੋਟਾਂ ਹੀ ਨਿਕਲੀਆਂ ਹਨ। ਜਾਣਕਾਰੀ ਅਨੁਸਾਰ ਹਰ ਹਰ ਉਮੀਦਵਾਰ ਵੱਲੋਂ ਆਪਣੇ ਪੋਲਿੰਗ ਏਜੰਟ ਬਣਾਏ ਗਏ ਸਨ ਅਤੇ ਉਨ੍ਹਾਂ ਨੇ ਵੋਟਰਾਂ ਅਤੇ ਵਿਰੋਧੀ ਉਮੀਦਵਾਰਾਂ ਦੀਆਂ ਸਰਗਰਮੀਆਂ ਤੇ ਤਿੱਖੀਆਂ ਨਜ਼ਰਾਂ ਰੱਖੀਆਂ ਹੋਈਆਂ ਸਨ ਫਿਰ ਵੀ ਸਫਲਤਾ ਕੋਹਾਂ ਦੂਰ ਹੀ ਰਹੀ ਹੈ। ਤਲਵੰਡੀ ਸਾਬੋ ਦੇ ਵਾਰਡ ਨੰਬਰ 3 ’ਚ ਉਮੀਦਵਾਰ ਸੁਖਵਿੰਦਰ ਕੌਰ ਨੂੰ 8 ਅਤੇ ਵਾਰਡ ਨੰਬਰ 4 ਦੇ ਗੁਰਦੇਵ ਚੰਦ ਨੂੰ 14 ਵੋਟਾਂ ਪੈ ਸਕੀਆਂ ਹਨ। ਰਾਮਪੁਰਾ ਫੂਲ ਦੇ ਵਾਰਡ ਨੰਬਰ 13 ਦੀ ਉਮੀਦਵਾਰ ਨੀਨਾ ਰਾਣੀ ਦੀਆਂ ਵੋਟਾਂ ਦੀ ਗਿਣਤੀ ਵੀ 13 ਹੀ ਰਹੀ ਹੈ। ਜਦੋਂਕਿ ਵਾਰਡ ਨੰਬਰ 4 ਦਾ ਮਨਪ੍ਰੀਤ ਸਿੰਘ ਵੀ 13 ਵੋਟਾਂ , ਵਾਰਡ ਨੰਬਰ 8 ਦਾ ਹਜ਼ਾਰੀ ਲਾਲ 15 ਅਤੇ ਵਾਰਡ ਨੰਬਰ 12 ਦਾ ਸ਼ਿਵ ਕੁਮਾਰ 22 ਵੋਟਾਂ ਲਿਜਾ ਸਕਿਆ ਹੈ।
ਪਤਾ ਲੱਗਿਆ ਹੈ ਕਿ ਕਈ ਉਮੀਦਵਾਰਾਂ ਦੇ ਪ੍ਰੀਵਾਰਕ ਮੈਂਬਰਾਂ ਜਾਂ ਨਜ਼ਦੀਕੀਆਂ ਦੀ ਗਿਣਤੀ ਉਨ੍ਹਾਂ ਨੂੰ ਪਈਆਂ ਵੋਟਾਂ ਤੋਂ ਵੱਧ ਹੈ। ਸੂਤਰ ਦੱਸਦੇ ਹਨ ਕਿ ਕਈ ਉਮੀਦਵਾਰਾਂ ਤੋਂ ਵੋਟਰਾਂ ਦਾ ਮੂਡ ਨਹੀਂ ਬੁੱਝਿਆ ਜਾ ਸਕਿਆ ਜਦੋਂਕਿ ਕਈ ਰਾਜਨੀਤੀ ਦੇ ਪੈਰ ਹੇਠਾਂ ਮਿੱਧੇ ਗਏ ਹਨ। ਸੂਤਰ ਆਖਦੇ ਹਨ ਕਿ ਕਈ ਉਮੀਦਵਾਰਾਂ ਨੇ ਤਾਂ ਪੜਚੋਲ ਵੀ ਸ਼ੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਦੀਆਂ ਵੋਟਾਂ ਏਨੀਆਂ ਘੱਟ ਕਿਵੇਂ ਰਹਿ ਗਈਆਂ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਅਸਲ ’ਚ ਕਈ ਵਾਰ ਇੱਕ ਹੀ ਵਾਰਡ ਵਿਚਲੇ ਉਮੀਦਵਾਰਾਂ ਵਿਚਕਾਰ ਸਹਿਮਤੀ ਬਣ ਜਾਂਦੀ ਹੈ ਤਾਂ ਵੀ ਅੰਕੜਾ ਘਟ ਜਾਂਦਾ ਹੈ। ਪੰਜਾਬ ਲਾਅ ਫੋਰਮ ਬਠਿੰਡਾ ਦੇ ਜਰਨਲ ਸਕੱਤਰ ਐਡਵੋਕੇਟ ਐਮ.ਐਮ. ਬਹਿਲ ਦਾ ਕਹਿਣਾ ਸੀ ਕਿ ਭਾਰਤੀ ਸੰਵਿਧਾਨ ਮੁਤਾਬਕ ਚੋਣ ਲੜਨ ਦਾ ਭਾਵੇਂ ਹਰ ਭਾਰਤੀ ਨਾਗਰਿਕ ਨੂੰ ਹੱਕ ਹੈ ਪਰ ਗੈਰਸੰਜੀਦਾ ਲੋਕਾਂ ਕਾਰਨ ਏਦਾਂ ਦੇ ਨਤੀਜੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਸੰਜੀਦਾ ਵਿਅਕਤੀ ਹੀ ਚੋਣ ਲੜਨ।