ਸਰਦੂਲਗੜ੍ਹ ਨਗਰ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਫ਼ਤਹਿ ਕੀਤਾ ਮੈਦਾਨ
ਅਸ਼ੋਕ ਵਰਮਾ
ਸਰਦੂਲਗੜ੍ਹ ,22ਦਸੰਬਰ 2024: ਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਵਿੱਚ ਨਗਰ ਪੰਚਾਇਤ ਦੀ ਚੋਣ ਲਈ ਪਈਆਂ ਵੋਟਾਂ ਦੌਰਾਨ ਆਮ ਆਦਮੀ ਪਾਰਟੀ ਨੇ ਭਰਵੀਂ ਜਿੱਤ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ 15 ਵਾਰਡਾਂ ਚੋਂ 10 ਚ ਜੇਤੂ ਰਹੀ ਹੈ ਅਤੇ ਕਾਂਗਰਸ ਦੇ ਹਿੱਸੇ ਇੱਕ ਸੀਟ ਆਈ ਹੈ। ਦੋ ਵਾਰ ਨਗਰ ਪੰਚਾਇਤ ਦੀ ਪ੍ਰਧਾਨਗੀ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਦੌਰਾਨ ਆਪਣਾ ਖਾਤਾ ਵੀ ਨਹੀਂ ਖੋਲ ਸਕਿਆ ਹੈ। ਇਹ ਇਲਾਕਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦਾ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇਨੀ ਮਾੜੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਇਕੱਲੇ ਭੂੰਦੜ ਹੀ ਨਹੀਂ ਕੋਈ ਸਮਾਂ ਸੀ ਜਦੋਂ ਇਸ ਇਲਾਕੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫਰ ਦੀ ਤੂਤੀ ਬੋਲਦੀ ਰਹੀ ਹੈ ਪਰ ਹੁਣ ਕਾਂਗਰਸ ਦੀ ਕਾਰਗੁਜ਼ਾਰੀ ਵੀ ਬੇਹੱਦ ਮਾੜੀ ਸਾਹਮਣੇ ਆਈ ਹੈ।
ਆਮ ਆਦਮੀ ਪਾਰਟੀ ਦੇ ਵਾਰਡ ਨੰਬਰ ਇੱਕ ਤੋਂ ਮਲਕੀਤ ਕੌਰ ਪਤਨੀ ਕੌਰ ਸਿੰਘ , ਵਾਰਡ ਨੰਬਰ ਦੋ ਤੋਂ ਆਮ ਪਾਰਟੀ ਦੇ ਕ੍ਰਿਸ਼ਨ ਰਾਮ ਪੁੱਤਰ ਦੀਵਾਨ ਚੰਦ, ਵਾਰਡ ਨੰਬਰ ਤਿੰਨ ਤੋ ਸੀਮਾ ਰਾਣੀ ਪਤਨੀ ਗੁਰਦਿਆਲ ਸਿੰਘ, ਵਾਰਡ ਨੰਬਰ ਚਾਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਭਿੰਡਰ ਪੁੱਤਰ ਗੁਰਦੀਪ ਸਿੰਘ,ਵਾਰਡ ਨੰਬਰ ਪੰਜ ਤੋਂ ਆਜ਼ਾਦ ਉਮੀਦਵਾਰ ਵੀਨਾ ਰਾਣੀ ਪਤਨੀ ਵਰਿੰਦਰ ਸਿੰਘ, ਵਾਰਡ ਨੰਬਰ ਛੇ ਤੋਂ ਆਮ ਆਦਮੀ ਪਾਰਟੀ ਦੇ ਰੇਸ਼ਮ ਲਾਲ ਪੁੱਤਰ ਲਾਹੌਰੀ ਸਿੰਘ, ਵਾਰਡ ਨੰਬਰ ਸੱਤ ਤੋਂ ਆਜ਼ਾਦ ਉਮੀਦਵਾਰ ਚਰਨਜੀਤ ਕੌਰ ਪਤਨੀ ਅਵਤਾਰ ਸਿੰਘ ਤਾਰੀ, ਵਾਰਡ ਨੰਬਰ ਅੱਠ ਤੋਂ ਅੱਠ ਤੋਂ ਆਜ਼ਾਦ ਉਮੀਦਵਾਰ ਜਗਸੀਰ ਸਿੰਘ ਜੱਗਾ ਜਾਫੀ, ਵਾਰਡ ਨੰਬਰ ਨੌ ਤੋਂ ਆਮ ਆਦਮੀ ਪਾਰਟੀ ਦੇ ਵੀਨਾ ਰਾਣੀ ਪਤਨੀ ਪ੍ਰੇਮ ਕੁਮਾਰ ਗਰਗ,ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਸੁਖਵਿੰਦਰ ਸਿੰਘ ਨਾਹਰਾ, ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਬੀਰ ਕੌਰ ਪਤਨੀ ਤਾਰਾ ਸਿੰਘ ਜੇਤੂ ਰਹੇ ਹਨ।
ਇਸੇ ਤਰ੍ਹਾਂ ਹੀ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਵਾਰਡ ਦੇ ਉਮੀਦਵਾਰ ਨਵਿੰਦਰ ਸਿੰਘ ਰਾਮਗੜੀਆ, ਵਾਰਡ ਨੰਬਰ 13 ਤੋਂ ਆਜ਼ਾਦ ਕਿਰਨ ਰਾਣੀ ਪਤਨੀ ਪਵਨ ਕੁਮਾਰ ਚੌਧਰੀ, ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਬੱਬਰ, ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਸੁਖਵਿੰਦਰ ਸਿੰਘ ਜੈਂਕ ਐਮਸੀ ਚੁਣੇ ਗਏ ਹਨ। ਚੁਣੇ ਗਏ ਸਮੁੱਚੇ ਉਮੀਦਵਾਰਾਂ ਨੂੰ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵਧਾਈ ਦਿੱਤੀ ਉੱਥੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਤਿੰਨ ਸਾਲਾਂ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਸਰਦੂਲਗੜ੍ਹ ਵਾਸੀਆਂ ਨੇ ਇਹ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਸਰਦੂਲਗੜ੍ਹ ਦਾ ਵਿਕਾਸ ਵੀ ਵੱਡੇ ਪੱਧਰ ਤੇ ਕੀਤਾ ਜਾਵੇਗਾ।